ਮੁੰਬਈ:6ਜੁਲਾਈ (ਛਤਰਪਾਲ ਸਿੰਘ): ਭਾਰਤੀ ਮੌਸਮ ਵਿਭਾਗ (IMD) ਨੇ ਸੋਮਵਾਰ ਨੂੰ ਮੁੰਬਈ, ਠਾਣੇ ਅਤੇ ਰਾਇਗੜ੍ਹ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਸਵੇਰ ਤੋਂ ਮੌਸਮ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਵਿਭਾਗ ਨੇ ਪਹਿਲਾਂ ਜਾਰੀ ਆਰੇਂਜ ਅਲਰਟ ਨੂੰ ਵਧਾ ਕੇ ਰੈੱਡ ਅਲਰਟ ਕਰ ਦਿੱਤਾ ਹੈ।
ਆਈਐਮਡੀ ਅਨੁਸਾਰ ਭਾਰੀ ਮੀਂਹ ਕਾਰਨ ਨੀਵੇਂ ਇਲਾਕਿਆਂ ਅਤੇ ਸ਼ਹਿਰੀ ਖੇਤਰਾਂ ਵਿੱਚ ਪਾਣੀ ਭਰ ਸਕਦਾ ਹੈ, ਜਿਸ ਨਾਲ ਅਚਾਨਕ ਹੜ੍ਹ (ਫਲੈਸ਼ ਫਲੱਡ) ਦੀ ਸਥਿਤੀ ਬਣ ਸਕਦੀ ਹੈ। ਸੜਕਾਂ ਅਤੇ ਪੁਲਾਂ ‘ਤੇ ਪਾਣੀ ਆ ਸਕਦਾ ਹੈ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਵੇਗੀ।
ਵਿਭਾਗ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਲਗਾਤਾਰ ਮੀਂਹ ਕਾਰਨ ਪੁਰਾਣੀਆਂ ਅਤੇ ਕਮਜ਼ੋਰ ਇਮਾਰਤਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਜਾਂ ਉਹ ਢਹਿ ਸਕਦੀਆਂ ਹਨ। ਇਸ ਤੋਂ ਇਲਾਵਾ, ਜ਼ਮੀਨ ਖਿਸਕਣ (ਲੈਂਡਸਲਾਈਡ), ਕਮਜ਼ੋਰ ਦਰੱਖਤਾਂ ਦੇ ਡਿੱਗਣ, ਤੇਜ਼ ਹਵਾਵਾਂ ਅਤੇ ਗਰਜ-ਚਮਕ ਨਾਲ ਤੂਫ਼ਾਨ ਆਉਣ ਦੀ ਵੀ ਸੰਭਾਵਨਾ ਹੈ। ਖੜ੍ਹੀਆਂ ਫਸਲਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।
ਉੱਧਰ, ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਹੈ। ਚੰਬਾ, ਮੰਡੀ ਅਤੇ ਸ਼ਿਮਲਾ ਵਿੱਚ ਕੁਝ ਥਾਵਾਂ ‘ਤੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਜਦਕਿ ਕਾਂਗੜਾ, ਊਨਾ ਅਤੇ ਸਿਰਮੌਰ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਨੇ ਕਿਹਾ ਹੈ ਕਿ ਭਾਰੀ ਵਰਖਾ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ, ਸੜਕਾਂ ‘ਤੇ ਦਿੱਖ ਘਟਣ ਅਤੇ ਸੜਕ ਹਾਦਸਿਆਂ ਦਾ ਖ਼ਤਰਾ ਵੱਧ ਸਕਦਾ ਹੈ। ਇਸ ਨਾਲ ਟ੍ਰੈਫਿਕ ਜਾਮ, ਆਵਾਜਾਈ ਵਿੱਚ ਰੁਕਾਵਟ ਅਤੇ ਰੋਜ਼ਾਨਾ ਦੇ ਕੰਮਕਾਜ ‘ਤੇ ਵੀ ਅਸਰ ਪੈ ਸਕਦਾ ਹੈ।
ਲੋਕਾਂ ਨੂੰ ਬਿਨਾਂ ਲੋੜ ਘਰ ਤੋਂ ਬਾਹਰ ਨਾ ਨਿਕਲਣ, ਘਰ ਅੰਦਰ ਹੀ ਰਹਿਣ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਜਾਰੀ ਮੌਸਮ ਸੰਬੰਧੀ ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ।
ਸੈਲਾਨੀਆਂ ਨੂੰ ਖ਼ਾਸ ਤੌਰ ‘ਤੇ ਜ਼ਮੀਨ ਖਿਸਕਣ ਵਾਲੇ ਖੇਤਰਾਂ ਦੀ ਯਾਤਰਾ ਤੋਂ ਬਚਣ ਅਤੇ ਦਰਿਆਵਾਂ, ਨਾਲਿਆਂ ਅਤੇ ਹੋਰ ਜਲ ਸਰੋਤਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਨੂੰ ਟ੍ਰੈਫਿਕ ਐਡਵਾਈਜ਼ਰੀ ਅਤੇ ਮੌਸਮ ਨਾਲ ਸੰਬੰਧਿਤ ਤਾਜ਼ਾ ਜਾਣਕਾਰੀ ‘ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ।
ਮਾਨਸੂਨ ਦੇ ਸਰਗਰਮ ਹੋਣ ਕਾਰਨ ਕੁੱਲੂ ਦੇ ਕਈ ਇਲਾਕਿਆਂ ਵਿੱਚ ਅਚਾਨਕ ਹੜ੍ਹ ਦੀ ਸਥਿਤੀ ਬਣ ਗਈ ਹੈ, ਜਿਸ ਨਾਲ ਸੜਕ ਸੰਪਰਕ ਪ੍ਰਭਾਵਿਤ ਹੋਇਆ ਹੈ ਅਤੇ ਰਾਸ਼ਟਰੀ ਰਾਜਮਾਰਗ-5 (NH-5) ਵੀ ਕਈ ਥਾਵਾਂ ‘ਤੇ ਬੰਦ ਹੋ ਗਿਆ ਹੈ। ਕਈ ਵਾਹਨ ਇਸ ਨਾਲ ਪ੍ਰਭਾਵਿਤ ਹੋਏ ਹਨ, ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਆਈਐਮਡੀ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਕਿਸੇ ਵੀ ਯਾਤਰਾ ‘ਤੇ ਨਿਕਲਣ ਤੋਂ ਪਹਿਲਾਂ ਮੌਸਮ ਦੀ ਜਾਣਕਾਰੀ ਜ਼ਰੂਰ ਲੈਣ। ਪਸ਼ੂਆਂ ਨੂੰ ਸੁਰੱਖਿਅਤ ਥਾਵਾਂ ‘ਤੇ ਰੱਖਿਆ ਜਾਵੇ ਅਤੇ ਬਿਜਲੀ ਚਮਕਣ ਦੌਰਾਨ ਸਾਰੇ ਬਿਜਲੀ ਉਪਕਰਨਾਂ ਦੇ ਪਲੱਗ ਕੱਢ ਦਿੱਤੇ ਜਾਣ।
ਕਿਸਾਨਾਂ ਨੂੰ ਆਪਣਾ ਅਨਾਜ ਸੁਰੱਖਿਅਤ ਥਾਵਾਂ ‘ਤੇ ਰੱਖਣ ਦੀ ਸਲਾਹ ਦਿੱਤੀ ਗਈ ਹੈ। ਲੋਕਾਂ ਨੂੰ ਪੁਰਾਣੀਆਂ ਇਮਾਰਤਾਂ ਜਾਂ ਉੱਚੇ ਦਰੱਖਤਾਂ ਹੇਠਾਂ ਪਨਾਹ ਨਾ ਲੈਣ ਅਤੇ ਮੌਸਮ ਨਾਲ ਜੁੜੀਆਂ ਤਾਜ਼ਾ ਹਦਾਇਤਾਂ ‘ਤੇ ਲਗਾਤਾਰ ਨਜ਼ਰ ਰੱਖਣ ਲਈ ਕਿਹਾ ਗਿਆ ਹੈ।








