Homeਸੰਸਾਰਗ੍ਰੀਸ ’ਚ ਪੰਜਾਬੀ ਦੀ ਮੌਤ, ਡਾ. ਓਬਰਾਏ ਦੀ ਮਦਦ ਨਾਲ ਦੇਹ ਵਤਨ...

ਗ੍ਰੀਸ ’ਚ ਪੰਜਾਬੀ ਦੀ ਮੌਤ, ਡਾ. ਓਬਰਾਏ ਦੀ ਮਦਦ ਨਾਲ ਦੇਹ ਵਤਨ ਪਹੁੰਚੀ

Jalandhar man dies in Greece; community support and Dr SP Singh Oberoi help bring his mortal remains home.

ਜਲੰਧਰ, 12 ਅਗਸਤ, 2026 (ਹਰਸ਼ਪ੍ਰੀਤ ਕੌਰ) : ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਨਾਲ ਜੁੜੀ ਇੱਕ ਦੁਖਦਾਈ ਖ਼ਬਰ ਗ੍ਰੀਸ ਤੋਂ ਸਾਹਮਣੇ ਆਈ ਹੈ। ਜਲੰਧਰ ਦੇ ਰਹਿਣ ਵਾਲੇ 55 ਸਾਲਾ ਅਸ਼ੋਕ ਕੁਮਾਰ ਦੀ 22 ਜੁਲਾਈ ਨੂੰ ਗ੍ਰੀਸ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰਿਵਾਰ ਦੀ ਮਾਲੀ ਹਾਲਤ ਕਮਜ਼ੋਰ ਹੋਣ ਕਾਰਨ ਮ੍ਰਿਤਕ ਦੇਹ ਨੂੰ ਭਾਰਤ ਲਿਆਉਣਾ ਉਨ੍ਹਾਂ ਲਈ ਵੱਡੀ ਚੁਣੌਤੀ ਬਣ ਗਿਆ ਸੀ। ਪਰਿਵਾਰ ਦੀ ਮਦਦ ਲਈ ਦੁਬਈ-ਅਧਾਰਤ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਦੇ ਸਰਪ੍ਰਸਤ ਡਾ. ਐੱਸ.ਪੀ. ਸਿੰਘ ਓਬਰਾਏ ਅੱਗੇ ਆਏ। ਉਨ੍ਹਾਂ ਦੇ ਯਤਨਾਂ ਅਤੇ ਗ੍ਰੀਸ ਦੀ ਸੰਗਤ ਦੇ ਸਹਿਯੋਗ ਨਾਲ ਅਸ਼ੋਕ ਕੁਮਾਰ ਦੀ ਦੇਹ ਭਾਰਤ ਲਿਆਂਦੀ ਗਈ।

30 ਸਾਲ ਪਹਿਲਾਂ ਬਿਹਤਰ ਭਵਿੱਖ ਲਈ ਗਏ ਸਨ ਗ੍ਰੀਸ

ਡਾ. ਓਬਰਾਏ ਅਨੁਸਾਰ ਅਸ਼ੋਕ ਕੁਮਾਰ ਲਗਭਗ 30 ਸਾਲ ਪਹਿਲਾਂ ਬਿਹਤਰ ਰੋਜ਼ਗਾਰ ਅਤੇ ਭਵਿੱਖ ਦੀ ਆਸ ਨਾਲ ਗ੍ਰੀਸ ਗਏ ਸਨ। ਉੱਥੇ ਹੀ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰ ਨੂੰ ਜਦੋਂ ਇਸ ਦੁਖਦਾਈ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਦੇਹ ਨੂੰ ਵਾਪਸ ਭਾਰਤ ਲਿਆਉਣ ਦੀ ਸੀ। ਪਰਿਵਾਰ ਵੱਲੋਂ ਦੱਸਿਆ ਗਿਆ ਕਿ ਇੱਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਦੇਹ ਭਾਰਤ ਭੇਜਣ ਲਈ ਪੰਜ ਲੱਖ ਰੁਪਏ ਦੀ ਮੰਗ ਕੀਤੀ ਸੀ। ਪੈਸੇ ਨਾ ਦੇਣ ਦੀ ਸੂਰਤ ਵਿੱਚ ਦੇਹ ਨੂੰ ਲਾਵਾਰਿਸ ਕਰਾਰ ਦੇ ਕੇ ਗ੍ਰੀਸ ਵਿੱਚ ਹੀ ਅੰਤਿਮ ਸੰਸਕਾਰ ਕਰਨ ਦੀ ਗੱਲ ਕਹੀ ਗਈ।

ਪਤਨੀ ਨੇ ਡਾ. ਓਬਰਾਏ ਤੋਂ ਮਦਦ ਮੰਗੀ

ਅਸ਼ੋਕ ਕੁਮਾਰ ਦੀ ਪਤਨੀ ਰੇਖਾ ਨੇ ਆਪਣੀ ਮਜਬੂਰੀ ਬਾਰੇ ਡਾ. ਓਬਰਾਏ ਨੂੰ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਅਜਿਹੀ ਨਹੀਂ ਸੀ ਕਿ ਉਹ ਇੰਨੀ ਵੱਡੀ ਰਕਮ ਦਾ ਪ੍ਰਬੰਧ ਕਰ ਸਕਣ। ਇਸ ਤੋਂ ਬਾਅਦ ਡਾ. ਓਬਰਾਏ ਨੇ ਏਥਨਜ਼ ਸਥਿਤ ਗੁਰਦੁਆਰਾ ਨਾਨਕ ਦਰਬਾਰ ਦੇ ਪ੍ਰਧਾਨ ਅਤੇ ਟਰੱਸਟ ਦੇ ਮੈਂਬਰ ਦਲਜੀਤ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਦੀ ਦਖ਼ਲਅੰਦਾਜ਼ੀ ਅਤੇ ਸਥਾਨਕ ਸੰਗਤ ਦੇ ਸਹਿਯੋਗ ਨਾਲ ਦੇਹ ਨੂੰ ਭਾਰਤ ਭੇਜਣ ਦੀ ਪ੍ਰਕਿਰਿਆ ਪੂਰੀ ਕੀਤੀ ਗਈ।

ਮੁਫ਼ਤ ਐਂਬੂਲੈਂਸ ਰਾਹੀਂ ਘਰ ਪਹੁੰਚਾਈ ਦੇਹ

ਅਸ਼ੋਕ ਕੁਮਾਰ ਦੀ ਮ੍ਰਿਤਕ ਦੇਹ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਅਤੇ ਮਨਪ੍ਰੀਤ ਸਿੰਘ ਸੰਧੂ ਦੀ ਦੇਖ-ਰੇਖ ਹੇਠ ਮੁਫ਼ਤ ਐਂਬੂਲੈਂਸ ਰਾਹੀਂ ਉਨ੍ਹਾਂ ਦੇ ਘਰ ਪਹੁੰਚਾਈ ਗਈ। ਡਾ. ਓਬਰਾਏ ਨੇ ਦੱਸਿਆ ਕਿ ਗ੍ਰੀਸ ਤੋਂ ਭਾਰਤ ਤੱਕ ਮ੍ਰਿਤਕ ਦੇਹ ਲਿਆਉਣ ਦਾ ਖਰਚਾ ਅਸ਼ੋਕ ਕੁਮਾਰ ਦੇ ਸਾਥੀਆਂ ਅਤੇ ਗ੍ਰੀਸ ਸਥਿਤ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੱਲੋਂ ਸੰਗਤ ਦੇ ਸਹਿਯੋਗ ਨਾਲ ਚੁੱਕਿਆ ਗਿਆ। ਇਸ ਉਪਰਾਲੇ ਨਾਲ ਪਰਿਵਾਰ ਨੂੰ ਆਪਣੇ ਪਿਆਰੇ ਦਾ ਅੰਤਿਮ ਸੰਸਕਾਰ ਵਤਨ ਵਿੱਚ ਕਰਨ ਦਾ ਮੌਕਾ ਮਿਲ ਸਕਿਆ।

 

RELATED ARTICLES
- Advertisment -
Google search engine
Google search engine
Google search engine

Most Popular

Recent Comments