ਫਿਲਮ ਦੇ ਨਿਰਦੇਸ਼ਕ ਰਾਜੇਸ਼ ਮਾਪੁਸਕਰ ਦੀ ਵੀ ਹੋਵੇਗੀ ਵਾਪਸੀ, ਪਹਿਲੀ ਫਿਲਮ ਨੇ ਜਿੱਤੇ ਸਨ ਤਿੰਨ ਕੌਮੀ ਫਿਲਮ ਪੁਰਸਕਾਰ
ਮੁੰਬਈ, 7 ਨਵੰਬਰ, 2026 (ਛਤਰਪਾਲ ਸਿੰਘ ) : ਬਾਲੀਵੁੱਡ ਅਦਾਕਾਰਾ ਅਤੇ ਫਿਲਮ ਨਿਰਮਾਤਾ ਪ੍ਰਿਯੰਕਾ ਚੋਪੜਾ ਨੇ ਆਪਣੀ ਚਰਚਿਤ ਮਰਾਠੀ ਫਿਲਮ ‘ਵੈਂਟੀਲੇਟਰ’ ਦੇ ਸੀਕਵਲ ‘ਵੈਂਟੀਲੇਟਰ 2’ ਦਾ ਐਲਾਨ ਕਰ ਦਿੱਤਾ ਹੈ। ਸਾਲ 2016 ਵਿੱਚ ਰਿਲੀਜ਼ ਹੋਈ ਪਹਿਲੀ ਫਿਲਮ ਦੀ ਸਫਲਤਾ ਤੋਂ ਬਾਅਦ ਹੁਣ ਇਸ ਦੀ ਅਗਲੀ ਕੜੀ 2027 ਵਿੱਚ ਦਰਸ਼ਕਾਂ ਦੇ ਰੂਬਰੂ ਹੋਵੇਗੀ। ਪ੍ਰਿਯੰਕਾ ਚੋਪੜਾ ਆਪਣੇ ਪ੍ਰੋਡਕਸ਼ਨ ਹਾਊਸ ਪਰਪਲ ਪੈਬਲ ਪਿਕਚਰਜ਼ ਦੇ ਬੈਨਰ ਹੇਠ ਇਸ ਫਿਲਮ ਦਾ ਨਿਰਮਾਣ ਕਰ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਪਹਿਲੀ ਫਿਲਮ ਦਾ ਨਿਰਦੇਸ਼ਨ ਕਰਨ ਵਾਲੇ ਰਾਜੇਸ਼ ਮਾਪੁਸਕਰ ਹੀ ਇਸ ਵਾਰ ਵੀ ਫਿਲਮ ਦੀ ਕਹਾਣੀ ਲਿਖਣ ਅਤੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਸੰਭਾਲਣਗੇ। ਫਿਲਮ ਦਾ ਨਿਰਮਾਣ ਪ੍ਰਿਯੰਕਾ ਚੋਪੜਾ, ਡਾ. ਮਧੂ ਚੋਪੜਾ ਅਤੇ ਰਾਜੇਸ਼ ਮਾਪੁਸਕਰ ਵੱਲੋਂ ਪਰਪਲ ਪੈਬਲ ਪਿਕਚਰਜ਼ ਅਤੇ ਮੈਜਿਕ ਪਿਕਚਰਜ਼ ਦੇ ਸਹਿਯੋਗ ਨਾਲ ਕੀਤਾ ਜਾਵੇਗਾ।
ਸੋਸ਼ਲ ਮੀਡੀਆ ’ਤੇ ਫਿਲਮ ਦਾ ਐਲਾਨ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਦਸ ਸਾਲ ਪਹਿਲਾਂ ਉਨ੍ਹਾਂ ਨੇ ਅਜਿਹੀਆਂ ਕਹਾਣੀਆਂ ਦਰਸ਼ਕਾਂ ਤੱਕ ਪਹੁੰਚਾਉਣ ਦਾ ਸੁਪਨਾ ਲਿਆ ਸੀ, ਜੋ ਸਮਾਜ ਅਤੇ ਮਨੁੱਖੀ ਜੀਵਨ ਨਾਲ ਜੁੜੇ ਅਰਥਪੂਰਨ ਵਿਸ਼ਿਆਂ ਨੂੰ ਪੇਸ਼ ਕਰਨ। ‘ਵੈਂਟੀਲੇਟਰ’ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਲਈ ਅਜਿਹਾ ਹੀ ਇੱਕ ਮਹੱਤਵਪੂਰਨ ਪ੍ਰੋਜੈਕਟ ਸੀ ਅਤੇ ਹੁਣ ਇੱਕ ਦਹਾਕੇ ਬਾਅਦ ਇਸ ਕਹਾਣੀ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਫਿਲਮ ਦੀ ਕਾਸਟ ਅਤੇ ਕਹਾਣੀ ਸਬੰਧੀ ਫਿਲਹਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਸਾਲ 2016 ਵਿੱਚ ਰਿਲੀਜ਼ ਹੋਈ ਪਹਿਲੀ ਫਿਲਮ ਦੀ ਕਹਾਣੀ ਕਾਮੇਰਕਰ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਸੀ। ਗਣੇਸ਼ ਚਤੁਰਥੀ ਦੇ ਤਿਉਹਾਰ ਤੋਂ ਪਹਿਲਾਂ ਪਰਿਵਾਰ ਦੇ ਇੱਕ ਬਜ਼ੁਰਗ ਮੈਂਬਰ ਨੂੰ ਵੈਂਟੀਲੇਟਰ ’ਤੇ ਰੱਖੇ ਜਾਣ ਕਾਰਨ ਸਾਰੇ ਪਰਿਵਾਰਕ ਮੈਂਬਰ ਹਸਪਤਾਲ ਵਿੱਚ ਇਕੱਠੇ ਹੁੰਦੇ ਹਨ। ਇਸ ਦੌਰਾਨ ਪਰਿਵਾਰਕ ਰਿਸ਼ਤਿਆਂ, ਪੀੜ੍ਹੀਆਂ ਦੇ ਫ਼ਰਕ, ਆਪਸੀ ਤਣਾਅ ਅਤੇ ਸੁਲ੍ਹਾ-ਸਫ਼ਾਈ ਨੂੰ ਹਾਸੇ ਅਤੇ ਭਾਵਨਾਵਾਂ ਦੇ ਸੁਮੇਲ ਨਾਲ ਪੇਸ਼ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪਹਿਲੀ ‘ਵੈਂਟੀਲੇਟਰ’ ਫਿਲਮ ਨੇ ਤਿੰਨ ਕੌਮੀ ਫਿਲਮ ਪੁਰਸਕਾਰ ਜਿੱਤੇ ਸਨ। ਇਨ੍ਹਾਂ ਵਿੱਚ ਰਾਜੇਸ਼ ਮਾਪੁਸਕਰ ਨੂੰ ਸਰਵੋਤਮ ਨਿਰਦੇਸ਼ਕ, ਸਰਵੋਤਮ ਐਡੀਟਿੰਗ ਅਤੇ ਸਰਵੋਤਮ ਸਾਊਂਡ ਮਿਕਸਿੰਗ ਦੇ ਪੁਰਸਕਾਰ ਸ਼ਾਮਲ ਸਨ। ਹੁਣ ਇਸ ਦੇ ਸੀਕਵਲ ਨੂੰ ਲੈ ਕੇ ਸਿਨੇਮਾ ਪ੍ਰੇਮੀਆਂ ਵਿੱਚ ਉਤਸੁਕਤਾ ਵਧਣ ਦੀ ਉਮੀਦ ਹੈ।
