Home ਹਰਿਆਣਾ ਅੰਤਰਰਾਸ਼ਟਰੀ ਗੀਤਾ ਮਹੋਤਸਵ-2026 ਵਿੱਚ ਦੇਸੀ ਤੇ ਵਿਦੇਸ਼ੀ ਸ਼ਿਲਪਕਲਾ ਦਾ ਦੇਖਣ ਨੂੰ ਮਿਲੇਗਾ...

ਅੰਤਰਰਾਸ਼ਟਰੀ ਗੀਤਾ ਮਹੋਤਸਵ-2026 ਵਿੱਚ ਦੇਸੀ ਤੇ ਵਿਦੇਸ਼ੀ ਸ਼ਿਲਪਕਲਾ ਦਾ ਦੇਖਣ ਨੂੰ ਮਿਲੇਗਾ ਅਨੋਖਾ ਸੰਗਮ

International Gita Mahotsav 2026 to showcase traditional Indian and global craftsmanship, featuring 64+ artisans from 18 countries, 50 national award-winning craftsmen, 100 SHG stalls and 35 food stalls.

0

18 ਦੇਸ਼ਾਂ ਦੇ 64 ਤੋਂ ਵੱਧ ਸ਼ਿਲਪਕਾਰ ਆਪਣੀ ਕਲਾ ਦੇ ਜੌਹਰ ਦਿਖਾਉਣਗੇ, 50 ਰਾਸ਼ਟਰੀ ਪੁਰਸਕਾਰ ਜੇਤੂ ਸ਼ਿਲਪਕਾਰਾਂ ਨੂੰ ਵੀ ਦਿੱਤਾ ਸੱਦਾ; ਸਰਸ ਮੇਲੇ ਵਿੱਚ ਸਵੈ–ਸਹਾਇਤਾ ਸਮੂਹਾਂ ਦੇ 100 ਸ਼ਿਲਪਕਾਰ ਲੈਣਗੇ ਭਾਗ, ਵੱਖ–ਵੱਖ ਪਕਵਾਨਾਂ ਦੇ ਲੱਗਣਗੇ 35 ਸਟਾਲ; ਕੇਡੀਬੀ ਵੱਲੋਂ ਆਨਲਾਈਨ ਪ੍ਰਣਾਲੀ ਰਾਹੀਂ 700 ਸਟਾਲਾਂ ਦੀ ਵੰਡ

ਕੁਰੂਕਸ਼ੇਤਰ, 28 ਨਵੰਬਰ, 2026 (ਸੰਜੀਵ ਸ਼ਰਮਾ) : ਅੰਤਰਰਾਸ਼ਟਰੀ ਗੀਤਾ ਮਹੋਤਸਵ-2026 ਵਿੱਚ ਇਸ ਵਾਰ ਦੇਸੀ ਅਤੇ ਵਿਦੇਸ਼ੀ ਸ਼ਿਲਪਕਲਾ ਦਾ ਅਨੋਖਾ ਸੰਗਮ ਦੇਖਣ ਨੂੰ ਮਿਲੇਗਾ। ਇਸ ਮਹੋਤਸਵ ਵਿੱਚ ਪਹਿਲੀ ਵਾਰ 18 ਦੇਸ਼ਾਂ ਦੇ 64 ਤੋਂ ਵੱਧ ਸ਼ਿਲਪਕਾਰਾਂ ਨੇ ਕੁਰੂਕਸ਼ੇਤਰ ਪਹੁੰਚ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਸਹਿਮਤੀ ਦਿੱਤੀ ਹੈ। ਇਸ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ 50 ਰਾਸ਼ਟਰੀ ਪੁਰਸਕਾਰ ਜੇਤੂ ਸ਼ਿਲਪਕਾਰਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਇਸ ਵਾਰ ਕੁਰੂਕਸ਼ੇਤਰ ਵਿਕਾਸ ਬੋਰਡ ਵੱਲੋਂ ਆਨਲਾਈਨ ਪ੍ਰਣਾਲੀ ਰਾਹੀਂ 700 ਸਟਾਲ ਅਲਾਟ ਕੀਤੇ ਗਏ ਹਨ।

ਕੁਰੂਕਸ਼ੇਤਰ ਵਿਕਾਸ ਬੋਰਡ ਦੇ ਮਾਨਦ ਸਕੱਤਰ ਉਪੇਂਦਰ ਸਿੰਘਲ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨਿਰਦੇਸ਼ਾਂ ਅਨੁਸਾਰ ਅੰਤਰਰਾਸ਼ਟਰੀ ਗੀਤਾ ਮਹੋਤਸਵ-2026 ਵਿੱਚ ਵਿਦੇਸ਼ੀ ਸ਼ਿਲਪਕਾਰਾਂ ਨੂੰ ਸੱਦਾ ਦੇਣ ਲਈ ਵਿਸ਼ੇਸ਼ ਪਹਿਲਕਦਮੀ ਕੀਤੀ ਗਈ ਹੈ। ਇਸ ਤਹਿਤ ਭਾਰਤ ਸਰਕਾਰ ਰਾਹੀਂ ਲਗਭਗ ਸਾਰੇ ਦੇਸ਼ਾਂ ਨੂੰ ਮਹੋਤਸਵ ਵਿੱਚ ਆਪਣੀ ਸ਼ਿਲਪਕਲਾ ਦਾ ਪ੍ਰਦਰਸ਼ਨ ਕਰਨ ਲਈ ਸੱਦਾ ਭੇਜਿਆ ਗਿਆ ਸੀ। ਇਸ ਸੱਦੇ ਦੇ ਜਵਾਬ ਵਿੱਚ 18 ਦੇਸ਼ਾਂ ਦੇ 64 ਸ਼ਿਲਪਕਾਰਾਂ ਨੇ ਮਹੋਤਸਵ ਵਿੱਚ ਸ਼ਾਮਲ ਹੋਣ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਸਹਿਮਤੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਵਿਦੇਸ਼ੀ ਸ਼ਿਲਪਕਾਰਾਂ ਨੂੰ ਬ੍ਰਹਮਸਰੋਵਰ ਦੇ ਪੁਰਸ਼ੋਤਮਪੁਰਾ ਬਾਗ ਵਿੱਚ ਸਟਾਲ ਅਲਾਟ ਕੀਤੇ ਜਾਣਗੇ, ਤਾਂ ਜੋ ਮਹੋਤਸਵ ਵਿੱਚ ਪਹੁੰਚਣ ਵਾਲੇ ਲੱਖਾਂ ਸੈਲਾਨੀ ਵੱਖ-ਵੱਖ ਦੇਸ਼ਾਂ ਦੀ ਵਿਲੱਖਣ ਸ਼ਿਲਪਕਲਾ ਨੂੰ ਨੇੜਿਓਂ ਦੇਖ ਸਕਣ। ਇਸ ਦੇ ਨਾਲ ਹੀ ਵਿਦੇਸ਼ੀ ਸ਼ਿਲਪਕਾਰਾਂ ਦੀਆਂ ਕਲਾਕ੍ਰਿਤੀਆਂ ਸਥਾਨਕ ਲੋਕਾਂ ਦੇ ਘਰਾਂ ਦੀ ਸ਼ੋਭਾ ਵੀ ਵਧਾ ਸਕਣਗੀਆਂ।

ਉਨ੍ਹਾਂ ਕਿਹਾ ਕਿ ਮਹੋਤਸਵ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ 50 ਰਾਸ਼ਟਰੀ ਪੁਰਸਕਾਰ ਜੇਤੂ ਸ਼ਿਲਪਕਾਰਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਇਨ੍ਹਾਂ ਸਾਰੇ ਸ਼ਿਲਪਕਾਰਾਂ ਨੂੰ ਆਨਲਾਈਨ ਪ੍ਰਣਾਲੀ ਰਾਹੀਂ ਅਰਜ਼ੀਆਂ ਦੇਣ ਲਈ ਕਿਹਾ ਗਿਆ ਸੀ। ਉਨ੍ਹਾਂ ਨੇ ਕੇਡੀਬੀ ਦੇ ਪੋਰਟਲ ‘ਤੇ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾਈਆਂ, ਜਿਸ ਤੋਂ ਬਾਅਦ ਪਾਰਦਰਸ਼ੀ ਪ੍ਰਣਾਲੀ ਤਹਿਤ ਸਟਾਲ ਅਲਾਟ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਰਿਆਣਾ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ ਰਾਹੀਂ ਦੇਸ਼ ਭਰ ਦੇ ਸਵੈ-ਸਹਾਇਤਾ ਸਮੂਹਾਂ (ਸੈਲਫ ਹੈਲਪ ਗਰੁੱਪਾਂ) ਨੂੰ ਸੱਦਾ ਦਿੱਤਾ ਗਿਆ ਹੈ। ਸਰਸ ਮੇਲੇ ਵਿੱਚ ਇਨ੍ਹਾਂ ਸਮੂਹਾਂ ਨੂੰ 100 ਸਟਾਲ ਦਿੱਤੇ ਜਾਣਗੇ। ਸਟਾਲਾਂ ਦੀ ਵੰਡ ਡਰਾਅ ਰਾਹੀਂ ਕੀਤੀ ਜਾਵੇਗੀ।

ਸੈਲਾਨੀਆਂ ਦੇ ਸੁਆਦ ਨੂੰ ਵਧਾਉਣ ਲਈ ਲੱਗਣਗੇ 35 ਫੂਡ ਸਟਾਲ

ਕੇਡੀਬੀ ਦੇ ਮਾਨਦ ਸਕੱਤਰ ਉਪੇਂਦਰ ਸਿੰਘਲ ਨੇ ਦੱਸਿਆ ਕਿ ਇਸ ਵਾਰ ਮਹੋਤਸਵ ਵਿੱਚ ਸੈਲਾਨੀਆਂ ਅਤੇ ਸ਼ਰਧਾਲੂਆਂ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਸੁਆਦੀ ਪਕਵਾਨਾਂ ਦਾ ਆਨੰਦ ਦਿਵਾਉਣ ਲਈ ਪਹਿਲੀ ਵਾਰ 35 ਫੂਡ ਸਟਾਲ ਲਗਾਏ ਜਾਣਗੇ। ਇਨ੍ਹਾਂ ਸਟਾਲਾਂ ਦੀ ਅਲਾਟਮੈਂਟ ਵੀ ਆਨਲਾਈਨ ਪ੍ਰਣਾਲੀ ਰਾਹੀਂ ਕੀਤੀ ਗਈ ਹੈ। ਇਨ੍ਹਾਂ ਵਿੱਚ 25 ਸਟਾਲ ਰਿਫਰੈਸ਼ਮੈਂਟ ਲਈ ਹੋਣਗੇ, ਜਦਕਿ 10 ਸਟਾਲ ਮਿਠਾਈਆਂ, ਬੇਕਰੀ ਉਤਪਾਦਾਂ ਅਤੇ ਵਿਸ਼ੇਸ਼ ਪਕਵਾਨਾਂ ਲਈ ਰੱਖੇ ਗਏ ਹਨ।

ਲੱਕੜ ਦੀ ਸ਼ਿਲਪਕਲਾ ਲਈ ਵੀ ਨਿਰਧਾਰਤ ਕੀਤੇ 60 ਸਟਾਲ

ਮਾਨਦ ਸਕੱਤਰ ਉਪੇਂਦਰ ਸਿੰਘਲ ਨੇ ਦੱਸਿਆ ਕਿ ਕੁਰੂਕਸ਼ੇਤਰ ਵਿਕਾਸ ਬੋਰਡ ਵੱਲੋਂ ਆਨਲਾਈਨ ਪ੍ਰਣਾਲੀ ਰਾਹੀਂ ਕੁੱਲ 700 ਸਟਾਲਾਂ ਦੀ ਅਲਾਟਮੈਂਟ ਕੀਤੀ ਗਈ ਹੈ। ਇਨ੍ਹਾਂ ਵਿੱਚ ਰਾਸ਼ਟਰੀ ਪੁਰਸਕਾਰ ਜੇਤੂ ਸ਼ਿਲਪਕਾਰਾਂ ਅਤੇ ਸਰਸ ਮੇਲੇ ਦੇ ਸ਼ਿਲਪਕਾਰਾਂ ਤੋਂ ਇਲਾਵਾ ਲੱਕੜ ਦੀ ਸ਼ਿਲਪਕਲਾ ਨਾਲ ਜੁੜੇ ਕਾਰੀਗਰਾਂ ਲਈ 60 ਸਟਾਲ ਨਿਰਧਾਰਤ ਕੀਤੇ ਗਏ ਹਨ। ਇਸ ਤੋਂ ਇਲਾਵਾ ਆਰਟਿਜ਼ਨ ਕਾਰਡ ਧਾਰਕਾਂ ਲਈ 300 ਸਟਾਲ, ਵਿਸ਼ੇਸ਼ ਸ਼ਿਲਪਕਲਾ ਲਈ 30 ਸਟਾਲ, ਬ੍ਰਾਂਡ ਪ੍ਰਮੋਸ਼ਨ ਅਤੇ ਕਾਰਪੋਰੇਟ ਵਰਗ ਲਈ 25 ਸਟਾਲ ਅਤੇ ਵਿਸ਼ੇਸ਼ ਰਜਿਸਟਰਡ ਸੰਸਥਾਵਾਂ ਲਈ 100 ਸਟਾਲ ਅਲਾਟ ਕੀਤੇ ਗਏ ਹਨ। ਇਸ ਤਰ੍ਹਾਂ ਅੰਤਰਰਾਸ਼ਟਰੀ ਗੀਤਾ ਮਹੋਤਸਵ-2026 ਦੇਸ਼-ਵਿਦੇਸ਼ ਦੀ ਕਲਾ, ਸੱਭਿਆਚਾਰ, ਰਵਾਇਤੀ ਦਸਤਕਾਰੀ ਅਤੇ ਪਕਵਾਨਾਂ ਦਾ ਵਿਲੱਖਣ ਕੇਂਦਰ ਬਣਨ ਜਾ ਰਿਹਾ ਹੈ।

 

Exit mobile version