Homeਪਟਿਆਲਾ ਅਪਡੇਟ ਪੰਜਾਬ ਦੇ ਰਾਜਪਾਲ ਨੇ ਚਿਨਮਯਾ ਅੰਮ੍ਰਿਤ ਵਾਹਿਨੀ ਦਾ ਕੀਤਾ ਸਵਾਗਤ 

 ਪੰਜਾਬ ਦੇ ਰਾਜਪਾਲ ਨੇ ਚਿਨਮਯਾ ਅੰਮ੍ਰਿਤ ਵਾਹਿਨੀ ਦਾ ਕੀਤਾ ਸਵਾਗਤ 

Punjab Governor Welcomes Chinmaya Amrit Vahini

ਪਟਿਆਲਾ, 8 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ) : ਚਿਨਮਯਾ ਮਿਸ਼ਨ ਦੀ ਸਥਾਪਨਾ ਦੇ 75 ਸਾਲ ਪੂਰੇ ਹੋਣ ਦੇ ਮੌਕੇ ’ਤੇ ਪਟਿਆਲਾ ਵਿਖੇ ‘ਚਿਨਮਯਾ ਅੰਮ੍ਰਿਤ ਮਹਾਉਤਸਵ’ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਚਿਨਮਯਾ ਅੰਮ੍ਰਿਤ ਵਾਹਿਨੀ ਦਾ ਵੀ ਭਰਵਾਂ ਸਵਾਗਤ ਕੀਤਾ ਗਿਆ।ਚਿਨਮਯਾ ਅੰਮ੍ਰਿਤ ਵਾਹਿਨੀ ਵਿੱਚ ਪੂਜਨੀਕ ਗੁਰੂਦੇਵ ਸਵਾਮੀ ਚਿਨਮਯਾਨੰਦ ਜੀ ਦੀ ਪਵਿੱਤਰ ਮੂਰਤੀ ਅਤੇ ਪਾਦੁਕਾ ਸ਼ਾਮਲ ਹਨ, ਜੋ ਪਿਛਲੇ ਇੱਕ ਸਾਲ ਤੋਂ ਪੂਰੇ ਦੇਸ਼ ਵਿੱਚ ਧਾਰਮਿਕ ਯਾਤਰਾ ਕਰਦੀਆਂ ਹੋਈਆਂ ਪਟਿਆਲਾ ਪਹੁੰਚੀਆਂ। ਇਸ ਮੌਕੇ ਸੰਗਤ ਅਤੇ ਚਿਨਮਯਾ ਮਿਸ਼ਨ ਦੇ ਮੈਂਬਰਾਂ ਵੱਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਵਾਹਿਨੀ ਦਾ ਸਵਾਗਤ ਕੀਤਾ ਗਿਆ।

ਸਮਾਗਮ ਦੌਰਾਨ ਚਿਨਮਯਾ ਮਿਸ਼ਨ ਨੋਇਡਾ ਦੇ ਆਚਾਰਿਆ ਸਵਾਮੀ ਚਿਦਰੂਪਾਨੰਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਚਿਨਮਯਾ ਮਿਸ਼ਨ ਨੇ ਪੂਜਨੀਕ ਸਵਾਮੀ ਚਿਨਮਯਾਨੰਦ ਜੀ ਦੀ ਤਪੱਸਿਆ, ਗਿਆਨ ਅਤੇ ਵਿਚਾਰਧਾਰਾ ਨੂੰ ਦੇਸ਼-ਵਿਦੇਸ਼ ਵਿੱਚ ਲੋਕਾਂ ਤੱਕ ਪਹੁੰਚਾਉਣ ਲਈ ਮਹੱਤਵਪੂਰਨ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਮਿਸ਼ਨ ਦੇ ਕੇਂਦਰ ਪੂਰੇ ਦੇਸ਼ ਵਿੱਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿੱਚ ਵੀ ਮੌਜੂਦ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਇਸ ਨਾਲ ਜੁੜੇ ਹੋਏ ਹਨ। ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਭਾਰਤ ਦਾ ਇਹ ਸੁਭਾਗ ਹੈ ਕਿ ਇੱਥੋਂ ਦੀ ਮਹਾਨ ਆਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸੰਤਾਂ ਅਤੇ ਮਹਾਂਪੁਰਖਾਂ ਵੱਲੋਂ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵਦ ਗੀਤਾ ਅਤੇ ਰਾਮਾਇਣ ਵਰਗੇ ਮਹਾਨ ਗ੍ਰੰਥਾਂ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਸਮੇਂ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਮਨੁੱਖ ਨੂੰ ਸਭ ਤੋਂ ਪਹਿਲਾਂ ਆਪਣੇ ਆਪ ’ਤੇ ਜਿੱਤ ਪ੍ਰਾਪਤ ਕਰਨੀ ਚਾਹੀਦੀ ਹੈ ਅਤੇ ਇਸ ਤੋਂ ਬਾਅਦ ਹੀ ਦੂਜਿਆਂ ’ਤੇ ਜਿੱਤ ਦੀ ਗੱਲ ਆਉਂਦੀ ਹੈ। ਉਨ੍ਹਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਦੇ ਸਿਧਾਂਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਇਨ੍ਹਾਂ ਮਹਾਨ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ। ਸ੍ਰੀ ਕਟਾਰੀਆ ਨੇ ਕਿਹਾ ਕਿ ਸੰਤਾਂ ਅਤੇ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਵੱਲੋਂ ਦਿਖਾਇਆ ਗਿਆ ਮਾਰਗ ਹੀ ਸਾਡੀ ਸੱਭਿਆਚਾਰਕ ਅਤੇ ਆਧਿਆਤਮਿਕ ਵਿਰਾਸਤ ਨੂੰ ਮਜ਼ਬੂਤ ਬਣਾਉਂਦਾ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਦੂਜਿਆਂ ਲਈ ਜੀਣਾ ਹੀ ਅਸਲ ਜੀਵਨ ਹੈ। ਅਜਿਹੇ ਧਾਰਮਿਕ ਅਤੇ ਆਧਿਆਤਮਿਕ ਸਥਾਨਾਂ ’ਤੇ ਜਾ ਕੇ ਮਨੁੱਖ ਨੂੰ ਅੰਦਰੂਨੀ ਤਾਕਤ ਅਤੇ ਪ੍ਰੇਰਣਾ ਮਿਲਦੀ ਹੈ।

ਉਨ੍ਹਾਂ ਕਿਹਾ ਕਿ ਚਿਨਮਯਾ ਮਿਸ਼ਨ ਨਾਲ ਜੁੜੇ ਬੱਚੇ ਅਤੇ ਨੌਜਵਾਨ ਇੱਕ ਮਿਸ਼ਨ ਲੈ ਕੇ ਅੱਗੇ ਵੱਧ ਰਹੇ ਹਨ ਅਤੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ। ਉਨ੍ਹਾਂ ਚਿਨਮਯਾ ਮਿਸ਼ਨ ਵੱਲੋਂ ਭਾਰਤੀ ਸੰਸਕ੍ਰਿਤੀ, ਅਧਿਆਤਮ ਅਤੇ ਸਨਾਤਨ ਗਿਆਨ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਰਾਜ ਕੁਮਾਰ ਗੁਪਤਾ ਅਤੇ ਸ੍ਰੀ ਨਰੇਸ਼ ਗੁਪਤਾ ਵੱਲੋਂ ਮੁੱਖ ਮਹਿਮਾਨ ਅਤੇ ਪਤਵੰਤਿਆਂ ਦਾ ਸਵਾਗਤ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸ੍ਰੀ ਮਾਧਵ ਸ਼ਰਮਾ ਨੇ ਨਿਭਾਈ। ਚਿਨਮਯਾ ਮਿਸ਼ਨ ਦੇ ਸਵਾਮੀ ਮਾਧਵਾਨੰਦ, ਪਟਿਆਲਾ ਦੀ ਪ੍ਰਧਾਨ ਸ੍ਰੀਮਤੀ ਪੁਸ਼ਪਾ ਮਨਚੰਦਾ ਸਮੇਤ ਮਿਸ਼ਨ ਦੇ ਹੋਰ ਮੈਂਬਰਾਂ ਵੱਲੋਂ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments