Home Lifestyle ਇਕ ਚੁੱਪ, ਸੌ ਦੁੱਖ

ਇਕ ਚੁੱਪ, ਸੌ ਦੁੱਖ

One Silence, A Hundred Sorrows: The Pain Words Cannot Express

0

ਪਿੰਡ ਨੂੰ ਅਕਸਰ ਖੁੱਲ੍ਹੀ ਹਵਾ, ਕੁਦਰਤ, ਆਪਸੀ ਸਾਂਝ ਅਤੇ ਸਾਦੀ ਜ਼ਿੰਦਗੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪਰ ਇਸ ਸੁਹਾਵਣੀ ਤਸਵੀਰ ਦੇ ਪਿੱਛੇ ਇੱਕ ਅਜਿਹਾ ਸੰਕਟ ਵੀ ਵਧ ਰਿਹਾ ਹੈ ਜਿਸ ਬਾਰੇ ਪਿੰਡਾਂ ਵਿੱਚ ਅਜੇ ਵੀ ਖੁੱਲ੍ਹ ਕੇ ਗੱਲ ਨਹੀਂ ਹੁੰਦੀ—ਮਾਨਸਿਕ ਸਿਹਤ ਦਾ ਸੰਕਟ। ਉਦਾਸੀ, ਚਿੰਤਾ, ਇਕੱਲਾਪਣ, ਨਸ਼ੇ ਦੀ ਲਤ, ਪਰਿਵਾਰਕ ਤਣਾਅ, ਆਰਥਿਕ ਦਬਾਅ ਅਤੇ ਆਤਮਹੱਤਿਆ ਦੇ ਵਿਚਾਰ ਕਈ ਦਿਹਾਤੀ ਪਰਿਵਾਰਾਂ ਦੀ ਅਣਕਹੀ ਪਰ ਹਕੀਕਤ ਬਣ ਰਹੇ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਮਾਨਸਿਕ ਸਿਹਤ ਸਿਰਫ਼ ਮਾਨਸਿਕ ਬਿਮਾਰੀ ਦੀ ਗੈਰ-ਮੌਜੂਦਗੀ ਨਹੀਂ, ਸਗੋਂ ਵਿਅਕਤੀ ਦੀ ਭਲਾਈ, ਸੋਚਣ-ਸਮਝਣ, ਕੰਮ ਕਰਨ ਅਤੇ ਸਮਾਜ ਨਾਲ ਜੁੜੇ ਰਹਿਣ ਦੀ ਸਮਰੱਥਾ ਨਾਲ ਵੀ ਸੰਬੰਧਿਤ ਹੈ। ਭਾਰਤ ਵਿੱਚ ਮਾਨਸਿਕ ਸਿਹਤ ਉੱਤੇ ਆਰਥਿਕ, ਸਮਾਜਿਕ, ਵਾਤਾਵਰਣਕ ਅਤੇ ਸੱਭਿਆਚਾਰਕ ਕਾਰਕਾਂ ਦਾ ਮਹੱਤਵਪੂਰਨ ਪ੍ਰਭਾਵ ਹੈ।

ਦਿਹਾਤੀ ਜੀਵਨ ਵਿੱਚ ਮਾਨਸਿਕ ਦਬਾਅ ਦੇ ਕਾਰਨ ਬਹੁ ਪੱਧਰੀ ਹਨ। ਕਿਸਾਨ ਲਈ ਮੌਸਮ ਦੀ ਅਨਿਸ਼ਚਿਤਤਾ, ਫ਼ਸਲ ਦਾ ਨੁਕਸਾਨ, ਕਰਜ਼ਾ, ਖੇਤੀ ਲਾਗਤ, ਮੰਡੀ ਦੀ ਅਨਿਸ਼ਚਿਤਤਾ ਅਤੇ ਆਮਦਨ ਦੀ ਅਸਥਿਰਤਾ ਲਗਾਤਾਰ ਤਣਾਅ ਪੈਦਾ ਕਰ ਸਕਦੇ ਹਨ। ਖੇਤੀਬਾੜੀ ਤੋਂ ਇਲਾਵਾ ਬੇਰੁਜ਼ਗਾਰੀ, ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਦਬਾਅ, ਪਰਿਵਾਰਕ ਟਕਰਾਅ, ਜਾਇਦਾਦੀ ਝਗੜੇ, ਵਿਆਹਕ ਸਮੱਸਿਆਵਾਂ ਅਤੇ ਸਮਾਜਕ ਇੱਜ਼ਤ ਬਚਾਉਣ ਦੀ ਚਿੰਤਾ ਵੀ ਮਨ ਉੱਤੇ ਭਾਰ ਪਾਉਂਦੀ ਹੈ। ਬਜ਼ੁਰਗਾਂ ਲਈ ਇਕੱਲਾਪਣ ਇੱਕ ਵੱਡੀ ਸਮੱਸਿਆ ਹੈ। ਨੌਜਵਾਨ ਪੜ੍ਹਾਈ ਜਾਂ ਰੋਜ਼ਗਾਰ ਲਈ ਸ਼ਹਿਰਾਂ ਅਤੇ ਵਿਦੇਸ਼ਾਂ ਵੱਲ ਚਲੇ ਜਾਂਦੇ ਹਨ ਅਤੇ ਪਿੱਛੇ ਰਹਿ ਗਏ ਮਾਪਿਆਂ ਨੂੰ ਭਾਵਨਾਤਮਕ ਸਹਾਰੇ ਦੀ ਘਾਟ ਮਹਿਸੂਸ ਹੋ ਸਕਦੀ ਹੈ। ਦੂਜੇ ਪਾਸੇ ਨੌਜਵਾਨ ਖੁਦ ਬੇਰੁਜ਼ਗਾਰੀ, ਮੁਕਾਬਲੇ, ਸੋਸ਼ਲ ਮੀਡੀਆ ਦੀ ਤੁਲਨਾ ਅਤੇ ਭਵਿੱਖ ਦੀ ਅਨਿਸ਼ਚਿਤਤਾ ਨਾਲ ਜੂਝ ਰਹੇ ਹਨ।

ਪਿੰਡਾਂ ਵਿੱਚ ਮਾਨਸਿਕ ਸਿਹਤ ਨਾਲ ਜੁੜੀ ਸਭ ਤੋਂ ਵੱਡੀ ਸਮੱਸਿਆ ਕਈ ਵਾਰ ਬਿਮਾਰੀ ਨਹੀਂ, ਬਿਮਾਰੀ ਨੂੰ ਮੰਨਣ ਤੋਂ ਇਨਕਾਰ ਹੁੰਦੀ ਹੈ। ਜੇ ਕਿਸੇ ਨੂੰ ਬੁਖਾਰ ਹੋਵੇ ਤਾਂ ਪਰਿਵਾਰ ਡਾਕਟਰ ਕੋਲ ਜਾਂਦਾ ਹੈ, ਪਰ ਜੇ ਕੋਈ ਲਗਾਤਾਰ ਉਦਾਸ ਰਹੇ, ਨੀਂਦ ਨਾ ਆਵੇ, ਡਰ ਜਾਂ ਘਬਰਾਹਟ ਵਿੱਚ ਰਹੇ ਜਾਂ ਜੀਵਨ ਤੋਂ ਨਿਰਾਸ਼ ਹੋਵੇ ਤਾਂ ਕਈ ਵਾਰ ਉਸ ਨੂੰ “ਕਮਜ਼ੋਰ”, “ਜ਼ਿਆਦਾ ਸੋਚਣ ਵਾਲਾ” ਜਾਂ “ਨਾਟਕ ਕਰਨ ਵਾਲਾ” ਕਹਿ ਦਿੱਤਾ ਜਾਂਦਾ ਹੈ। ਇਹ ਸੋਚ ਖ਼ਤਰਨਾਕ ਹੈ। ਮਾਨਸਿਕ ਸਿਹਤ ਦੀ ਸਮੱਸਿਆ ਚਰਿੱਤਰ ਦੀ ਕਮਜ਼ੋਰੀ ਨਹੀਂ। ਇਹ ਵੀ ਸਿਹਤ ਦਾ ਹੀ ਮਸਲਾ ਹੈ ਅਤੇ ਇਸ ਲਈ ਸਮੇਂ ਸਿਰ ਸਹਾਇਤਾ ਲੈਣਾ ਇਲਾਜ ਦਾ ਹਿੱਸਾ ਹੈ।

ਦਿਹਾਤੀ ਖੇਤਰਾਂ ਵਿੱਚ ਮਾਹਿਰ ਮਨੋਚਿਕਿਤਸਕ, ਕਲੀਨੀਕਲ ਮਨੋਵਿਗਿਆਨੀ ਅਤੇ ਕਾਊਂਸਲਿੰਗ ਸੇਵਾਵਾਂ ਦੀ ਉਪਲਬਧਤਾ ਸ਼ਹਿਰਾਂ ਦੇ ਮੁਕਾਬਲੇ ਸੀਮਿਤ ਜਾਂ ਨਾ ਬਰਾਬਰ ਹੁੰਦੀ ਹੈ। WHO ਨੇ ਵੀ ਪੇਂਡੂ ਅਤੇ ਦੂਰ-ਦੁਰਾਡੇ ਖੇਤਰਾਂ ਵਿੱਚ ਮਾਨਸਿਕ ਸਿਹਤ ਸੇਵਾਵਾਂ ਤੱਕ ਪਹੁੰਚ ਦੀ ਘਾਟ ਨੂੰ ਮਹੱਤਵਪੂਰਨ ਚੁਣੌਤੀ ਦੱਸਿਆ ਹੈ। ਇਸ ਲਈ ਹੱਲ ਸਿਰਫ਼ ਹਰ ਜ਼ਿਲ੍ਹੇ ਵਿੱਚ ਵੱਡਾ ਹਸਪਤਾਲ ਬਣਾਉਣਾ ਨਹੀਂ। ਪ੍ਰਾਇਮਰੀ ਹੈਲਥ ਸੈਂਟਰ, ਕਮਿਊਨਿਟੀ ਹੈਲਥ ਸੈਂਟਰ, ਆਸ਼ਾ ਵਰਕਰ, ਸਕੂਲ, ਪੰਚਾਇਤਾਂ ਅਤੇ ਸਥਾਨਕ ਸਮਾਜਕ ਸੰਸਥਾਵਾਂ ਨੂੰ ਮਾਨਸਿਕ ਸਿਹਤ ਦੇ ਮੁੱਢਲੇ ਸੰਕੇਤ ਪਛਾਣਨ ਦੀ ਸਿਖਲਾਈ ਦੇਣੀ ਚਾਹੀਦੀ ਹੈ। WHO ਦੀਆਂ ਦਿਸ਼ਾ-ਨਿਰਦੇਸ਼ਾਂ ਵਿੱਚ ਵੀ ਗੈਰ-ਮਾਹਿਰ ਸਿਹਤ ਕਰਮਚਾਰੀਆਂ ਅਤੇ ਕਮਿਊਨਿਟੀ ਪੱਧਰ ਉੱਤੇ ਸੇਵਾਵਾਂ ਨੂੰ ਮਜ਼ਬੂਤ ਕਰਨ ਉੱਤੇ ਜ਼ੋਰ ਦੀ ਜ਼ਰੂਰਤ ਹੈ।

ਪੰਜਾਬ ਵਿੱਚ ਇਸ ਮੁੱਦੇ ਨੂੰ ਖੇਤੀ ਸੰਕਟ, ਨਸ਼ਿਆਂ, ਬੇਰੁਜ਼ਗਾਰੀ, ਪਰਿਵਾਰਕ ਵਿਖੰਡਨ ਅਤੇ ਵਿਦੇਸ਼ੀ ਪਰਵਾਸ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ। ਪਰ ਇਹ ਵੀ ਜ਼ਰੂਰੀ ਹੈ ਕਿ ਹਰ ਕਿਸਾਨ ਦੀ ਪਰੇਸ਼ਾਨੀ ਨੂੰ ਮਾਨਸਿਕ ਬਿਮਾਰੀ ਅਤੇ ਹਰ ਆਤਮਹੱਤਿਆ ਨੂੰ ਇੱਕੋ ਕਾਰਨ ਨਾਲ ਨਾ ਜੋੜਿਆ ਜਾਵੇ। ਹਰ ਘਟਨਾ ਦੇ ਪਿੱਛੇ ਵਿਅਕਤੀਗਤ, ਪਰਿਵਾਰਕ, ਆਰਥਿਕ ਅਤੇ ਸਮਾਜਕ ਕਾਰਕ ਵੱਖਰੇ ਹੋ ਸਕਦੇ ਹਨ। ਸਰਕਾਰ ਨੂੰ ਪਿੰਡ-ਪੱਧਰੀ ਮਾਨਸਿਕ ਸਿਹਤ ਸਕ੍ਰੀਨਿੰਗ, ਮੁਫ਼ਤ ਕਾਊਂਸਲਿੰਗ, ਟੈਲੀ-ਮੈਂਟਲ ਹੈਲਥ, ਨਸ਼ਾ ਮੁਕਤੀ ਅਤੇ ਸੰਕਟਕਾਲੀਨ ਸਹਾਇਤਾ ਨੂੰ ਸਿਹਤ ਪ੍ਰਣਾਲੀ ਦਾ ਨਿਯਮਿਤ ਹਿੱਸਾ ਬਣਾਉਣਾ ਚਾਹੀਦਾ ਹੈ। WHO ਵੱਲੋਂ ਭਾਰਤ ਵਿੱਚ ਕਮਿਊਨਿਟੀ-ਅਧਾਰਿਤ ਮਾਡਲਾਂ ਦੀ ਉਦਾਹਰਨ ਵਜੋਂ ‘ਆਤਮੀਅਤਾ ’ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ ਤਰਬੀਅਤਯਾਫ਼ਤਾ ਸਥਾਨਕ ਵਲੰਟੀਅਰ ਮਾਨਸਿਕ ਪਰੇਸ਼ਾਨੀ ਪਛਾਣ ਕੇ ਮੁੱਢਲੀ ਕਾਊਂਸਲਿੰਗ ਅਤੇ ਲੋੜ ਪੈਣ ’ਤੇ ਮਾਹਿਰ ਸੇਵਾ ਵੱਲ ਰੈਫ਼ਰਲ ਕਰਦੇ ਹਨ।

ਮਾਨਸਿਕ ਸਿਹਤ ਦਾ ਹੱਲ ਸਿਰਫ਼ ਦਵਾਈ ਨਹੀਂ—ਸੁਣਨਾ, ਸਮਝਣਾ, ਸਵੀਕਾਰ ਕਰਨਾ, ਸਮਾਜਕ ਸਹਾਰਾ ਅਤੇ ਸਮੇਂ ਸਿਰ ਪੇਸ਼ੇਵਰ ਮਦਦ ਵੀ ਉਤਨੇ ਹੀ ਮਹੱਤਵਪੂਰਨ ਹਨ। ਪਿੰਡ ਦੀ ਪੰਚਾਇਤ ਵਿੱਚ ਸੜਕ, ਨਾਲੀ ਅਤੇ ਸਟਰੀਟ ਲਾਈਟ ਦੀ ਗੱਲ ਜਿੰਨੀ ਆਮ ਹੁੰਦੀ ਹੈ , ਉਤਨੀ ਹੀ ਆਮ ਗੱਲ ਇਹ ਵੀ ਹੋਣੀ ਚਾਹੀਦੀ ਹੈ ਕਿ “ਮੈਂ ਮਾਨਸਿਕ ਤੌਰ ’ਤੇ ਠੀਕ ਨਹੀਂ ਹਾਂ, ਮੈਨੂੰ ਮਦਦ ਚਾਹੀਦੀ ਹੈ।” ਪਿੰਡ ਦੀ ਤਰੱਕੀ ਸਿਰਫ਼ ਪੱਕੀਆਂ ਸੜਕਾਂ ਅਤੇ ਵੱਡੇ ਮਕਾਨਾਂ ਨਾਲ ਨਹੀਂ ਮਾਪੀ ਜਾ ਸਕਦੀ। ਅਸਲ ਤਰੱਕੀ ਉਦੋਂ ਹੋਵੇਗੀ ਜਦੋਂ ਪਿੰਡ ਦਾ ਮਨੁੱਖ ਆਪਣੇ ਮਨ ਦੀ ਪੀੜ ਵੀ ਬਿਨਾਂ ਡਰ ਅਤੇ ਸ਼ਰਮ ਦੇ ਬਿਆਨ ਕਰ ਸਕੇ। ਡਬਲਿਊ ਐਚ ਉ ਵੀ ਮਾਨਸਿਕ ਸਿਹਤ ਨੂੰ ਸਿਰਫ਼ ਸਿਹਤ ਵਿਭਾਗ ਨਹੀਂ, ਸਗੋਂ ਸਮਾਜਿਕ ਸੁਰੱਖਿਆ, ਸਿੱਖਿਆ, ਰਿਹਾਇਸ਼, ਰੋਜ਼ਗਾਰ ਅਤੇ ਸਥਾਨਕ ਵਿਕਾਸ ਨਾਲ ਜੋੜ ਕੇ ਦੇਖਣ ਦੀ ਸਿਫ਼ਾਰਸ਼ ਕਰਦਾ ਹੈ। ਦਿਹਾਤੀ ਭਾਰਤ ਨੂੰ ਸਿਰਫ਼ ਆਰਥਿਕ ਸਹਾਇਤਾ ਦੀ ਨਹੀਂ, ਮਾਨਸਿਕ ਸਹਾਰੇ ਦੀ ਵੀ ਲੋੜ ਹੈ। ਜਿਸ ਸਮਾਜ ਨੇ ਆਪਣੇ ਲੋਕਾਂ ਦੇ ਮਨ ਨੂੰ ਸੁਣਨਾ ਸਿੱਖ ਲਿਆ, ਉਹੀ ਸਮਾਜ ਲੰਬੇ ਸਮੇਂ ਵਿੱਚ ਸਿਹਤਮੰਦ, ਸਮਰੱਥ ਅਤੇ ਮਜ਼ਬੂਤ ਬਣ ਸਕਦਾ ਹੈ।

ਛਤਰਪਾਲ ਸਿੰਘ

Exit mobile version