ਚੰਡੀਗੜ੍ਹ, 19 ਸਤੰਬਰ 2026 (ਸ਼ਹੀਦ-ਏ-ਆਜ਼ਮ ਬਿਊਰੋ) : ਅੰਮ੍ਰਿਤਸਰ ਦੇ ਕਾਰੋਬਾਰੀ ਅਤੇ ਸੋਸ਼ਲ ਮੀਡੀਆ ਸ਼ਖ਼ਸੀਅਤ ਰਾਕੇਸ਼ ਤ੍ਰੇਹਾਨ, ਜੋ ‘ਰਾਜਾ ਡੀ ਕਿੰਗ’ ਦੇ ਨਾਮ ਨਾਲ ਮਸ਼ਹੂਰ ਹਨ, ਨੇ ਚੰਡੀਗੜ੍ਹ ਵਿੱਚ ‘ਆਈਫੋਨ ਲੰਗਰ’ ਲਗਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਮੁਤਾਬਕ ਇਹ ਪ੍ਰੋਗਰਾਮ 22 ਸਤੰਬਰ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਕਰਵਾਇਆ ਜਾਵੇਗਾ। ਤ੍ਰੇਹਾਨ ਨੇ ਕਿਹਾ ਕਿ ਇਸ ਸਮਾਗਮ ਵਿੱਚ ਸਿਰਫ਼ ਆਈਫੋਨ 17 ਮਾਡਲ ਵੰਡੇ ਜਾਣਗੇ ਅਤੇ ਇਨ੍ਹਾਂ ਨੂੰ ‘ਪ੍ਰਸਾਦ’ ਵਜੋਂ ਦੇਣ ਦੀ ਗੱਲ ਕਹੀ ਹੈ। ਉਨ੍ਹਾਂ ਮੁਤਾਬਕ ਪਹਿਲਾਂ ਆਈਫੋਨ 16 ਸਮੇਤ ਹੋਰ ਮਾਡਲ ਦੇਣ ਦੀ ਯੋਜਨਾ ਸੀ, ਪਰ ਹੁਣ ਵੰਡ ਆਈਫੋਨ 17 ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਅਤੇ ਮੋਹਾਲੀ ਦੇ ਚੁਣੇ ਹੋਏ ਲੋਕਾਂ ਨੂੰ ਫੋਨ ਦਿੱਤੇ ਜਾਣਗੇ ਅਤੇ ਜੇਤੂਆਂ ਦੇ ਨਾਮ ਜਨਤਕ ਤੌਰ ’ਤੇ ਡਰਾਅ ਰਾਹੀਂ ਕੱਢੇ ਜਾਣਗੇ ।ਮੀਡੀਆ ਨੂੰ ਵੀ ਸਮਾਗਮ ਵਿੱਚ ਸੱਦਾ ਦਿੱਤਾ ਗਿਆ ਹੈ ਅਤੇ ਵੰਡ ਨੂੰ ਲਾਈਵ ਦਿਖਾਉਣ ਦੀ ਗੱਲ ਕਹੀ ਗਈ ਹੈ।
ਰਿਪੋਰਟਾਂ ਮੁਤਾਬਕ ਪਹਿਲੇ ਪੜਾਅ ਵਿੱਚ 22 ਸਤੰਬਰ ਨੂੰ 10 ਆਈਫੋਨ ਵੰਡਣ ਦੀ ਗੱਲ ਸਾਹਮਣੇ ਆਈ ਹੈ, ਜਦਕਿ ਤ੍ਰੇਹਾਨ ਨੇ ਅੱਗੇ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਵੀ ਅਜਿਹੇ ਪ੍ਰੋਗਰਾਮ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਪਹਿਲਾਂ 100 ਆਈਫੋਨ ਚੰਡੀਗੜ੍ਹ ਅਤੇ 200 ਮੋਹਾਲੀ ਲਈ ਯੋਜਨਾ ਬਾਰੇ ਵੀ ਗੱਲ ਕੀਤੀ ਸੀ ਇਹ ਐਲਾਨ ਉਨ੍ਹਾਂ ਦੇ ਪਹਿਲਾਂ ਕੀਤੇ ‘ਪੈਟਰੋਲ ਲੰਗਰ’ ਤੋਂ ਬਾਅਦ ਆਇਆ ਹੈ। ਉਸ ਸਮੇਂ ਮੁਫ਼ਤ ਪੈਟਰੋਲ ਲੈਣ ਲਈ ਵੱਡੀ ਭੀੜ ਇਕੱਠੀ ਹੋਈ ਸੀ ਅਤੇ ਭੀੜ ਨੂੰ ਸੰਭਾਲਣ ਲਈ ਪੁਲਿਸ ਨੂੰ ਦਖ਼ਲ ਦੇਣਾ ਪਿਆ ਸੀ। ਪ੍ਰੋਗਰਾਮ ਨੂੰ ਬਾਅਦ ਵਿੱਚ ਮੁਲਤਵੀ ਕੀਤਾ ਗਿਆ ਸੀ। ‘ਆਈਫੋਨ ਲੰਗਰ’ ਦੇ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਸ ਨੂੰ ਲੈ ਕੇ ਕਾਫ਼ੀ ਚਰਚਾ ਹੈ। ਹਾਲਾਂਕਿ, ਅੰਤਿਮ ਗਿਣਤੀ, ਵੰਡ ਦੀ ਵਿਸਥਾਰਤ ਪ੍ਰਕਿਰਿਆ ਅਤੇ ਸਥਾਨ ਸਬੰਧੀ ਅਧਿਕਾਰਤ ਵੇਰਵਿਆਂ ਦੀ ਪੁਸ਼ਟੀ ਸਮਾਗਮ ਵਾਲੇ ਦਿਨ ਹੀ ਸਪਸ਼ਟ ਹੋਵੇਗੀ।
