Home ਪਟਿਆਲਾ ਅਪਡੇਟ ਪਟਿਆਲਾ ਪੁਲਿਸ ਦੀ ਵੱਡੀ ਕਾਰਵਾਈ, ਦੋ ਪਿਸਤੌਲ ਤੇ 8 ਕਾਰਤੂਸਾਂ ਸਮੇਤ ਵਿਅਕਤੀ...

ਪਟਿਆਲਾ ਪੁਲਿਸ ਦੀ ਵੱਡੀ ਕਾਰਵਾਈ, ਦੋ ਪਿਸਤੌਲ ਤੇ 8 ਕਾਰਤੂਸਾਂ ਸਮੇਤ ਵਿਅਕਤੀ ਗ੍ਰਿਫ਼ਤਾਰ

Patiala Police Arrest Suspected Gang-Linked Arms Supplier With Two Pistols

0

ਪਟਿਆਲਾ, 19 ਸਤੰਬਰ, 2026 (ਬਲਜੀਤ ਸਰਨਾ) : ਪਟਿਆਲਾ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਦੋ ਪਿਸਤੌਲਾਂ ਅਤੇ ਅੱਠ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮੁੱਢਲੀ ਜਾਂਚ ਦੌਰਾਨ ਉਸਦੇ ਗੈਂਗਸਟਰਾਂ ਨਾਲ ਕਥਿਤ ਸਬੰਧਾਂ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ। ਡੀਐਸਪੀ ਦਿਹਾਤੀ ਰਣਬੀਰ ਸਿੰਘ ਨੇ ਦੱਸਿਆ ਕਿ ਐਸਐਸਪੀ ਪਟਿਆਲਾ ਦੀ ਅਗਵਾਈ ਹੇਠ ਪੁਲਿਸ ਵੱਲੋਂ ਇਲਾਕੇ ਵਿੱਚ ਸ਼ੱਕੀ ਵਿਅਕਤੀਆਂ ਅਤੇ ਗਤੀਵਿਧੀਆਂ ’ਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਇਸੇ ਤਹਿਤ ਸਟਾਫ ਇੰਚਾਰਜ ਇੰਸਪੈਕਟਰ ਅਤੇ ਏਐਸਆਈ ਪ੍ਰੇਮ ਚੰਦ ਦੀ ਅਗਵਾਈ ਹੇਠ ਪੁਲਿਸ ਟੀਮ ਗਸ਼ਤ ਕਰ ਰਹੀ ਸੀ।

ਪੁਲਿਸ ਮੁਤਾਬਕ ਜਦੋਂ ਟੀਮ ਯੂਨੀਵਰਸਿਟੀ ਤੋਂ ਅੱਗੇ ਪਿੰਡ ਸ਼ੇਖੂਪੁਰਾ ਨੇੜੇ ਪਹੁੰਚੀ ਤਾਂ ਇੱਕ ਮੁਖਬਰ ਰਾਹੀਂ ਸੂਚਨਾ ਮਿਲੀ ਕਿ ਖਰੜ ਨਾਲ ਸਬੰਧਤ ਇੱਕ ਵਿਅਕਤੀ ਕਥਿਤ ਤੌਰ ’ਤੇ ਗੈਂਗਸਟਰਾਂ ਦੇ ਸੰਪਰਕ ਵਿੱਚ ਹੈ ਅਤੇ ਬਿਸ਼ਨੋਈ ਗਰੁੱਪ ਨਾਲ ਜੁੜੇ ਵਿਅਕਤੀਆਂ ਨਾਲ ਵੀ ਸੰਪਰਕ ਰੱਖਦਾ ਹੈ। ਸੂਚਨਾ ਵਿੱਚ ਇਹ ਵੀ ਦੱਸਿਆ ਗਿਆ ਕਿ ਉਹ ਕਥਿਤ ਤੌਰ ’ਤੇ ਗੈਰ-ਕਾਨੂੰਨੀ ਹਥਿਆਰ ਲੈ ਕੇ ਪਟਿਆਲਾ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਰਾਜਪੁਰਾ ਰੋਡ ’ਤੇ ਪਿੰਡ ਮਿੱਠੂਮਾਜਰਾ ਨੇੜੇ ਨਾਕਾਬੰਦੀ ਕੀਤੀ। ਇਸ ਦੌਰਾਨ ਪੁਲਿਸ ਵੱਲੋਂ ਦੱਸੇ ਹੂਲੀਏ ਨਾਲ ਮੇਲ ਖਾਂਦਾ ਇੱਕ ਵਿਅਕਤੀ ਉੱਥੇ ਪਹੁੰਚਿਆ, ਜਿਸਨੂੰ ਪੁਲਿਸ ਨੇ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸਦੇ ਕਬਜ਼ੇ ਵਿੱਚੋਂ ਦੋ ਪਿਸਤੌਲ ਅਤੇ ਅੱਠ ਜ਼ਿੰਦਾ ਕਾਰਤੂਸ ਬਰਾਮਦ ਹੋਣ ਦਾ ਪੁਲਿਸ ਨੇ ਦਾਅਵਾ ਕੀਤਾ ਹੈ। ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਿਸ ਰਿਮਾਂਡ ’ਤੇ ਭੇਜਿਆ

ਡੀਐਸਪੀ ਦਿਹਾਤੀ ਅਨੁਸਾਰ ਗ੍ਰਿਫ਼ਤਾਰ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਪੁਲਿਸ ਨੂੰ ਉਸਦਾ ਰਿਮਾਂਡ ਮਿਲਿਆ ਹੈ। ਜਾਂਚ ਦੌਰਾਨ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬਰਾਮਦ ਹਥਿਆਰ ਕਿੱਥੋਂ ਲਿਆਂਦੇ ਗਏ ਸਨ ਅਤੇ ਇਨ੍ਹਾਂ ਨੂੰ ਕਿਸ ਮਕਸਦ ਲਈ ਰੱਖਿਆ ਗਿਆ ਸੀ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਮੁਲਜ਼ਮ ਨੇ ਪਹਿਲਾਂ ਕਿਸੇ ਹੋਰ ਵਿਅਕਤੀ ਨੂੰ ਗੈਰ-ਕਾਨੂੰਨੀ ਹਥਿਆਰ ਮੁਹੱਈਆ ਕਰਵਾਏ ਹਨ ਅਤੇ ਉਸਦੇ ਕਿਸੇ ਹੋਰ ਅਪਰਾਧਿਕ ਨੈੱਟਵਰਕ ਨਾਲ ਸਬੰਧ ਹਨ ਜਾਂ ਨਹੀਂ। ਪੁਲਿਸ ਅਨੁਸਾਰ ਮੁਲਜ਼ਮ ਦੇ ਪਿਛਲੇ ਅਪਰਾਧਿਕ ਰਿਕਾਰਡ ਅਤੇ ਕਥਿਤ ਗੈਂਗਸਟਰ ਸੰਪਰਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਮਾਮਲੇ ਨਾਲ ਜੁੜੇ ਹੋਰ ਤੱਥ ਸਾਹਮਣੇ ਆ ਸਕਦੇ ਹਨ। ਪੁਲਿਸ ਨੇ ਸਪੱਸ਼ਟ ਕੀਤਾ ਕਿ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ ਅਤੇ ਬਰਾਮਦ ਹਥਿਆਰਾਂ ਦੇ ਸਰੋਤ, ਸੰਭਾਵਿਤ ਸਪਲਾਈ ਚੇਨ ਅਤੇ ਮੁਲਜ਼ਮ ਦੇ ਹੋਰ ਸੰਪਰਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

 

Exit mobile version