Home ਪੰਜਾਬ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਦੂਜਾ ਪੜਾਅ: ਦਿੱਲੀ ਸੀਐਮ ਰੇਖਾ ਗੁਪਤਾ ਫਤਿਹਗੜ੍ਹ...

ਨਸ਼ਾ ਮੁਕਤ ਪੰਜਾਬ ਯਾਤਰਾ ਦਾ ਦੂਜਾ ਪੜਾਅ: ਦਿੱਲੀ ਸੀਐਮ ਰੇਖਾ ਗੁਪਤਾ ਫਤਿਹਗੜ੍ਹ ਸਾਹਿਬ ਪਹੁੰਚੀ

Rekha Gupta Arrives in Fatehgarh Sahib for Drug-Free Punjab Campaign

0

ਫਤਿਹਗੜ੍ਹ ਸਾਹਿਬ, 19 ਸਤੰਬਰ 2026 ( ਗੁਰਮੀਤ ਸਿੰਘ ਤੁੰਗ) : ਭਾਜਪਾ ਵੱਲੋਂ ਚਲਾਈ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਦੂਜੇ ਦਿਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਸ਼ਨੀਵਾਰ ਨੂੰ ਪੰਜਾਬ ਪਹੁੰਚੀ। ਫਤਿਹਗੜ੍ਹ ਸਾਹਿਬ ਪਹੁੰਚਣ ’ਤੇ ਉਨ੍ਹਾਂ ਨੇ ਧਾਰਮਿਕ ਸਥਾਨ ’ਤੇ ਮੱਥਾ ਟੇਕਿਆ। ਇਸ ਮੌਕੇ ਪੰਜਾਬ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਵੀ ਉਨ੍ਹਾਂ ਦੇ ਨਾਲ ਸਨ।

ਫਤਿਹਗੜ੍ਹ ਸਾਹਿਬ ਤੋਂ ਯਾਤਰਾ ਦੀ ਸ਼ੁਰੂਆਤ: ਭਾਜਪਾ ਦੇ ਤੈਅ ਪ੍ਰੋਗਰਾਮ ਮੁਤਾਬਕ ਰੇਖਾ ਗੁਪਤਾ ਨੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਨਤਮਸਤਕ ਹੋ ਕੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਸਥਾਨਕ ਦਾਣਾ ਮੰਡੀ ਵਿੱਚ ਇਕੱਠ ਨੂੰ ਸੰਬੋਧਨ ਕਰਕੇ ਯਾਤਰਾ ਨੂੰ ਹਰੀ ਝੰਡੀ ਦਿਖਾਈ। ਭਾਜਪਾ ਨੇ ਇਸ ਮੁਹਿੰਮ ਦਾ ਨਾਅਰਾ “ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ” ਰੱਖਿਆ ਹੈ। ਪਾਰਟੀ ਮੁਤਾਬਕ ਯਾਤਰਾ ਦਾ ਮੁੱਖ ਉਦੇਸ਼ ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਅਤੇ ਜਨਤਕ ਸੰਪਰਕ ਵਧਾਉਣਾ ਹੈ। ਪਾਰਟੀ ਨੇ ਇਸ ਨਾਲ ਨਸ਼ਿਆਂ ਤੋਂ ਇਲਾਵਾ ਕਾਨੂੰਨ-ਵਿਵਸਥਾ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ ਵੀ ਜੋੜੇ ਹਨ। ਇਹ ਭਾਜਪਾ ਦੇ ਪਾਰਟੀ ਪੱਖੋਂ ਕੀਤੇ ਗਏ ਦਾਅਵੇ ਹਨ।

24 ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘੇਗੀ ਯਾਤਰਾ: ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਣ ਵਾਲੀ ਇਹ ਯਾਤਰਾ ਸਮਰਾਲਾ, ਪਾਇਲ, ਖੰਨਾ, ਅਮਲੋਹ, ਬੱਸੀ ਪਠਾਣਾ, ਡੇਰਾਬੱਸੀ, ਐਸ.ਏ.ਐਸ. ਨਗਰ, ਖਰੜ, ਚਮਕੌਰ ਸਾਹਿਬ, ਰੋਪੜ, ਆਨੰਦਪੁਰ ਸਾਹਿਬ, ਗੜ੍ਹਸ਼ੰਕਰ, ਚੱਬੇਵਾਲ, ਹੁਸ਼ਿਆਰਪੁਰ, ਸ਼ਾਮ ਚੌਰਾਸੀ, ਦਸੂਹਾ, ਮੁਕੇਰੀਆਂ, ਉੜਮੁੜ, ਆਦਮਪੁਰ, ਬਲਾਚੌਰ, ਨਵਾਂਸ਼ਹਿਰ, ਬੰਗਾ ਅਤੇ ਫਗਵਾੜਾ ਸਮੇਤ 24 ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘ ਕੇ ਜਲੰਧਰ ਵਿੱਚ ਸਮਾਪਤ ਹੋਵੇਗੀ।

ਚਾਰ ਯਾਤਰਾਵਾਂ, 117 ਹਲਕਿਆਂ ਤੱਕ ਪਹੁੰਚਣ ਦਾ ਪ੍ਰੋਗਰਾਮ: ਭਾਜਪਾ ਵੱਲੋਂ ਪੰਜਾਬ ਵਿੱਚ ਕੁੱਲ ਚਾਰ ਨਸ਼ਾ ਮੁਕਤ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ। ਪਹਿਲੀ ਯਾਤਰਾ 18 ਸਤੰਬਰ ਨੂੰ ਪਠਾਨਕੋਟ ਤੋਂ ਸ਼ੁਰੂ ਹੋਈ, ਜਦਕਿ ਦੂਜੀ 19 ਸਤੰਬਰ ਨੂੰ ਫਤਿਹਗੜ੍ਹ ਸਾਹਿਬ ਤੋਂ, ਤੀਜੀ 20 ਸਤੰਬਰ ਨੂੰ ਫਾਜ਼ਿਲਕਾ ਅਤੇ ਚੌਥੀ 21 ਸਤੰਬਰ ਨੂੰ ਤਲਵੰਡੀ ਸਾਬੋ ਤੋਂ ਸ਼ੁਰੂ ਹੋਣੀ ਹੈ। ਚਾਰਾਂ ਯਾਤਰਾਵਾਂ ਦਾ ਸਮਾਪਨ 30 ਸਤੰਬਰ ਨੂੰ ਜਲੰਧਰ ਵਿੱਚ ਹੋਣਾ ਹੈ ਤੈਅ। ਭਾਜਪਾ ਅਨੁਸਾਰ ਇਹ ਯਾਤਰਾਵਾਂ ਲਗਭਗ 4,000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਤੱਕ ਪਹੁੰਚਣਗੀਆਂ। ਜਲੰਧਰ ਵਿੱਚ ਸਮਾਪਤੀ ਸਮਾਗਮ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੰਬੋਧਨ ਦੀ ਯੋਜਨਾ ਦੱਸੀ ਗਈ ਹੈ।

Exit mobile version