ਕੁਰੂਕਸ਼ੇਤਰ, 10 ਅਕਤੂਬਰ, 2026 (ਸੰਜੀਵ ਸ਼ਰਮਾ): ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 17 ਅਕਤੂਬਰ ਤੱਕ ਸੇਵਾ ਸੇਤੂ ਮੁਹਿੰਮ ਤਹਿਤ 21 ਥਾਵਾਂ ’ਤੇ ਕੈਂਪ ਲਗਾਏ ਜਾਣਗੇ। ਵੱਖ-ਵੱਖ ਬਲਾਕਾਂ ਅਤੇ ਸਥਾਨਕ ਨਗਰ ਇਕਾਈਆਂ ਵਿੱਚ ਇਹ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਰਾਹੀਂ ਵੱਖ-ਵੱਖ ਵਿਭਾਗਾਂ ਵੱਲੋਂ ਆਪਣੀਆਂ ਯੋਜਨਾਵਾਂ ਦਾ ਲਾਭ ਨਾਗਰਿਕਾਂ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਬੁਢਾਪਾ ਪੈਨਸ਼ਨ, ਦਿਵਿਆਂਗ ਪੈਨਸ਼ਨ, ਵਿਧਵਾ ਪੈਨਸ਼ਨ, ਕਿਸਾਨਾਂ ਦੀ ਫ਼ਸਲ ਵੈਰੀਫਿਕੇਸ਼ਨ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਮੇਰੀ ਫ਼ਸਲ ਮੇਰਾ ਬਿਓਰਾ, ਜਮ੍ਹਾਂਬੰਦੀ ਦੀ ਨਕਲ, ਸਿਹਤ ਜਾਂਚ ਕੈਂਪ, ਪ੍ਰਧਾਨ ਮੰਤਰੀ ਸੂਰਜ ਘਰ ਮੁਫ਼ਤ ਯੋਜਨਾ, ਹਰ ਘਰ ਗ੍ਰਹਿਣੀ ਯੋਜਨਾ ਅਤੇ ਐਗਰੀ ਸਟੈਕ ਸਮੇਤ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦਾ ਲਾਭ ਦਿੱਤਾ ਜਾਵੇਗਾ। ਵਿਭਾਗਾਂ ਵੱਲੋਂ ਨਾਗਰਿਕਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣ ਦੇ ਯਤਨ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਦੱਸਿਆ ਕਿ ਐੱਸਡੀਐੱਮ ਰਾਜੇਸ਼ ਕੁਮਾਰ ਸੋਨੀ ਦੀ ਅਗਵਾਈ ਹੇਠ 16 ਅਕਤੂਬਰ ਨੂੰ ਪਿੰਡ ਸੰਗੌਰ ਅਤੇ 17 ਅਕਤੂਬਰ ਨੂੰ ਪਿੰਡ ਮਥਾਨਾ ਵਿੱਚ ਸੇਵਾ ਸੇਤੂ ਕੈਂਪ ਲਗਾਏ ਜਾਣਗੇ। ਐੱਸਡੀਐੱਮ ਅਮਨ ਕੁਮਾਰ ਦੀ ਅਗਵਾਈ ਹੇਠ 15 ਅਕਤੂਬਰ ਨੂੰ ਪਿੰਡ ਕਿਰਮਚ ਵਿੱਚ ਕੈਂਪ ਲੱਗੇਗਾ। ਇਸੇ ਤਰ੍ਹਾਂ ਐੱਸਡੀਐੱਮ ਸ਼ੰਭੂ ਰਾਠੀ ਦੀ ਅਗਵਾਈ ਹੇਠ 18 ਅਕਤੂਬਰ ਨੂੰ ਪਿੰਡ ਕਲਸਾਣਾ ਵਿੱਚ ਸੇਵਾ ਸੇਤੂ ਕੈਂਪ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਹੋਵਾ ਦੇ ਐੱਸਡੀਐੱਮ ਡਾ. ਰਾਹੁਲ ਕੰਵਾਰੀਆ ਦੀ ਅਗਵਾਈ ਹੇਠ 11 ਅਕਤੂਬਰ ਨੂੰ ਪਿੰਡ ਝਾਂਸਾ ਅਤੇ 16 ਅਕਤੂਬਰ ਨੂੰ ਪਿੰਡ ਅਜਰਾਨਾ ਖੁਰਦ ਵਿੱਚ ਸੇਵਾ ਸੇਤੂ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਰਾਹੀਂ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਅਤੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਸਹੂਲਤ ਮਿਲੇਗੀ।







