Home Lifestyle ਸ਼ਹਾਦਤ ਦਾ ਸਤਿਕਾਰ, ਗੁਰਦੁਆਰਾ ਸੱਭਿਆਚਾਰ.

ਸ਼ਹਾਦਤ ਦਾ ਸਤਿਕਾਰ, ਗੁਰਦੁਆਰਾ ਸੱਭਿਆਚਾਰ.

Honouring martyrdom through Sikh heritage, Gurdwara culture and timeless traditions.

0

ਸਿੱਖ ਇਤਿਹਾਸ ਸ਼ਹਾਦਤਾਂ ਨਾਲ ਭਰਿਆ ਹੋਇਆ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਾਰਾਜ , ਛੋਟੇ ਸਾਹਿਬਜ਼ਾਦਿਆਂ, ਵੱਡੇ ਸਾਹਿਬਜ਼ਾਦਿਆਂ, ਚਮਕੌਰ ਦੇ ਸ਼ਹੀਦਾਂ, ਬਾਬਾ ਦੀਪ ਸਿੰਘ ਜੀ ਅਤੇ ਅਣਗਿਣਤ ਸਿੰਘ-ਸਿੰਘਣੀਆਂ ਤੱਕ, ਸਿੱਖ ਪਰੰਪਰਾ ਨੇ ਸੱਚ, ਧਰਮ, ਨਿਆਂ ਅਤੇ ਮਨੁੱਖੀ ਆਜ਼ਾਦੀ ਲਈ ਆਪਣਾ ਸਭ ਕੁਝ ਵਾਰਨ ਵਾਲਿਆਂ ਨੂੰ ਅਦੁੱਤੀ ਸਤਿਕਾਰ ਦਿੱਤਾ ਹੈ।

ਇਸ ਆਰਟੀਕਲ ਲਿਖਣ ਦੇ ਮੂਡ ਤਹਿਤ ਦਾਸ ਨੂੰ ਪੁੱਛੇ ਸਵਾਲਾਂ ਮੁਤਾਬਿਕ:-

ਕੀ ਸ਼ਹੀਦ ਦਾ ਸਤਿਕਾਰ ਕਰਨਾ ਅਤੇ ਸ਼ਹੀਦ ਦੀ ਉਸਤਤ ਕਰਨਾ ਇੱਕੋ ਗੱਲ ਹੈ?

ਕੀ ਕਿਸੇ ਸ਼ਹੀਦ ਦੀ ਯਾਦ ਵਿੱਚ ਗੁਰਦੁਆਰਾ ਬਣਾਉਣਾ ਉਸ ਦੀ ਧਾਰਮਿਕ ਉਪਾਸਨਾ ਹੈ?

ਕੀ ਕਿਸੇ ਸ਼ਹੀਦ ਨੂੰ “ਪੂਜਣਾ” ਗੁਰਮਤਿ ਦੀ ਭਾਸ਼ਾ ਹੈ?

ਅਤੇ ਖਾਸ ਬੁੱਧੀਜੀਵੀਆਂ ਵੱਲੋਂ ਸਭ ਤੋਂ ਵੱਡਾ ਪ੍ਰਸ਼ਨ: ਜੇਕਰ ਅਕਾਲ ਹੀ ਅਕਾਲ ਹੈ ਤਾਂ ਕੀ ਸਿੱਖੀ ਵਿੱਚ ਸ਼ਹਾਦਤ ਦੀ ਮਹਾਨਤਾ ਇੰਨੀ ਹੈ ਕਿ ਸ਼ਹੀਦ ਆਪ ਧਾਰਮਿਕ ਉਪਾਸਨਾ ਦਾ ਕੇਂਦਰ ਬਣ ਜਾਵੇ, ਜਾਂ ਉਸ ਦੀ ਸ਼ਹਾਦਤ ਸਾਨੂੰ ਮੁੜ ਗੁਰੂ, ਗੁਰਬਾਣੀ ਅਤੇ ਅਕਾਲ ਪੁਰਖ ਵੱਲ ਲੈ ਜਾਣੀ ਹੈ? ਇਨ੍ਹਾਂ ਸਵਾਲਾਂ ਦਾ ਉੱਤਰ ਭਾਵਨਾਵਾਂ ਨਾਲ ਨਹੀਂ, ਗੁਰਬਾਣੀ, ਗੁਰਮਤਿ ਅਤੇ ਪ੍ਰਮਾਣਿਕ ਪੰਥਕ ਪਰੰਪਰਾ ਦੀ ਕਸੌਟੀ ਨਾਲ ਦੇਣਾ ਇੱਥੇ ਅਤਿ ਜਰੂਰੀ ਹੈ।

ਸ਼ਹਾਦਤ ਦੀ ਪਹਿਲੀ ਪੌੜੀ — ਸਿਰ ਦੇਣਾ, ਸੱਚ ਨਾ ਛੱਡਣਾ ਹੈ।

ਗੁਰੂ ਨਾਨਕ ਸਾਹਿਬ ਦਾ ਅਮਰ ਬਚਨ ਹੈ:

“ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥
ਸਿਰੁ ਦੀਜੈ ਕਾਣਿ ਨ ਕੀਜੈ ॥”

ਅੰਗ 1412

ਇੱਥੇ “ਸਿਰ ਦੇਣਾ” ਕੇਵਲ ਸਰੀਰਕ ਮੌਤ ਦਾ ਪ੍ਰਤੀਕ ਨਹੀਂ। ਇਹ ਉਸ ਅਡੋਲਤਾ ਦਾ ਸੰਕੇਤ ਹੈ ਜਿਸ ਵਿੱਚ ਮਨੁੱਖ ਸੱਚੇ ਮਾਰਗ ’ਤੇ ਚੱਲਣ ਲਈ ਆਪਣੀ ਹਉਮੈ, ਸੁਆਰਥ, ਡਰ ਅਤੇ ਨਿੱਜੀ ਲਾਭ ਤੱਕ ਵਾਰਨ ਲਈ ਤਿਆਰ ਹੁੰਦਾ ਹੈ। ਇਸੇ ਕਰਕੇ ਗੁਰਬਾਣੀ ਵਿੱਚ ਸ਼ਹਾਦਤ ਨੂੰ ਸਮਝਣ ਦੀ ਪਹਿਲੀ ਕੁੰਜੀ ਪ੍ਰੇਮ ਅਤੇ ਸਿੱਖੀ ਸਿਧਾਂਤ ਪ੍ਰਤੀ ਅਡੋਲਤਾ ਹੈ।

ਸ਼ਹੀਦ ਦਾ ਸਿਰ ਗਿਆ, ਪਰ ਜਿਸ ਸੱਚ ਲਈ ਸਿਰ ਗਿਆ , ਉਹ ਸੱਚ ਹੀ ਅਸਲ ਕੇਂਦਰ ਹੈ।

ਇੱਥੇ ਇਹੀ ਫ਼ਰਕ ਸਮਝਣਾ ਹੈ।

“ਸ਼ਹੀਦ” ਮਾਰਗ ਦੀ ਸ਼ਹਾਦਤ (ਗਵਾਹ) ਹੈ; ਮਾਰਗ ਦਾ ਮਾਲਕ ਨਹੀਂ।

ਸੱਚ ਤੋਂ ਵੀ ਉੱਚਾ “ਸੱਚਾ ਆਚਰਨ” ਦੇ ਸਿਧਾਂਤ ਤੇ:

ਗੁਰੂ ਨਾਨਕ ਸਾਹਿਬ ਫ਼ਰਮਾਉਂਦੇ ਹਨ:

“ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥”

ਅੰਗ 62

ਗੁਰਬਾਣੀ ਦੀ ਇਹ ਪੰਕਤੀ ਸ਼ਹਾਦਤ ਦੇ ਫ਼ਲਸਫ਼ੇ ਨੂੰ ਬਹੁਤ ਡੂੰਘਾਈ ਦਿੰਦੀ ਹੈ। ਸੱਚ ਬੋਲਣਾ ਮਹੱਤਵਪੂਰਨ ਹੈ, ਪਰ ਉਸ ਸੱਚ ਨੂੰ ਸਿੱਖੀ ਸਿਧਾਂਤ ਤਹਿਤ ਆਚਰਨ ਵਿੱਚ ਉਤਾਰ ਲੈਣਾ ਉਸ ਤੋਂ ਵੀ ਉੱਚਾ ਹੈ। ਇਸ ਲਈ ਸ਼ਹੀਦ ਦੀ ਅਸਲ ਯਾਦ ਉਸ ਦੀ ਤਸਵੀਰ ਲਗਾਉਣ ਜਾਂ ਉਸ ਦੇ ਨਾਮ ਦੀ ਇਮਾਰਤ ਬਣਾਉਣ ਨਾਲ ਪੂਰੀ ਨਹੀਂ ਹੁੰਦੀ। ਉਸ ਸ਼ਹੀਦ ਨੇ ਸੱਚ ਲਈ ਸਿਰ ਦਿੱਤਾ ਸੀ ਉਸ ਦੀ ਯਾਦ ਦਾ ਸਭ ਤੋਂ ਵੱਡਾ ਸਤਿਕਾਰ ਉਸੇ ਹੀ “ਸੱਚ ਨੂੰ ਆਪਣੇ ਜੀਵਨ ਵਿੱਚ ਲਿਆਉਣਾ ਹੈ”

ਸ਼ਹੀਦ ਨੇ ਜਿਸ ਜ਼ੁਲਮ ਦੇ ਵਿਰੁੱਧ ਖੜ੍ਹ / ਲੜ ਕੇ ਸ਼ਹਾਦਤ ਦਿੱਤੀ ਹੈ ਉਸ ਦੀ ਯਾਦ ਦਾ ਅਰਥ “ਅੱਜ ਦੇ ਜ਼ੁਲਮ ਦੇ ਸਾਹਮਣੇ ਵੀ ਸੱਚਾ ਆਚਰਨ ਕਾਇਮ ਰੱਖਣਾ” ਹੈ ਸਿੱਖ ਪੰਥ ਦਾ ਮੂਲ ਆਧਾਰ ਤਹਿਤ ਸ਼ਹੀਦ ਦੀ ਮਹਾਨਤਾ ਅਤੇ ਅਕਾਲ ਪੁਰਖ ਦੀ ਉਸਤਤ, ਇਹ ਦੋ ਵੱਖਰੇ ਪੱਧਰ ਹਨ।

“ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥”

ਇੱਥੇ ਉਸਤਤ ਦਾ ਮੂਲ ਕੇਂਦਰ ਇਕ, ਅਜੂਨੀ, ਅਕਾਲ ਅਤੇ ਸੈਭੰ’ ਭਾਵ ਅਕਾਲ ਪੁਰਖ ਹੈ।

ਗੁਰਬਾਣੀ ਇਨਸਾਨ ਨੂੰ ਸੰਤਾਂ, ਭਗਤਾਂ ਅਤੇ ਗੁਰਮੁਖਾਂ ਦੀ ਸੰਗਤ ਅਤੇ ਉਨ੍ਹਾਂ ਦੇ ਜੀਵਨ ਤੋਂ ਸਿੱਖਣ ਲਈ ਪ੍ਰੇਰਿਤ ਕਰਦੀ ਹੈ। ਪਰ “ਸਤਿਕਾਰ”, “ਸੰਗਤ”, “ਪ੍ਰੇਰਣਾ” ਅਤੇ “ਉਸਤਤ” ਨੂੰ ਇੱਕੋ ਅਰਥ ਦੇਣਾ ਗੁਰਮਤਿ ਦੀ ਸ਼ਬਦਾਵਲੀ ਨੂੰ ਗੁੰਝਲਦਾਰ ਕਰ ਦਿੰਦਾ ਹੈ।

ਗੁਰਬਾਣੀ ਦਾ ਫ਼ਰਮਾਨ ਹੈ:

“ਸੰਤ ਜਨਾ ਮਿਲੁ ਸੰਗਤੀ ਗੁਰਮੁਖਿ ਤੀਰਥੁ ਹੋਇ ॥”

ਅੰਗ 597

ਭਾਵ- ਸੰਤ-ਜਨਾਂ ਦੀ ਸੰਗਤ ਗੁਰਮੁਖ ਲਈ ਤੀਰਥ-ਸਮਾਨ ਹੁੰਦੀ ਹੈ। ਇੱਥੇ ਕੇਂਦਰ ਸੰਗਤ ਅਤੇ ਉਸ ਰਾਹੀਂ ਆਤਮਿਕ ਬੁਲੰਦੀ ਹੈ।

ਇਸ ਲਈ ਕਿਸੇ ਮਹਾਨ ਮਨੁੱਖ ਦਾ ਜੀਵਨ ਸਾਡੇ ਲਈ ਤੀਰਥ-ਸਮਾਨ ਪ੍ਰੇਰਣਾ ਬਣ ਸਕਦਾ ਹੈ, ਪਰ ਇਸ ਤੋਂ ਇਹ ਨਤੀਜਾ ਆਪਣੇ ਆਪ ਨਹੀਂ ਨਿਕਲਦਾ ਕਿ ਉਸ ਮਨੁੱਖ ਨੂੰ ਅਕਾਲ ਪੁਰਖ ਦੇ ਸਥਾਨ ’ਤੇ ਉਸਤਤ ਦਾ ਕੇਂਦਰ ਬਣਾ ਦਿੱਤਾ ਜਾਵੇ।

ਗੁਰਬਾਣੀ ਦਾ ਇੱਕ ਹੋਰ ਮੂਲ ਸਿਧਾਂਤ ਹੈ:

“ਏਕੁ ਪਿਤਾ ਏਕਸ ਕੇ ਹਮ ਬਾਰਿਕ ॥”

ਸੋਰਠਿ ਮਹਲਾ 5, ਅੰਗ 611

ਜਦੋਂ ਸਾਰੇ ਮਨੁੱਖ ਇੱਕ ਪਿਤਾ ਦੀ ਬਖ਼ਸ਼ ਹਨ ਤਾਂ ਸ਼ਹੀਦ ਦੀ ਮਹਾਨਤਾ ਉਸ ਨੂੰ ਮਨੁੱਖਤਾ ਤੋਂ ਉੱਪਰ ਕੋਈ ਵੱਖਰੀ ਦੈਵੀ ਜਾਤ ਬਣਾਉਣ ਵਿੱਚ ਨਹੀਂ, ਸਗੋਂ ਮਨੁੱਖ ਹੋ ਕੇ ਮਨੁੱਖਤਾ ਲਈ ਆਪਣਾ ਸਰਵਸਵ ਵਾਰ ਦੇਣ ਵਿੱਚ ਹੈ।

ਇਹੀ ਗੁਰਮਤਿ ਦਾ ਬੇਮਿਸਾਲ ਮਨੁੱਖਵਾਦ ਹੈ।

ਸ਼ਹੀਦ ਇਸ ਲਈ ਮਹਾਨ ਹੈ ਕਿ ਉਹ ਮਨੁੱਖ ਹੋ ਕੇ ਮਨੁੱਖਤਾ ਦੇ ਹੱਕ ਲਈ ਆਪਣੇ ਆਪ ਤੋਂ ਉੱਪਰ ਉੱਠ ਗਿਆ।

ਕਿਸੇ ਸ਼ਹੀਦ ਦੇ ਨਾਮ ’ਤੇ ਗੁਰਦੁਆਰਾ ਬਣਾਉਣ ਨੂੰ ਤਿੰਨ ਵੱਖਰੇ ਅਰਥਾਂ ਵਿੱਚ ਸਮਝਿਆ ਜਾ ਸਕਦਾ ਹੈ:

ਪਹਿਲਾ — ਯਾਦਗਾਰੀ

ਇਹ ਉਸ ਸ਼ਹੀਦ ਦੀ ਕੁਰਬਾਨੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਸਾਧਨ ਹੈ।

ਦੂਜਾ — ਪ੍ਰੇਰਣਾ

ਉਸ ਸਥਾਨ ’ਤੇ ਗੁਰਬਾਣੀ, ਕੀਰਤਨ, ਕਥਾ, ਸੇਵਾ ਅਤੇ ਇਤਿਹਾਸ ਰਾਹੀਂ ਸੰਗਤ ਨੂੰ ਉਸ ਸ਼ਹੀਦ ਦੇ ਜੀਵਨ ਤੋਂ ਸਿੱਖਣ ਦਾ ਮੌਕਾ ਮਿਲਦਾ ਹੈ।

ਤੀਜਾ — ਉਸਤਤ

ਇਹ ਬਿਲਕੁਲ ਵੱਖਰਾ ਮਾਮਲਾ ਹੈ—ਜਦੋਂ ਕਿਸੇ ਮਨੁੱਖ ਨੂੰ ਦੈਵੀ ਸ਼ਕਤੀ ਮੰਨ ਕੇ ਉਸ ਤੋਂ ਵਰ ਮੰਗਣੇ, ਉਸ ਨੂੰ ਅਕਾਲ ਪੁਰਖ ਦੇ ਸਮਾਨ ਧਾਰਮਿਕ ਉਸਤਤ ਦਾ ਕੇਂਦਰ ਬਣਾਉਣਾ ਜਾਂ ਉਸ ਦੀ ਵਿਅਕਤੀਗਤ ਸ਼ਕਤੀ ਨੂੰ ਪੂਜਨੀਕ ਮੰਨਣਾ ਸ਼ੁਰੂ ਕਰ ਦਿੱਤਾ ਜਾਵੇ।

ਇਨ੍ਹਾਂ ਤਿੰਨਾਂ ਤੱਥਾਂ ਨੂੰ ਇੱਕੋ ਨਹੀਂ ਮੰਨਿਆ ਜਾ ਸਕਦਾ।

ਕਿਸੇ ਸ਼ਹੀਦ ਦੀ ਯਾਦ ਵਿੱਚ ਗੁਰਦੁਆਰਾ ਹੋਣਾ ਆਪਣੇ ਆਪ ਵਿੱਚ ਸ਼ਹੀਦ ਦੀ ਉਸਤਤ ਦਾ ਪ੍ਰਮਾਣ ਨਹੀਂ ਹੈ। ਅਸਲ ਸਵਾਲ ਇਹ ਹੈ ਕਿ ਉਸ ਸਥਾਨ ਵਿੱਚ ਧਾਰਮਿਕ ਕੇਂਦਰ ਕੌਣ ਹੈ?

ਜੇ ਕੇਂਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ, ਗੁਰਬਾਣੀ, ਕੀਰਤਨ, ਗੁਰਮਤਿ ਵਿਚਾਰ ਅਤੇ ਸੇਵਾ ਹੈ, ਤਾਂ ਨਾਮਕਰਨ ਅਤੇ ਉਸਤਤ ਨੂੰ ਵੱਖ-ਵੱਖ ਸਮਝਣਾ ਪਵੇਗਾ।

ਗੁਰਮਤਿ ਦੀ ਕਸੌਟੀ ਉੱਥੇ ਹੋਰ ਸਖ਼ਤ ਹੋ ਜਾਂਦੀ ਹੈ, ਜਿੱਥੇ ਸ਼ਹੀਦ ਦੀ ਸਮਾਧ ਹੀ ਉਸਤਤ ਦਾ ਕੇਂਦਰ ਬਣ ਜਾਵੇ?

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਰਜ ਜਾਣਕਾਰੀ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ 2013 ਦੇ ਆਦੇਸ਼ ਦੀ ਰੌਸ਼ਨੀ ਵਿੱਚ ਕਬਰਾਂ, ਸਮਾਧਾਂ ਅਤੇ ਜਠੇਰਿਆਂ ਆਦਿ ਦੀਆਂ ਥਾਵਾਂ ’ਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਮਨਾਹੀ ਦਾ ਹਵਾਲਾ ਦਿੱਤਾ ਗਿਆ ਹੈ।

ਇੱਥੇ ਇਹ ਗੱਲ ਇੱਕ ਬੁਨਿਆਦੀ ਫਰਕ ਦੱਸਦੀ ਹੈਕਿ ਇਤਿਹਾਸਕ ਸਥਾਨ ਦਾ ਸਤਿਕਾਰ ਕੀਤਾ ਜਾ ਸਕਦਾ ਹੈ, ਪਰ ਸਥਾਨ ਨੂੰ ਧਾਰਮਿਕ ਉਸਤਤ ਦਾ ਬਦਲ ਨਹੀਂ ਬਣਾਇਆ ਜਾ ਸਕਦਾ।

ਸ਼ਹੀਦ ਦੀ ਯਾਦ ਸਾਨੂੰ ਗੁਰੂ ਵੱਲ ਲੈ ਜਾਵੇ ਤਾਂ ਇਹ ਗੁਰਮਤਿ ਦੀ ਦਿਸ਼ਾ ਹੈ।

ਸ਼ਹੀਦ ਦੀ ਯਾਦ ਗੁਰੂ ਦੀ ਥਾਂ ਲੈ ਲਵੇ ਤਾਂ ਇਹ ਵੱਖਰਾ ਅਹਿਮ ਪ੍ਰਸ਼ਨ ਹੈ।

ਦਸਮ ਪਾਤਸ਼ਾਹ ਦੀਆਂ ਰਚਨਾਵਾਂ ਵਿੱਚ ਧਰਮ, ਨਿਆਂ, ਨਿਰਭਉਤਾ ਅਤੇ ਜ਼ੁਲਮ ਦੇ ਵਿਰੁੱਧ ਸੰਘਰਸ਼ ਦੀ ਬਹੁਤ ਪ੍ਰਭਾਵਸ਼ਾਲੀ ਚੇਤਨਾ ਮਿਲਦੀ ਹੈ।

ਪ੍ਰਸਿੱਧ ਪੰਕਤੀ ਹੈ:

“ਦੇਹ ਸਿਵਾ ਬਰੁ ਮੋਹਿ ਇਹੈ
ਸੁਭ ਕਰਮਨ ਤੇ ਕਬਹੂੰ ਨ ਟਰੋਂ ॥”

ਇਸ ਦਾ ਮੂਲ ਸੰਦੇਸ਼ ਹੈ- ਸ਼ੁਭ ਕਰਮਾਂ ਤੋਂ ਕਦੇ ਪਿੱਛੇ ਨਾ ਹਟਣਾ।

ਭਾਵ ਸੂਰਬੀਰਤਾ ਦਾ ਮੰਤਵ ਸਿਰਫ਼ ਜੰਗ ਕਰਨਾ ਨਹੀਂ ਸਗੋਂ ਸੂਰਬੀਰਤਾ ਦਾ ਮੰਤਵ ਧਾਰਮਿਕ ਅਤੇ ਨੈਤਿਕ ਕਰਤੱਵ ਤੋਂ ਪਿੱਛੇ ਨਾ ਹਟਣਾ ਹੈ। ਇਸੇ ਵਿਆਪਕ ਧਾਰਾ ਵਿੱਚ ਦਸਮ ਪਾਤਸ਼ਾਹ ਦੀ ਰਚਨਾ ਵਿੱਚ ਇਨਸਾਨੀਅਤ ਦੀ ਸਮਾਨਤਾ ਦਾ ਉੱਚਾਰ ਵੀ ਮਿਲਦਾ ਹੈ:

“ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ॥”

ਇਸ ਲਈ ਸਿੱਖ ਸ਼ਹਾਦਤ ਨੂੰ ਕੇਵਲ ਕਿਸੇ ਇੱਕ ਵਿਅਕਤੀ ਜਾਂ ਸਮੂਹ ਦੀ ਜਿੱਤ ਵਜੋਂ ਨਹੀਂ, ਬਲਕਿ ਧਰਮ, ਨਿਆਂ ਅਤੇ ਮਨੁੱਖੀ ਮਰਯਾਦਾ ਦੀ ਰੱਖਿਆ ਦੇ ਸਿਲਸਿਲੇ ਵਿੱਚ ਪੜ੍ਹਨਾ ਵਧੇਰੇ ਵਾਜਿਬ ਹੈ।

ਸਰਬਲੋਹ ਗ੍ਰੰਥ ਅਤੇ ਖ਼ਾਲਸਾ

ਸਰਬਲੋਹ ਗ੍ਰੰਥ ਨਾਲ ਸੰਬੰਧਿਤ ਪ੍ਰਚਲਿਤ ਪਾਠ ਵਿੱਚ ਆਉਂਦਾ ਹੈ:

“ਖਾਲਸਾ ਮੇਰੋ ਰੂਪ ਹੈ ਖਾਸ ॥
ਖਾਲਸੇ ਮਹਿ ਹਉ ਕਰਉ ਨਿਵਾਸ ॥”

ਇਸ ਰਚਨਾ ਵਿੱਚ ਖ਼ਾਲਸੇ ਨੂੰ ਗੁਰੂ ਦੇ ਵਿਸ਼ੇਸ਼ ਸਰੂਪ ਨਾਲ ਜੋੜਿਆ ਗਿਆ ਹੈ।

ਇੱਥੇ “ਵਿਅਕਤੀਗਤ ਮਹਾਨਤਾ ਤੋਂ ਉੱਪਰ ਪੰਥਕ ਸਰੂਪ” ਦਾ ਇੱਕ ਡੂੰਘਾ ਤੱਤ ਸਾਹਮਣੇ ਆਉਂਦਾ ਹੈ

ਸ਼ਹੀਦ ਸਿੰਘ ਦੀ ਮਹਾਨਤਾ ਉਸ ਦੀ ਆਪਣੀ ਨਿੱਜੀ ਸ਼ੋਭਾ ਵਿੱਚ ਨਹੀਂ, ਸਗੋਂ ਉਸ ਗੁਰੂ-ਮਾਰਗ ਅਤੇ ਪੰਥਕ ਜ਼ਿੰਮੇਵਾਰੀ ਵਿੱਚ ਹੈ ਜਿਸ ਲਈ ਉਸ ਨੇ ਆਪਣਾ ਜੀਵਨ ਭੇਂਟ ਕੀਤਾ।

ਅੱਜ ਦੇ ਵਿਸ਼ੇ ਦਾ ਸਭ ਤੋਂ ਮਹੱਤਵਪੂਰਨ ਤੱਥ “ਸ਼ਹੀਦ ਨੂੰ ਪੂਜਣਾ ਜਾਂ ਸ਼ਹੀਦ ਵਰਗਾ ਬਣਨਾ” ਹੈ

ਜੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਸਾਨੂੰ ਸਿਰਫ਼ ਇਹ ਹੀ ਦਰਸ਼ਾਏ ਕਿ:

“ਬਾਬਾ ਜੀ ਮਹਾਨ ਸਨ”

ਤਾਂ ਅਸੀਂ ਇਤਿਹਾਸ ਸੁਣਿਆ।

ਪਰ ਜੇ ਉਨ੍ਹਾਂ ਦੀ ਸ਼ਹਾਦਤ ਸਾਨੂੰ ਇਹ ਪੁੱਛਣ ਲਈ ਮਜਬੂਰ ਕਰੇ ਕਿ—

“ਅੱਜ ਮੈਂ ਸੱਚ, ਨਿਆਂ ਅਤੇ ਮਨੁੱਖੀ ਮਰਯਾਦਾ ਲਈ ਕੀ ਕਰ ਰਿਹਾ ਹਾਂ?”

ਤਾਂ ਹੀ ਅਸੀਂ ਸ਼ਹਾਦਤ ਨੂੰ ਸਮਝਿਆ।

ਸ਼ਹੀਦ ਦੀ ਸਭ ਤੋਂ ਵੱਡੀ ਯਾਦਗਾਰ ਪੱਥਰ ਦੀ ਇਮਾਰਤ ਨਹੀਂ ਸਗੋਂ ਸ਼ਹੀਦ ਦੀ ਸਭ ਤੋਂ ਵੱਡੀ ਯਾਦਗਾਰ ਉਹ ਮਨੁੱਖ ਹੈ ਜੋ ਉਸ ਦੇ ਸਿਧਾਂਤਾਂ ’ਤੇ ਜੀਉਂਦਾ ਹੈ।

ਗੁਰਮਤਿ ਵਿੱਚ “ਸ਼ਹੀਦ-ਪੂਜਾ” ਦੀ ਥਾਂ “ਸ਼ਹੀਦ-ਪ੍ਰੇਰਣਾ” ਸ਼ਬਦਾਂ ਦੀ ਚੋਣ ਅਤਿ ਮਹੱਤਵਪੂਰਨ ਹੈ।

ਗੁਰਬਾਣੀ ਵਾਰ-ਵਾਰ ਮਨੁੱਖ ਨੂੰ ਸ਼ਬਦ ਅਤੇ ਨਾਮ ਵੱਲ ਮੋੜਦੀ ਹੈ:

“ਬਾਣੀ ਲਾਗੈ ਸੋ ਗਤਿ ਪਾਏ
ਸਬਦੇ ਸਚਿ ਸਮਾਈ ॥”

ਅੰਗ 909

ਅਰਥ: ਬਾਣੀ ਨਾਲ ਜੁੜਨ ਅਤੇ ਸ਼ਬਦ ਰਾਹੀਂ ਸੱਚ ਵਿੱਚ ਸਮਾਉਣ ਨੂੰ ਆਤਮਿਕ ਮੁਕਤੀ ਦਾ ਮਾਰਗ ਦੱਸਿਆ ਗਿਆ ਹੈ। ਇਸ ਲਈ ਸ਼ਹੀਦ ਦੀ ਯਾਦ ਦਾ ਅੰਤਿਮ ਮੰਤਵ ਵੀ ਸ਼ਬਦ ਨਾਲ ਜੋੜਨਾ ਹੀ ਹੈ। ਗੁਰਦੁਆਰਾ ਸ਼ਹੀਦ ਦੀ ਮੂਰਤ ਨਹੀਂ ਸਗੋਂ ਗੁਰੂ ਦਾ ਦਰ ਹੈ,“ਗੁਰੂ ਦਾ ਦੁਆਰ” ਹੀ ਗੁਰੂ ਸ਼ਬਦ ਰਾਹੀਂ ਗੁਰਮਤਿ ਦੀ ਦਿਸ਼ਾ ਦਿੰਦਾ ਹੈ ਇਸ ਲਈ ਕਿਸੇ ਸ਼ਹੀਦ ਦੇ ਨਾਮ ਨਾਲ ਜੁੜਿਆ ਅਸਥਾਨ ਵੀ ਆਤਮਿਕ ਪਛਾਣ ਵਿੱਚ ਗੁਰੂ ਵੱਲ ਖੁੱਲ੍ਹਦਾ ਦਰਵਾਜ਼ਾ ਹੀ ਹੋਣਾ ਚਾਹੀਦਾ ਹੈ।

ਉੱਥੇ ਸ਼ਹੀਦ ਦੀ ਤਸਵੀਰ ਮਨਮਤਿ ਅਨੁਸਾਰ ਹੋ ਸਕਦੀ ਹੈ ਪਰ, ਉਸਤਤ ਦਾ ਕੇਂਦਰ ਗੁਰੂ ਗ੍ਰੰਥ ਸਾਹਿਬ ਹੋਵੇ।

ਉੱਥੇ ਸ਼ਹੀਦ ਦੀ ਸ਼ਹਾਦਤ ਦਾ ਜ਼ਿਕਰ ਕੁਰਬਾਨੀ ਦੇ ਅਰਥ ਗੁਰਮਤਿ ਦੇ ਪ੍ਰਕਾਸ਼ ਵਿੱਚ ਸਮਝਾਇਆ ਜਾਵੇ।

ਇਹੀ ਅਜ਼ੀਮ ਸਤਿਕਾਰ ਨੂੰ ਉਸਤਤ ਵਿੱਚ ਬਦਲਣ ਤੋਂ ਬਚਾਉਂਦਾ ਹੈ।

ਸ਼ਹੀਦ ਦੀ ਯਾਦ ਦਾ ਅਰਥ ਹੈ ਧਰਮ ਦੀ ਆਜ਼ਾਦੀ ਦੀ ਰੱਖਿਆ, ਜਿਸ ਨੂੰ ਉਨ੍ਹਾਂ ਨੇ ਗੁਰਮਤਿ ਸਿਧਾਂਤਾਂ ਅਤੇ ਗੁਰੂ ਦੀ ਸਿੱਖਿਆ ਲੈਕੇ ਗਰੀਬ ਅਤੇ ਮਜ਼ਲੂਮਾਂ ਲਈ ਸ਼ਹਾਦਤ ਦਿੱਤਾ, ਇੱਥੇ ਸ਼ਹੀਦ ਦੀ ਸ਼ਹਾਦਤ ਦਾ ਅਰਥ ਹਰ ਮਜ਼ਲੂਮ ਤੇ ਹੋ ਰਹੇ ਜ਼ੁਲਮ ਦੀ ਪੰਥਕ ਪਛਾਣਨਾ ਅਤੇ ਹਰ ਮਜ਼ਲੂਮ ਦੇ ਹੱਕ ਵਿੱਚ ਖੜ੍ਹਨਾ ਹੈ ।

ਜਿਸ ਸ਼ਹੀਦ ਨੇ ਗੁਰੂ ਦੇ ਹੁਕਮ ਲਈ ਆਪਣਾ ਜੀਵਨ ਵਾਰਿਆ, ਤਾਂ ਉਸ ਦੀ ਯਾਦ ਦਾ ਅਰਥ ਹੈ ਗੁਰੂ ਦੀ ਬਾਣੀ ਅਤੇ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ।
ਇਸ ਲਈ—
ਸ਼ਹੀਦ ਦੀ ਅਸਲ ਪੂਜਾ ਉਸ ਨੂੰ ਉਸਤਤ ਨਹੀਂ, ਉਸ ਦੇ ਪਵਿੱਤਰ ਸੱਚ ਨੂੰ ਜੀਉਣਾ ਹੈ।

ਸਿੱਖੀ ਦਾ ਇਹ ਵਿਸ਼ਾ ਕਿਸੇ ਵਿਅਕਤੀ, ਕਿਸੇ ਸ਼ਹੀਦ, ਕਿਸੇ ਗੁਰਦੁਆਰੇ ਜਾਂ ਕਿਸੇ ਪਰੰਪਰਾ ਦੀ ਨਿੰਦਾ ਕਰਨ ਲਈ ਨਹੀਂ ਹੈ।

ਇਹ ਇੱਕ ਸਵਾਲ ਦੇ ਜਵਾਬ ਲਈ ਹੈ-
ਜਿਸ ਸਿੰਘ ਨੇ ਗੁਰੂ ਲਈ ਸਿਰ ਵਰਿਆ , ਕੀ ਅਸੀਂ ਉਸ ਦੇ ਸਿਰ ਦੀ ਸ਼ਹਾਦਤ ਨੂੰ ਅਕਲਪੁਰੁਖ ਤੋਂ ਵੀ ਵੱਡਾ ਬਣਾ ਦਿੱਤਾ?

ਜਿਸ ਨੇ ਅਕਾਲ ਪੁਰਖ ਦੇ ਹੁਕਮ ਵਿੱਚ ਜੀਵਨ ਵਾਰਿਆ, ਕੀ ਅਸੀਂ ਉਸ ਨੂੰ ਹੀ ਆਪਣੀ ਉਸਤਤ ਦਾ ਧੁਰਾ ਬਣਾ ਦਿੱਤਾ?

ਜਿਸ ਨੇ ਇਨਸਾਨੀਅਤ ਦੇ ਹੱਕ ਲਈ ਸ਼ਹਾਦਤ ਦਿੱਤੀ, ਕੀ ਅਸੀਂ ਉਸ ਦੀ ਯਾਦ ਨੂੰ ਸਿਰਫ਼ ਰਸਮ ਮਾਤਰ ਬਣਾ ਦਿੱਤਾ?

ਅਤੇ ਸਭ ਤੋਂ ਡੂੰਘਾ ਸਵਾਲ ਦੇ ਜਵਾਬ ਵਿੱਚ

ਅਸੀਂ ਸ਼ਹੀਦਾਂ ਦੀਆਂ ਯਾਦਗਾਰਾਂ ਤਾਂ ਬਣਾ ਰਹੇ ਹਾਂ, ਪਰ ਕੀ ਉਨ੍ਹਾਂ ਦੇ ਸਿਧਾਂਤਾਂ ਦੀ ਜਿਉਂਦੀ ਯਾਦਗਾਰ ਆਪਣੇ ਅੰਦਰ ਵੀ ਬਣਾ ਰਹੇ ਹਾਂ?

ਗੁਰਬਾਣੀ ਦੀ ਕਸੌਟੀ ਸਾਨੂੰ ਮੁੜ ਉੱਥੇ ਹੀ ਲੈ ਜਾਂਦੀ ਹੈ:

“ਸਚਹੁ ਓਰੈ ਸਭੁ ਕੋ
ਉਪਰਿ ਸਚੁ ਆਚਾਰੁ ॥”

ਸ਼ਹੀਦ ਨੇ ਸੱਚ ਲਈ ਸਿਰ ਦਿੱਤਾ।

ਸਾਡਾ ਫ਼ਰਜ਼ ਸ਼ਹੀਦਾਂ ਦੇ ਸ਼ਹਾਦਤ ਦੀ ਪੂਜਾ ਕਰਨਾ ਨਹੀਂ ਸਗੋਂ ਉਸ ਸੱਚ ਨੂੰ ਆਪਣੇ ਜੀਵਨ ਦਾ ਸੁਭਾਅ ਬਣਾਉਣਾ ਹੈ।

ਇਹੀ ਸ਼ਹਾਦਤ ਦੀ ਮਰਯਾਦਾ ਹੈ।

ਇਹੀ ਸ਼ਹੀਦ ਦਾ ਸੱਚਾ ਸਤਿਕਾਰ ਹੈ।

ਇਹੀ ਗੁਰਮਤਿ ਦੀ ਕਸੌਟੀ ਹੈ।

ਅਤੇ ਇਹੀ ਉਹ ਦਾਰੋਮਦਾਰ ਹੈ ਜਿੱਥੇ ਸ਼ਹੀਦ ਦੀ ਯਾਦ ਗੁਰੂ ਦੀ ਥਾਂ ਨਹੀਂ ਲੈਂਦੀ, ਸਗੋਂ ਸਾਨੂੰ ਮੁੜ ਗੁਰੂ ਦੇ ਦਰ ਨਾਲ ਜੋੜਦੀ ਹੈ।

ਗੁਰਮੀਤ ਸਿੰਘ ਤੁੰਗ

ਬਿਊਰੋ ਚੀਫ਼ (98552 21193)

Exit mobile version