Homeਹਰਿਆਣਾਰੇਵਾੜੀ ਮੈਰਾਥਨ ਵਿੱਚ 50 ਹਜ਼ਾਰ ਤੋਂ ਵੱਧ ਲੋਕਾਂ ਨੇ ਲਿਆ ਹਿੱਸਾ, CM...

ਰੇਵਾੜੀ ਮੈਰਾਥਨ ਵਿੱਚ 50 ਹਜ਼ਾਰ ਤੋਂ ਵੱਧ ਲੋਕਾਂ ਨੇ ਲਿਆ ਹਿੱਸਾ, CM ਸੈਣੀ ਨੇ ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਅੱਗੇ ਆਉਣ ਦਾ ਦਿੱਤਾ ਸੱਦਾ

CM Saini Flags Off Rewari Marathon to Promote Drug-Free Haryana

ਰੇਵਾੜੀ, 6 ਸਤੰਬਰ 2026 (ਹਰਸ਼ਪ੍ਰੀਤ ਕੌਰ): ਹਰਿਆਣਾ ਦੇ ਰੇਵਾੜੀ ਵਿੱਚ ਐਤਵਾਰ ਨੂੰ ਕਰਵਾਈ ਗਈ ਮੈਰਾਥਨ ਵਿੱਚ 50 ਹਜ਼ਾਰ ਤੋਂ ਵੱਧ ਲੋਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੈਰਾਥਨ ਨੂੰ ਹਰੀ ਝੰਡੀ ਦਿੰਦਿਆਂ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਮੁਹਿੰਮ ਦੀ ਅਗਵਾਈ ਕਰਨ ਦਾ ਸੱਦਾ ਦਿੱਤਾ। “ਨਸ਼ੇ ਸੇ ਜੰਗ, ਰੇਵਾੜੀ ਕੇ ਸੰਗ” ਥੀਮ ਹੇਠ ਕਰਵਾਈ ਗਈ ਇਸ ਮੈਰਾਥਨ ਦਾ ਮਕਸਦ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਨੌਜਵਾਨਾਂ ਨੂੰ ਖੇਡਾਂ ਤੇ ਸਿਹਤਮੰਦ ਜੀਵਨ ਸ਼ੈਲੀ ਨਾਲ ਜੋੜਨਾ ਸੀ। ਮੈਰਾਥਨ ਨੂੰ ਰਵਾਨਾ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਨੌਜਵਾਨਾਂ ਨੇ ਨਸ਼ਿਆਂ ਖ਼ਿਲਾਫ਼ ਨਿਰਣਾਇਕ ਲੜਾਈ ਲੜਨ ਦਾ ਸੰਕਲਪ ਲਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦੇ ਯਤਨਾਂ ਨੂੰ ਹੋਰ ਮਜ਼ਬੂਤੀ ਦੇਵੇਗੀ। ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਇਨਫੋਰਸਮੈਂਟ, ਜਾਗਰੂਕਤਾ, ਇਲਾਜ ਅਤੇ ਪੁਨਰਵਾਸ ’ਤੇ ਆਧਾਰਿਤ ਵਿਆਪਕ ਰਣਨੀਤੀ ਤਹਿਤ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਹਾਦਰੀ, ਮਿਹਨਤ ਅਤੇ ਦੇਸ਼ਭਗਤੀ ਲਈ ਜਾਣੇ ਜਾਂਦੇ ਰੇਵਾੜੀ ਵਿੱਚ ਨਸ਼ਿਆਂ ਵਰਗੀ ਸਮਾਜਿਕ ਬੁਰਾਈ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ।

ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਨਸ਼ਾ ਤਸਕਰੀ ਦੀ ਜਾਣਕਾਰੀ ਪੁਲਿਸ ਅਤੇ ਸਬੰਧਤ ਏਜੰਸੀਆਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਵਿੱਚ ਹਰ ਨੌਜਵਾਨ ਸਰਗਰਮ ਭੂਮਿਕਾ ਨਿਭਾਏ ਅਤੇ ਘੱਟੋ-ਘੱਟ 10 ਹੋਰ ਨੌਜਵਾਨਾਂ ਨੂੰ ਨਸ਼ਿਆਂ ਦੇ ਨੁਕਸਾਨਾਂ ਬਾਰੇ ਜਾਗਰੂਕ ਕਰੇ। ਸੈਣੀ ਨੇ ਦੱਸਿਆ ਕਿ ਨਸ਼ਾ ਪ੍ਰਭਾਵਿਤ ਲੋਕਾਂ ਦੀ ਮਦਦ ਅਤੇ ਨਸ਼ਾ ਤਸਕਰੀ ਨਾਲ ਸਬੰਧਤ ਜਾਣਕਾਰੀ ਦੇਣ ਲਈ ਟੋਲ-ਫ੍ਰੀ ਐਂਟੀ-ਡਰੱਗ ਹੈਲਪਲਾਈਨ 9050891508 ਸ਼ੁਰੂ ਕੀਤੀ ਗਈ ਹੈ। ਨਸ਼ੀਲੇ ਪਦਾਰਥਾਂ ਨਾਲ ਸਬੰਧਤ ਸ਼ਿਕਾਇਤਾਂ MANAS ਪੋਰਟਲ ਅਤੇ 1933 ਹੈਲਪਲਾਈਨ ਰਾਹੀਂ ਵੀ ਦਰਜ ਕਰਵਾਈਆਂ ਜਾ ਸਕਦੀਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਸ਼ਿਕਾਇਤਕਰਤਾਵਾਂ ਦੀ ਪਛਾਣ ਗੁਪਤ ਰੱਖੀ ਜਾਵੇਗੀ। ਮੈਰਾਥਨ ਦੌਰਾਨ ਮੁੱਖ ਮੰਤਰੀ ਖੁਦ ਵੀ ਦੌੜਾਕਾਂ ਨਾਲ ਦੌੜਦੇ ਨਜ਼ਰ ਆਏ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ। ਮੈਰਾਥਨ ਰੂਟ ’ਤੇ ਡਰੋਨਾਂ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਰੂਟ ਦੇ ਨੇੜੇ ਗ੍ਰੀਨ ਬੈਲਟ ਵਿੱਚ ਬੂਟੇ ਲਗਾ ਕੇ ਵਾਤਾਵਰਣ ਸੰਭਾਲ ਦਾ ਸੰਦੇਸ਼ ਵੀ ਦਿੱਤਾ।

ਮੈਰਾਥਨ ਦੇ ਮੁੱਖ ਸਥਾਨ ਅਤੇ ਰਸਤੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਗਏ। ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਨਸ਼ਾ ਮੁਕਤ ਹਰਿਆਣਾ ਦਾ ਸੰਦੇਸ਼ ਦਿੱਤਾ। ਗਾਇਕ ਨਵੀਨ ਪੂਨੀਆ ਅਤੇ ਸਤਿਆਨ ਲਾਂਬਾ ਨੇ ਵੀ ਪ੍ਰੋਗਰਾਮ ਦੌਰਾਨ ਪੇਸ਼ਕਾਰੀ ਦਿੱਤੀ। ਸੈਂਡ ਆਰਟ ਅਤੇ ਪ੍ਰਦਰਸ਼ਨੀਆਂ ਰਾਹੀਂ ਵੀ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਬਾਅਦ ਵਿੱਚ ਰਾਓ ਤੁਲਾ ਰਾਮ ਸਟੇਡੀਅਮ ਦੇ ਸਾਹਮਣੇ ਹੋਏ ਸਮਾਗਮ ਵਿੱਚ ਮੁੱਖ ਮੰਤਰੀ ਨੇ ਮੈਰਾਥਨ ਦੇ ਜੇਤੂਆਂ ਨੂੰ ਨਕਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। 10 ਕਿਲੋਮੀਟਰ ਹਾਫ ਮੈਰਾਥਨ ਦੀ ਪੁਰਸ਼ ਵਰਗ ਵਿੱਚ ਮੋਨੂ ਕੁਮਾਰ ਨੇ ਪਹਿਲਾ, ਧਰਮੇਂਦਰ ਨੇ ਦੂਜਾ ਅਤੇ ਰਾਮਸੰਗਰੂਪ ਨੇ ਤੀਜਾ ਸਥਾਨ ਹਾਸਲ ਕੀਤਾ। ਮਹਿਲਾ ਵਰਗ ਵਿੱਚ ਸਰਿਤਾ ਪਾਲ ਪਹਿਲੇ, ਸੋਨਿਕਾ ਦੂਜੇ ਅਤੇ ਨੀਤਾ ਰਾਣੀ ਤੀਜੇ ਸਥਾਨ ’ਤੇ ਰਹੀ।

5 ਕਿਲੋਮੀਟਰ ਦੌੜ ਦੇ ਪੁਰਸ਼ ਵਰਗ ਵਿੱਚ ਯਸ਼ ਨੇ ਪਹਿਲਾ, ਪੰਕਜ ਨੇ ਦੂਜਾ ਅਤੇ ਸ਼ੰਕਰਦਿਆਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਹਿਲਾ ਵਰਗ ਵਿੱਚ ਪੂਜਾ ਪਹਿਲੇ, ਸੋਨੀਆ ਦੂਜੇ ਅਤੇ ਨੀਲਮ ਤੀਜੇ ਸਥਾਨ ’ਤੇ ਰਹੀ। 10 ਕਿਲੋਮੀਟਰ ਦੌੜ ਦੇ ਪਹਿਲੇ ਤਿੰਨ ਜੇਤੂਆਂ ਨੂੰ ਕ੍ਰਮਵਾਰ 1 ਲੱਖ, 50 ਹਜ਼ਾਰ ਅਤੇ 21 ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ ਗਏ। 5 ਕਿਲੋਮੀਟਰ ਦੌੜ ਦੇ ਜੇਤੂਆਂ ਨੂੰ ਕ੍ਰਮਵਾਰ 5,100, 3,100 ਅਤੇ 2,100 ਰੁਪਏ ਦੇ ਇਨਾਮ ਮਿਲੇ। ਕਾਮਨਵੈਲਥ ਗੇਮਜ਼ 2026 ਦੀ ਪੈਰਾ-ਐਥਲੈਟਿਕਸ ਸੋਨ ਤਮਗਾ ਜੇਤੂ ਅਤੇ ਮੈਰਾਥਨ ਦੀ ਬ੍ਰਾਂਡ ਅੰਬੈਸਡਰ ਸ਼ਰਮੀਲਾ ਧਨਖੜ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੇਵਾੜੀ ਦੇ ਵਿਧਾਇਕ ਲਕਸ਼ਮਣ ਯਾਦਵ, ਡਾ. ਕ੍ਰਿਸ਼ਨ ਕੁਮਾਰ, ਕੋਸਲੀ ਦੇ ਵਿਧਾਇਕ ਅਨਿਲ ਯਾਦਵ, ਨਲਵਾ ਦੇ ਵਿਧਾਇਕ ਰਣਧੀਰ ਪਨਿਹਾਰ, ਪੰਕਜ ਨੈਨ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਰਹੇ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments