ਅਲਬਰਟਾ (ਕੈਨੇਡਾ), 20 ਅਕਤੂਬਰ (ਛਤਰਪਾਲ ਸਿੰਘ): ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਕੈਨੇਡਾ ਤੋਂ ਵੱਖ ਹੋਣ, ਇਮੀਗ੍ਰੇਸ਼ਨ ਨੀਤੀ ਅਤੇ ਸੰਵਿਧਾਨਕ ਤਬਦੀਲੀਆਂ ਵਰਗੇ ਅਹਿਮ ਮੁੱਦਿਆਂ ’ਤੇ ਕਰਵਾਏ ਗਏ 10 ਸਵਾਲਾਂ ਵਾਲੇ ਰੈਫਰੈਂਡਮ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਕਈ ਵੋਟਿੰਗ ਕੇਂਦਰਾਂ ’ਤੇ ਦੇਰੀ ਕਾਰਨ ਵੋਟਿੰਗ ਦਾ ਸਮਾਂ ਵਧਾਉਣਾ ਪਿਆ, ਜਿਸ ਨਾਲ ਨਤੀਜਿਆਂ ਦੇ ਐਲਾਨ ਵਿੱਚ ਵੀ ਦੇਰੀ ਹੋਈ। ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ (CBC) ਦੀ ਰਿਪੋਰਟ ਮੁਤਾਬਕ, ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ 8 ਵਜੇ ਵੋਟਿੰਗ ਖ਼ਤਮ ਹੋਣੀ ਸੀ, ਪਰ 100 ਤੋਂ ਵੱਧ ਕੇਂਦਰ ਨਿਰਧਾਰਤ ਸਮੇਂ ਤੋਂ ਬਾਅਦ ਵੀ ਖੁੱਲ੍ਹੇ ਰਹੇ।
ਇਸ ਰੈਫਰੈਂਡਮ ਦਾ ਸਭ ਤੋਂ ਚਰਚਿਤ ਸਵਾਲ ਇਹ ਸੀ ਕਿ ਕੀ ਅਲਬਰਟਾ ਕੈਨੇਡਾ ਦਾ ਹਿੱਸਾ ਬਣਿਆ ਰਹੇ ਜਾਂ ਸੂਬਾ ਸਰਕਾਰ ਕੈਨੇਡਾ ਦੇ ਸੰਵਿਧਾਨ ਅਨੁਸਾਰ ਅਜਿਹੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰੇ, ਜਿਸ ਰਾਹੀਂ ਭਵਿੱਖ ਵਿੱਚ ਕੈਨੇਡਾ ਤੋਂ ਵੱਖ ਹੋਣ ਬਾਰੇ ਬੰਧਨਕਾਰੀ ਜਨਮਤ ਸੰਗ੍ਰਹਿ ਕਰਵਾਇਆ ਜਾ ਸਕੇ। ਇਸ ਮੁੱਦੇ ਨੇ ਸੂਬੇ ਦੀ ਰਾਜਨੀਤੀ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਰੈਫਰੈਂਡਮ ਦੇ ਬਾਕੀ ਨੌਂ ਸਵਾਲ ਇਮੀਗ੍ਰੇਸ਼ਨ ’ਤੇ ਸੂਬੇ ਦਾ ਵਧੇਰੇ ਕੰਟਰੋਲ, ਸਰਕਾਰੀ ਸਹੂਲਤਾਂ ਲਈ ਯੋਗਤਾ, ਵੋਟ ਪਾਉਣ ਸਮੇਂ ਨਾਗਰਿਕਤਾ ਦਾ ਸਬੂਤ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਵਿਚਾਲੇ ਅਧਿਕਾਰਾਂ ਦੀ ਵੰਡ ਨਾਲ ਸਬੰਧਤ ਸਨ। ਇਨ੍ਹਾਂ ਵਿੱਚ ਗੈਰ-ਸਥਾਈ ਨਿਵਾਸੀਆਂ ਲਈ ਸਰਕਾਰੀ ਸਹਾਇਤਾ ਲੈਣ ਤੋਂ ਪਹਿਲਾਂ ਘੱਟੋ-ਘੱਟ 12 ਮਹੀਨੇ ਅਲਬਰਟਾ ਵਿੱਚ ਰਹਿਣ ਦੀ ਸ਼ਰਤ, ਸਿਹਤ ਸੇਵਾਵਾਂ ਅਤੇ ਸਿੱਖਿਆ ਲਈ ਵਾਜਬ ਫ਼ੀਸ ਲਗਾਉਣ ਅਤੇ ਸੂਬਾਈ ਚੋਣਾਂ ਵਿੱਚ ਵੋਟ ਪਾਉਣ ਲਈ ਨਾਗਰਿਕਤਾ ਦਾ ਸਬੂਤ ਲਾਜ਼ਮੀ ਕਰਨ ਬਾਰੇ ਲੋਕਾਂ ਦੀ ਰਾਇ ਮੰਗੀ ਗਈ।
ਸੰਵਿਧਾਨਕ ਮੁੱਦਿਆਂ ਤਹਿਤ ਸੂਬਾਈ ਅਦਾਲਤਾਂ ਦੇ ਜੱਜਾਂ ਦੀ ਨਿਯੁਕਤੀ ਵਿੱਚ ਸੂਬਾ ਸਰਕਾਰਾਂ ਦੀ ਭੂਮਿਕਾ ਵਧਾਉਣ, ਫੈਡਰਲ ਸੈਨੇਟ ਨੂੰ ਖ਼ਤਮ ਕਰਨ ਅਤੇ ਸਿਹਤ, ਸਿੱਖਿਆ ਤੇ ਸਮਾਜਿਕ ਸੇਵਾਵਾਂ ਵਰਗੇ ਖੇਤਰਾਂ ਵਿੱਚ ਸੂਬਿਆਂ ਦੇ ਅਧਿਕਾਰ ਮਜ਼ਬੂਤ ਕਰਨ ਬਾਰੇ ਵੀ ਸਵਾਲ ਪੁੱਛੇ ਗਏ। ਇੱਕ ਹੋਰ ਸਵਾਲ ਵਿੱਚ ਕੇਂਦਰੀ ਅਤੇ ਸੂਬਾਈ ਕਾਨੂੰਨਾਂ ਵਿਚਾਲੇ ਟਕਰਾਅ ਹੋਣ ਦੀ ਸਥਿਤੀ ਵਿੱਚ ਸੂਬਾਈ ਅਧਿਕਾਰਾਂ ਨੂੰ ਵਧੇਰੇ ਤਰਜੀਹ ਦੇਣ ਦੇ ਪ੍ਰਸਤਾਵ ਬਾਰੇ ਰਾਇ ਲਈ ਗਈ। ਰੈਫਰੈਂਡਮ ਦੇ ਨਤੀਜੇ ਕਾਨੂੰਨੀ ਤੌਰ ’ਤੇ ਲਾਜ਼ਮੀ ਨਹੀਂ। CBC ਅਨੁਸਾਰ, ਸਾਰੇ 10 ਸਵਾਲ ਗੈਰ-ਬੰਧਨਕਾਰੀ ਹਨ, ਜਿਸ ਦਾ ਮਤਲਬ ਹੈ ਕਿ ਸੂਬਾ ਸਰਕਾਰ ਨਤੀਜਿਆਂ ਦੇ ਆਧਾਰ ’ਤੇ ਕਾਰਵਾਈ ਕਰਨ ਲਈ ਕਾਨੂੰਨੀ ਤੌਰ ’ਤੇ ਪਾਬੰਦ ਨਹੀਂ ਹੋਵੇਗੀ। ਇਸ ਤੋਂ ਇਲਾਵਾ, ਨਤੀਜਿਆਂ ਨੂੰ ਵੈਧ ਮੰਨਣ ਲਈ ਵੋਟਿੰਗ ਪ੍ਰਤੀਸ਼ਤ ਦੀ ਕੋਈ ਘੱਟੋ-ਘੱਟ ਸ਼ਰਤ ਵੀ ਨਹੀਂ ਰੱਖੀ ਗਈ। ਅਲਬਰਟਾ ਦੇ ਲੋਕਾਂ ਵਿੱਚ ਕੈਨੇਡਾ ਨਾਲ ਜੁੜੇ ਰਹਿਣ ਜਾਂ ਵੱਖ ਹੋਣ ਬਾਰੇ ਵੱਖ-ਵੱਖ ਵਿਚਾਰ ਹਨ। ਹੁਣ ਇਸ ਰੈਫਰੈਂਡਮ ਦੇ ਨਤੀਜੇ ਇਹ ਸਮਝਣ ਵਿੱਚ ਅਹਿਮ ਹੋਣਗੇ ਕਿ ਇਮੀਗ੍ਰੇਸ਼ਨ, ਸੂਬਾਈ ਖ਼ੁਦਮੁਖ਼ਤਿਆਰੀ ਅਤੇ ਕੈਨੇਡਾ ਨਾਲ ਸਬੰਧਾਂ ਬਾਰੇ ਲੋਕਾਂ ਦੀ ਰਾਇ ਕਿਸ ਦਿਸ਼ਾ ਵੱਲ ਹੈ।
