Home ਹਰਿਆਣਾ ਅੰਨਦਾਤੇ ਦੇ ਇੱਕ-ਇਕ ਦਾਣੇ ਨੂੰ ਐਮ.ਐਸ.ਪੀ. (MSP) ਉੱਤੇ ਖਰੀਦਣ ਲਈ ਕੀਤੇ ਗਏ ਹਨ...

ਅੰਨਦਾਤੇ ਦੇ ਇੱਕ-ਇਕ ਦਾਣੇ ਨੂੰ ਐਮ.ਐਸ.ਪੀ. (MSP) ਉੱਤੇ ਖਰੀਦਣ ਲਈ ਕੀਤੇ ਗਏ ਹਨ ਪੁਖ਼ਤਾ ਪ੍ਰਬੰਧ – ਸ਼੍ਰੀ ਸ਼ਿਆਮ ਸਿੰਘ ਰਾਣਾ

Haryana Ensures Strong Arrangements to Procure Every Grain from Farmers at MSP: Shyam Singh Rana

0

ਚੰਡੀਗੜ੍ਹ, 12 ਅਕਤੂਬਰ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਰਾਜ ਸਰਕਾਰ ਸੂਬੇ ਦੇ ਕਿਸਾਨਾਂ ਦੇ ਹਿੱਤਾਂ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਅੰਨਦਾਤੇ ਦੇ ਇੱਕ-ਇਕ ਦਾਣੇ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ ਉੱਤੇ ਯਕੀਨੀ ਬਣਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਕਿਸਾਨਾਂ ਨੂੰ ਆਪਣੀ ਉਪਜ ਵੇਚਣ ਵਿੱਚ ਕਿਸੇ ਤਰ੍ਹਾ ਦੀ ਅਸੁਵਿਧਾ ਨਾ ਹੋਵੇ, ਇਸ ਲਈ ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ ਵੱਲੋਂ ਮੰਡੀਆਂ ਤੇ ਖਰੀਦ ਕੇਂਦਰਾਂ ਉੱਤੇ ਪੀਣ ਦੇ ਪਾਣੀ, ਪਖਾਨੇ, ਪਾਣੀ ਦੀ ਨਿਕਾਸੀ ਅਤੇ ਹੈਲਪ ਡੈਸਕ ਵਰਗੀਆਂ ਬੁਨਿਆਦੀ ਸਹੂਲਤਾਂ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਸ਼੍ਰੀ ਰਾਣਾ ਨੇ ਕਿਹਾ ਕਿ ਕਿਸਾਨਾਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਖ਼ਰੀਫ਼ ਖਰੀਦ ਸੀਜ਼ਨ 2026-27 ਦੌਰਾਨ ਝੋਨੇ ਦੀ ਖਰੀਦ 1 ਅਕਤੂਬਰ ਦੀ ਬਜਾਏ 29 ਸਤੰਬਰ 2026 ਤੋਂ ਸ਼ੁਰੂ ਕਰ ਦਿੱਤੀ ਗਈ ਸੀ, ਜੋ 15 ਨਵੰਬਰ 2026 ਤੱਕ ਨਿਰਧਾਰਤ ਹੈ। ਭਾਰਤ ਸਰਕਾਰ ਵੱਲੋਂ ਝੋਨਾ (ਕਾਮਨ) ਦਾ ਘੱਟੋ-ਘੱਟ ਸਮਰਥਨ ਮੁੱਲ 2,441 ਰੁਪਏ ਪ੍ਰਤੀ ਕੁਇੰਟਲ ਅਤੇ ਝੋਨਾ (ਗ੍ਰੇਡ-ਏ) ਦਾ ਘੱਟੋ-ਘੱਟ ਸਮਰਥਨ ਮੁੱਲ 2,461 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ। ਸੁਚਾਰੂ ਖਰੀਦ ਲਈ ਰਾਜ ਵਿੱਚ 278 ਮੰਡੀਆਂ, ਖਰੀਦ ਕੇਂਦਰ ਅਤੇ ਵਾਧੂ ਖਰੀਦ ਸਥਾਨ ਖੋਲੇ ਗਏ ਹਨ ਅਤੇ ਸਾਰਿਆਂ ਨੂੰ ਜੀਓ-ਫੈਂਸ ਕੀਤਾ ਗਿਆ ਹੈ। ਇਨ੍ਹਾਂ ਥਾਵਾਂ ਉੱਤੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ, ਹੈਫੇਡ ਅਤੇ ਹਰਿਆਣਾ ਰਾਜ ਵੇਅਰਹਾਉਸਿੰਗ ਨਿਗਮ ਵੱਲੋਂ ਖਰੀਦ ਕਾਰਜ ਕੀਤਾ ਜਾ ਰਿਹਾ ਹੈ।

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਦੱਸਿਆ ਕਿ ਇਸ ਸਾਲ ਭਾਰਤ ਸਰਕਾਰ ਵੱਲੋਂ ਹਰਿਆਣਾ ਲਈ 58 ਲੱਖ ਮੀਟਰਕ ਟਨ ਝੋਨਾ ਖਰੀਦ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ, ਨਾਲ ਹੀ 32.5 ਲੱਖ ਮੀਟਰਕ ਟਨ (10 ਪ੍ਰਤੀਸ਼ਤ ਬ੍ਰੋਕਨ ਦੇ ਨਾਲ) ਸੀ.ਐਮ.ਆਰ. (CMR) ਦੀ ਡਿਲਿਵਰੀ ਭਾਰਤੀ ਖੁਰਾਕ ਨਿਗਮ ਨੂੰ ਜਾਰੀ ਕਰਨ ਦਾ ਟੀਚਾ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ 11 ਅਕਤੂਬਰ 2026 ਤੱਕ ਰਾਜ ਦੀਆਂ ਮੰਡੀਆਂ ਵਿੱਚ ਲਗਭਗ 17.25 ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ ਖਰੀਦ ਸੰਸਥਾਵਾਂ ਵੱਲੋਂ 10.78 ਲੱਖ ਮੀਟਰਕ ਟਨ ਝੋਨਾ ਖਰੀਦਿਆ ਜਾ ਚੁੱਕਾ ਹੈ। ਖਰੀਦੇ ਗਏ ਝੋਨੇ ਦੇ ਉਠਾਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ ਅਤੇ ਹੁਣ ਤੱਕ 4.19 ਲੱਖ ਮੀਟਰਕ ਟਨ ਝੋਨੇ ਦਾ ਉਠਾਣ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ, ਪਿਛਲੇ ਸਾਲ ਰਾਜ ਵਿੱਚ 1458 ਰਾਈਸ ਮਿਲਰਾਂ ਵੱਲੋਂ ਸੀ.ਐਮ.ਆਰ. ਦਾ ਕਾਰਜ ਕੀਤਾ ਗਿਆ ਸੀ, ਜਦੋਂ ਕਿ ਇਸ ਸਾਲ 10 ਅਕਤੂਬਰ 2026 ਤੱਕ 1415 ਰਾਈਸ ਮਿਲਰਾਂ ਨੇ ਸੀ.ਐਮ.ਆਰ. ਕਾਰਜ ਲਈ ਰਜਿਸਟ੍ਰੇਸ਼ਨ ਕਰਵਾ ਲਈ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਝੋਨੇ ਵਿੱਚ ਨਮੀ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਝੋਨੇ ਦੀ ਹਾਰਵੈਸਟਿੰਗ ਲਈ ਪ੍ਰੋਹਿਬਟਰੀ ਆਰਡਰ ਵੀ ਜਾਰੀ ਕੀਤੇ ਜਾ ਚੁੱਕੇ ਹਨ। ਸ਼੍ਰੀ ਸ਼ਿਆਮ ਸਿੰਘ ਰਾਣਾ ਨੇ ਦੁਹਰਾਇਆ ਹੈ ਕਿ ਕਿਸਾਨਾਂ ਨੂੰ ਆਪਣੀ ਫਸਲ ਦੀ ਵਿਕਰੀ ਵਿੱਚ ਕਿਸੇ ਵੀ ਤਰ੍ਹਾ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

Exit mobile version