ਪੁਣੇ, 8 ਨਵੰਬਰ, 2026 (ਗੁਰਮੀਤ ਸਿੰਘ ਤੁੰਗ) : ਕਰਨਾਟਕ ਸ਼ਾਸਤਰੀ ਸੰਗੀਤ ਜਗਤ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪ੍ਰਸਿੱਧ ਮ੍ਰਿਦੰਗਮ ਵਾਦਕ ਸ਼੍ਰੀਧਰ ਪਾਰਥਸਾਰਥੀ ਦਾ 54 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ 6 ਨਵੰਬਰ ਨੂੰ ਪੁਣੇ ਵਿਖੇ ਦੀਵਾਲੀ ਦੇ ਵਿਸ਼ੇਸ਼ ਸੰਗੀਤ ਸਮਾਗਮ ‘ਦੀਵਾਲੀ ਪਹਾਟ’ ਦੌਰਾਨ ਆਪਣੀ ਪੇਸ਼ਕਾਰੀ ਦੇ ਰਹੇ ਸਨ, ਜਦੋਂ ਅਚਾਨਕ ਸਟੇਜ ’ਤੇ ਡਿੱਗ ਪਏ। ਮਿਲੀ ਜਾਣਕਾਰੀ ਅਨੁਸਾਰ, ਸ਼ੁੱਕਰਵਾਰ ਸਵੇਰੇ ਕਰੀਬ 7 ਵਜੇ ਇਹ ਘਟਨਾ ਵਾਪਰੀ। ਉਸ ਸਮੇਂ ਉਹ ਲਗਭਗ ਇੱਕ ਘੰਟੇ ਤੋਂ ਸੰਗੀਤਕ ਪੇਸ਼ਕਾਰੀ ਕਰ ਰਹੇ ਸਨ। ਮੌਕੇ ’ਤੇ ਮੌਜੂਦ ਡਾਕਟਰਾਂ ਨੇ ਤੁਰੰਤ ਉਨ੍ਹਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਾਰਡੀਅਕ ਐਂਬੂਲੈਂਸ ਰਾਹੀਂ ਮਣੀਪਾਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਸੀਪੀਆਰ (CPR) ਸਮੇਤ ਜ਼ਰੂਰੀ ਇਲਾਜ ਕੀਤਾ। ਹਾਲਾਂਕਿ, ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਬਾਣੇਰ ਪੁਲਿਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਚੰਦਰਸ਼ੇਖਰ ਸਾਵੰਤ ਨੇ ਵੀ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹਸਪਤਾਲ ਵਿੱਚ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਸ਼ੰਕਰ ਮਹਾਦੇਵਨ ਨੇ ਪ੍ਰਗਟਾਇਆ ਡੂੰਘਾ ਦੁੱਖ
ਉੱਘੇ ਗਾਇਕ ਅਤੇ ਸੰਗੀਤਕਾਰ ਸ਼ੰਕਰ ਮਹਾਦੇਵਨ ਨੇ ਸ਼੍ਰੀਧਰ ਪਾਰਥਸਾਰਥੀ ਦੇ ਅਚਾਨਕ ਵਿਛੋੜੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਪਾਰਥਸਾਰਥੀ ਨੂੰ ਸ਼ਾਨਦਾਰ ਤਾਲ-ਵਾਦਕ ਅਤੇ ਬੇਮਿਸਾਲ ਸੰਗੀਤਕਾਰ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਜਾਣਾ ਸੰਗੀਤ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਮਹਾਦੇਵਨ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਭਾਵੁਕ ਪੋਸਟ ਵਿੱਚ ਦੱਸਿਆ ਕਿ ਕਰੀਬ 40 ਸਾਲ ਪਹਿਲਾਂ ਉਨ੍ਹਾਂ ਦੇ ਪਹਿਲੇ ਕਰਨਾਟਕ ਸ਼ਾਸਤਰੀ ਸੰਗੀਤ ਸਮਾਗਮ ਵਿੱਚ ਵੀ ਸ਼੍ਰੀਧਰ ਪਾਰਥਸਾਰਥੀ ਨੇ ਸਾਥ ਦਿੱਤਾ ਸੀ। ਸਮੇਂ ਦੇ ਨਾਲ ਦੋਵਾਂ ਵਿਚਕਾਰ ਗੂੜ੍ਹੀ ਦੋਸਤੀ ਬਣ ਗਈ ਸੀ ਅਤੇ ਉਨ੍ਹਾਂ ਨੇ ਇਕੱਠਿਆਂ ਸੰਗੀਤ, ਹਾਸੇ-ਮਜ਼ਾਕ ਅਤੇ ਖੁਸ਼ੀਆਂ ਭਰੇ ਕਈ ਪਲ ਬਿਤਾਏ। ਮਹਾਦੇਵਨ ਨੇ ਕਿਹਾ ਕਿ ਉਹ ਇਸ ਦੁਖਦਾਈ ਖ਼ਬਰ ’ਤੇ ਯਕੀਨ ਨਹੀਂ ਕਰ ਪਾ ਰਹੇ ਅਤੇ ਆਪਣੇ ਕਰੀਬੀ ਦੋਸਤ ਦੇ ਵਿਛੋੜੇ ਨੇ ਉਨ੍ਹਾਂ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਮੁਤਾਬਕ, ਸੰਗੀਤ ਦੀ ਸੇਵਾ ਕਰਦਿਆਂ ਮੰਚ ’ਤੇ ਇਸ ਤਰ੍ਹਾਂ ਅਚਾਨਕ ਵਿਦਾ ਹੋ ਜਾਣਾ ਬੇਹੱਦ ਦਰਦਨਾਕ ਹੈ। ਸ਼੍ਰੀਧਰ ਪਾਰਥਸਾਰਥੀ ਦੇ ਦੇਹਾਂਤ ਨਾਲ ਕਰਨਾਟਕ ਸ਼ਾਸਤਰੀ ਸੰਗੀਤ ਦੇ ਪ੍ਰੇਮੀਆਂ ਅਤੇ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਹੈ।
