ਮੁੰਬਈ, 23 ਅਗਸਤ 2026 ( ਦੀਪਕ ਦੱਤਾ) : ਅਦਾਕਾਰ ਰਣਦੀਪ ਹੁੱਡਾ ਨੇ ਆਪਣੇ ਮੌਜੂਦਾ ਵਰਕਆਊਟ ਰੂਟੀਨ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਹ ਆਪਣੇ ਟੀਚੇ ਦੇ ਮੁਤਾਬਕ ਕਾਫੀ ਪਾਵਰਲਿਫਟਿੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਫਿਟਨੈੱਸ ਰੁਟੀਨ ਲਗਾਤਾਰ ਬਦਲਦੀ ਰਹਿੰਦੀ ਹੈ ਅਤੇ ਕਈ ਵਾਰ ਉਹ ਹਲਕੀ ਕਸਰਤ ਵਜੋਂ ਸੈਰ ਕਰਨਾ ਵੀ ਪਸੰਦ ਕਰਦੇ ਹਨ। ਪਾਵਰਲਿਫਟਿੰਗ ਇੱਕ ਸਟ੍ਰੈਂਥ ਸਪੋਰਟ ਹੈ, ਜਿਸ ਵਿੱਚ ਤਿੰਨ ਮੁੱਖ ਕਸਰਤਾਂ ਸ਼ਾਮਲ ਹੁੰਦੀਆਂ ਹਨ—ਸਕੁਐਟ, ਬੈਂਚ ਪ੍ਰੈੱਸ ਅਤੇ ਡੈਡਲਿਫਟ।
ਜਸਲੋਕ ਹਸਪਤਾਲ ਐਂਡ ਰਿਸਰਚ ਸੈਂਟਰ, ਮੁੰਬਈ ਦੀ ਕਨਸਲਟੈਂਟ ਫਿਜ਼ਿਓਥੈਰਾਪਿਸਟ ਡਾ. ਸੁਪ੍ਰਿਆ ਪਾਟਿਲ ਮੁਤਾਬਕ ਪਾਵਰਲਿਫਟਿੰਗ ਦਾ ਮੁੱਖ ਉਦੇਸ਼ ਸਹੀ ਤਕਨੀਕ ਅਤੇ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਦਿਆਂ ਵੱਧ ਤੋਂ ਵੱਧ ਭਾਰ ਚੁੱਕਣਾ ਹੁੰਦਾ ਹੈ। ਮੁਕਾਬਲਿਆਂ ਵਿੱਚ ਖਿਡਾਰੀਆਂ ਨੂੰ ਆਮ ਤੌਰ ’ਤੇ ਹਰ ਲਿਫਟ ਲਈ ਤਿੰਨ ਕੋਸ਼ਿਸ਼ਾਂ ਮਿਲਦੀਆਂ ਹਨ। ਹਰ ਕਸਰਤ ਵਿੱਚ ਕੀਤੀ ਗਈ ਸਭ ਤੋਂ ਵਧੀਆ ਸਫਲ ਲਿਫਟ ਨੂੰ ਜੋੜ ਕੇ ਖਿਡਾਰੀ ਦਾ ਕੁੱਲ ਸਕੋਰ ਤੈਅ ਕੀਤਾ ਜਾਂਦਾ ਹੈ। ਰਣਦੀਪ ਹੁੱਡਾ ਪਹਿਲਾਂ ਵੀ ਆਪਣੀ ਫਿਟਨੈੱਸ ਅਤੇ ਸਖ਼ਤ ਵਰਕਆਊਟ ਰੁਟੀਨ ਲਈ ਚਰਚਾ ਵਿੱਚ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਰਕਆਊਟ ਦੀ ਚੋਣ ਉਹ ਆਪਣੇ ਮੌਜੂਦਾ ਟੀਚੇ ਦੇ ਅਨੁਸਾਰ ਕਰਦੇ ਹਨ।
