ਜਦੋਂ ਹੜ੍ਹ ਆਉਂਦਾ ਹੈ, ਤੂਫ਼ਾਨ ਟਕਰਾਉਂਦਾ ਹੈ, ਜੰਗਲਾਂ ਵਿੱਚ ਅੱਗ ਲੱਗਦੀ ਹੈ ਜਾਂ ਬੇਤਹਾਸ਼ਾ ਗਰਮੀ ਲੋਕਾਂ ਦੀ ਜ਼ਿੰਦਗੀ ਠੱਪ ਕਰ ਦਿੰਦੀ ਹੈ, ਤਾਂ ਸਾਡੀ ਨਜ਼ਰ ਆਮ ਤੌਰ ’ਤੇ ਤਬਾਹੀ, ਮੌਤਾਂ, ਰਾਹਤ ਕੈਂਪਾਂ ਅਤੇ ਸਰਕਾਰੀ ਐਲਾਨਾਂ ’ਤੇ ਜਾਂਦੀ ਹੈ। ਪਰ ਇਸ ਪੂਰੇ ਸੰਕਟ ਦੇ ਪਿੱਛੇ ਕੁਝ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਦੀ ਮਿਹਨਤ ਅਕਸਰ ਖ਼ਬਰ ਨਹੀਂ ਬਣਦੀ—ਸਿਹਤ ਕਰਮਚਾਰੀ, ਆਸ਼ਾ ਵਰਕਰ, ਆਂਗਣਵਾੜੀ ਵਰਕਰ, ਸਫ਼ਾਈ ਕਰਮਚਾਰੀ, ਬਿਜਲੀ ਅਤੇ ਪਾਣੀ ਦੇ ਕਰਮਚਾਰੀ, ਪੁਲਿਸ, ਫਾਇਰਫਾਈਟਰ, ਡਰਾਈਵਰ, ਐਂਬੂਲੈਂਸ ਸਟਾਫ਼, ਦਿਹਾੜੀ ਮਜ਼ਦੂਰ, ਰਾਹਤ ਵੰਡਣ ਵਾਲੇ ਸਵੈਸੇਵਕ ਅਤੇ ਸਥਾਨਕ ਭਾਈਚਾਰੇ ਦੇ ਮੈਂਬਰ।
ਇਹੀ ਹਨ ਜਲਵਾਯੂ ਆਫ਼ਤਾਂ ਦੇ ਫਰੰਟਲਾਈਨ ਵਰਕਰ—ਜੋ ਦੂਜਿਆਂ ਨੂੰ ਸੁਰੱਖਿਅਤ ਕਰਨ ਲਈ ਖੁਦ ਖ਼ਤਰੇ ਵਿੱਚ ਦਾਖ਼ਲ ਹੁੰਦੇ ਹਨ। ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਮੁਤਾਬਕ ਜਲਵਾਯੂ ਪਰਿਵਰਤਨ ਨੇ ਕੰਮਕਾਜੀ ਲੋਕਾਂ ਲਈ ਸਬਤੋਂ ਵੱਧ ਗਰਮੀ, ਅਲਟਰਾ-ਵਾਇਲਟ ਕਿਰਨਾਂ, ਹੜ੍ਹਾਂ ਤੇ ਹੋਰ ਅਤਿਅੰਤ ਮੌਸਮੀ ਘਟਨਾਵਾਂ, ਹਵਾ ਪ੍ਰਦੂਸ਼ਣ, ਵੈਕਟਰ-ਜਨਿਤ ਬਿਮਾਰੀਆਂ ਅਤੇ ਖੇਤੀਬਾੜੀ ਰਸਾਇਣਾਂ ਵਰਗੇ ਖ਼ਤਰੇ ਵਧਾਏ ਹਨ। ਆਫ਼ਤ ਦੀ ਤਸਵੀਰ ਵਿੱਚ ਅਸੀਂ ਅਕਸਰ ਬਚਾਅ ਕਾਰਵਾਈ ਦੇਖਦੇ ਹਾਂ, ਪਰ ਅਸਲ ਕੰਮ ਇਸ ਤੋਂ ਕਿਤੇ ਲੰਮਾ ਹੁੰਦਾ ਹੈ। ਹੜ੍ਹ ਦਾ ਪਾਣੀ ਉਤਰ ਜਾਣ ਤੋਂ ਬਾਅਦ ਗੰਦਗੀ ਹਟਾਉਣੀ, ਪੀਣ ਵਾਲਾ ਪਾਣੀ ਸੁਰੱਖਿਅਤ ਕਰਨਾ, ਬਿਮਾਰੀਆਂ ਰੋਕਣੀਆਂ, ਬਿਜਲੀ ਬਹਾਲ ਕਰਨੀ, ਟੁੱਟੀਆਂ ਸੜਕਾਂ ਅਤੇ ਇਮਾਰਤਾਂ ਦੀ ਜਾਂਚ ਕਰਨੀ, ਮ੍ਰਿਤਕਾਂ ਦੀ ਪਛਾਣ ਕਰਨੀ ਅਤੇ ਬੇਘਰ ਪਰਿਵਾਰਾਂ ਨੂੰ ਮੁੜ ਵਸਾਉਣਾ—ਇਹ ਸਾਰਾ ਕੰਮ ਕਿਸੇ ਨਾ ਕਿਸੇ ਕਰਮਚਾਰੀ ਦੇ ਮੋਢਿਆਂ ’ਤੇ ਹੁੰਦਾ ਹੈ।
ਇਸ ਲਈ ਆਫ਼ਤ ਪ੍ਰਬੰਧਨ ਸਿਰਫ਼ ਰਾਹਤ ਨਹੀਂ, ਲੰਬੇ ਸਮੇਂ ਦੀ ਪੁਨਰਵਸਤੀ ਅਤੇ ਪੁਨਰਨਿਰਮਾਣ ਦੀ ਪ੍ਰਕਿਰਿਆ ਹੈ।
ਕਿਸੇ ਹੜ੍ਹ ਜਾਂ ਗਰਮੀ ਦੀ ਲਹਿਰ ਦੌਰਾਨ ਸਿਹਤ ਕਰਮਚਾਰੀ ਸਿਰਫ਼ ਮਰੀਜ਼ਾਂ ਦਾ ਇਲਾਜ ਨਹੀਂ ਕਰਦੇ। ਉਹ ਬਿਮਾਰੀਆਂ ਦੀ ਨਿਗਰਾਨੀ, ਟੀਕਾਕਰਨ, ਦਵਾਈਆਂ ਦੀ ਵੰਡ, ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਦੇਖਭਾਲ ਅਤੇ ਸਿਹਤ-ਜਾਗਰੂਕਤਾ ਦਾ ਕੰਮ ਵੀ ਕਰਦੇ ਹਨ। ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਅਨੁਸਾਰ ਐਮਰਜੈਂਸੀ ਰਿਸਪਾਂਡਰਾਂ ਨੂੰ ਸਰੀਰਕ ਖ਼ਤਰੇ ਦੇ ਨਾਲ ਤਣਾਅ, ਡਰ ਅਤੇ ਮਾਨਸਿਕ ਦਬਾਅ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਆਫ਼ਤ ਪ੍ਰਬੰਧਨ ਵਿੱਚ ਕਰਮਚਾਰੀਆਂ ਦੀ ਸਿਹਤ ਅਤੇ ਮਨੋ-ਸਮਾਜਿਕ ਸਹਾਇਤਾ ਨੂੰ ਵੀ ਪ੍ਰਾਥਮਿਕਤਾ ਦੇਣੀ ਜ਼ਰੂਰੀ ਹੈ।
ਆਫ਼ਤ ਵੇਲੇ ਔਰਤਾਂ ਦੀ ਭੂਮਿਕਾ ਹੋਰ ਵੀ ਜਟਿਲ ਹੋ ਜਾਂਦੀ ਹੈ। ਆਸ਼ਾ ਅਤੇ ਆਂਗਣਵਾੜੀ ਵਰਕਰਾਂ ਤੋਂ ਲੈ ਕੇ ਘਰਾਂ ਵਿੱਚ ਬੱਚਿਆਂ, ਬਜ਼ੁਰਗਾਂ, ਬਿਮਾਰਾਂ ਅਤੇ ਅਪਾਹਜਾਂ ਦੀ ਦੇਖਭਾਲ ਕਰਨ ਵਾਲੀਆਂ ਔਰਤਾਂ ਤੱਕ—ਇੱਕ ਵੱਡਾ ਹਿੱਸਾ ਅਜਿਹੇ ਕੰਮ ਦਾ ਹੈ ਜਿਸ ਦੀ ਅਕਸਰ ਕੋਈ ਤਨਖ਼ਾਹ ਜਾਂ ਅਧਿਕਾਰਕ ਗਿਣਤੀ ਨਹੀਂ ਹੁੰਦੀ। ਡਬਲਿਊ ਐਚ ਉ ਅਨੁਸਾਰ ਦੁਨੀਆ ਭਰ ਵਿੱਚ ਔਰਤਾਂ ਲਗਭਗ 76 ਫ਼ੀਸਦੀ ਬਿਨਾਂ ਤਨਖ਼ਾਹ ਵਾਲਾ ਕੇਅਰ ਵਰਕ ਕਰਦੀਆਂ ਹਨ ਅਤੇ ਗਲੋਬਲ ਅਦਾਇਗੀ ਵਾਲੀ ਸਿਹਤ ਅਤੇ ਕੇਅਰ ਵਰਕਫੋਰਸ ਵਿੱਚ ਔਰਤਾਂ ਦੀ ਹਿੱਸੇਦਾਰੀ ਲਗਭਗ 67 ਫ਼ੀਸਦੀ ਹੈ।
ਭਾਰਤ ਵਿੱਚ ਵੀ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਨੇ ਆਫ਼ਤ ਪ੍ਰਬੰਧਨ ਵਿੱਚ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਮਹਿਲਾ ਸੇਵਕਾਂ ਅਤੇ ਪੰਚਾਇਤੀ ਨੁਮਾਇੰਦਿਆਂ ਦੀ ਭੂਮਿਕਾ ਨੂੰ ਦਸਤਾਵੇਜ਼ਬੱਧ ਕੀਤਾ ਹੈ। ਇਸ ਲਈ ਆਫ਼ਤ ਦੇ ਸਮੇਂ ‘ਕੇਅਰ ਵਰਕ’ ਨੂੰ ਵੀ ਅਸਲ ਆਫ਼ਤ-ਪ੍ਰਤੀਕਿਰਿਆ ਦਾ ਹਿੱਸਾ ਮੰਨਣਾ ਪਵੇਗਾ। ਅਸੀਂ ਅਕਸਰ ਆਫ਼ਤ ਦਾ ਅਰਥ ਸਿਰਫ਼ ਹੜ੍ਹ ਜਾਂ ਤੂਫ਼ਾਨ ਲੈਂਦੇ ਹਾਂ। ਪਰ ਵਧ ਰਹੀ ਗਰਮੀ ਵੀ ਮਜ਼ਦੂਰਾਂ ਲਈ ਗੰਭੀਰ ਖ਼ਤਰਾ ਹੈ। ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨ-ਮਜ਼ਦੂਰ, ਨਿਰਮਾਣ ਮਜ਼ਦੂਰ, ਸੜਕ ਕਰਮਚਾਰੀ, ਡਿਲਿਵਰੀ ਵਰਕਰ, ਰਿਕਸ਼ਾ ਚਾਲਕ ਅਤੇ ਬਾਹਰ ਕੰਮ ਕਰਨ ਵਾਲੇ ਹੋਰ ਲੋਕ ਗਰਮੀ ਦੇ ਸਿੱਧੇ ਸੰਪਰਕ ਵਿੱਚ ਰਹਿੰਦੇ ਹਨ।
ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਅਨੁਸਾਰ ਦੁਨੀਆ ਭਰ ਵਿੱਚ 2.4 ਬਿਲੀਅਨ ਤੋਂ ਵੱਧ ਮਜ਼ਦੂਰ ਬਹੁਤ ਜ਼ਿਆਦਾ ਗਰਮੀ ਦੇ ਸੰਪਰਕ ਵਿੱਚ ਹਨ, ਜੋ ਵਿਸ਼ਵ ਕੰਮਕਾਜੀ ਆਬਾਦੀ ਦੇ 70 ਫ਼ੀਸਦੀ ਤੋਂ ਵੱਧ ਦੇ ਬਰਾਬਰ ਹੈ। ਗਰਮੀ ਨਾਲ ਹੀਟ ਐਗਜ਼ੌਸ਼ਨ ਅਤੇ ਹੀਟਸਟ੍ਰੋਕ ਤੋਂ ਇਲਾਵਾ ਦਿਲ, ਸਾਹ ਅਤੇ ਗੁਰਦਿਆਂ ਨਾਲ ਸੰਬੰਧਿਤ ਲੰਬੇ ਸਮੇਂ ਦੇ ਸਿਹਤ ਖ਼ਤਰੇ ਵੀ ਪੈਦਾ ਹੋ ਜਾਂਦੇ ਹਨ। ਇਸ ਲਈ ‘ਗਰਮੀ ਵਿੱਚ ਕੰਮ ਕਰਨਾ ਤਾਂ ਪੈਂਦਾ ਹੀ ਹੈ’ ਵਾਲੀ ਸੋਚ ਹੁਣ ਸੁਰੱਖਿਆ ਨੀਤੀ ਦਾ ਬਦਲ ਨਹੀਂ ਹੋ ਸਕਦੀ।
ਆਫ਼ਤ ਦਾ ਪ੍ਰਭਾਵ ਹਰ ਵਿਅਕਤੀ ’ਤੇ ਇੱਕੋ ਜਿਹਾ ਨਹੀਂ ਹੁੰਦਾ। ਗੈਰ-ਰਸਮੀ ਮਜ਼ਦੂਰ, ਪ੍ਰਵਾਸੀ ਕਾਮੇ, ਗਰੀਬ ਪਰਿਵਾਰ, ਪੇਂਡੂ ਮਜ਼ਦੂਰ ਅਤੇ ਔਰਤਾਂ ਅਕਸਰ ਘੱਟ ਸਮਾਜਿਕ ਸੁਰੱਖਿਆ ਅਤੇ ਘੱਟ ਸਰੋਤਾਂ ਕਾਰਨ ਵਧੇਰੇ ਪ੍ਰਭਾਵਿਤ ਹੁੰਦੇ ਹਨ। ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਵੀ ਦੱਸਦਾ ਹੈ ਕਿ ਜਲਵਾਯੂ-ਸਬੰਧੀ ਖ਼ਤਰਿਆਂ ਦਾ ਬੋਝ ਕਮਜ਼ੋਰ ਅਤੇ ਗੈਰ-ਰਸਮੀ ਮਜ਼ਦੂਰਾਂ ’ਤੇ ਵੱਖ ਵੱਖ ਤਰੀਕੇ ਨਾਲ ਪੈਂਦਾ ਹੈ।
ਕਈ ਦਿਹਾੜੀਦਾਰ ਮਜ਼ਦੂਰਾਂ ਲਈ ਇੱਕ ਦਿਨ ਕੰਮ ਨਾ ਕਰਨ ਦਾ ਮਤਲਬ ਇੱਕ ਦਿਨ ਦੀ ਆਮਦਨ ਗੁਆਉਣਾ ਹੈ। ਇਸ ਲਈ ਸਿਰਫ਼ ਇਹ ਕਹਿ ਦੇਣਾ ਕਿ “ਖ਼ਤਰਨਾਕ ਮੌਸਮ ਵਿੱਚ ਕੰਮ ਨਾ ਕਰੋ” ਕਾਫ਼ੀ ਨਹੀਂ। ਉਨ੍ਹਾਂ ਨੂੰ ਆਮਦਨ ਦੀ ਸੁਰੱਖਿਆ ਵੀ ਦੇਣੀ ਪਵੇਗੀ। 2026 ਵਿੱਚ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਦੇ ਸਰਕਾਰੀ, ਮਾਲਕ ਅਤੇ ਮਜ਼ਦੂਰ ਮਾਹਿਰਾਂ ਨੇ ਬੇਤਹਾਸ਼ਾ ਗਰਮੀ ਦੇ ਮੌਸਮੀ ਘਟਨਾਵਾਂ ਨਾਲ ਜੁੜੇ “ਆਕੂਪੇਸ਼ਨਲ ਸੇਫਟੀ ਐਂਡ ਹੈਲਥ” ਖ਼ਤਰਿਆਂ ਲਈ ਨਵੀਆਂ ਅੰਤਰਰਾਸ਼ਟਰੀ ਸਿਫ਼ਾਰਸ਼ਾਂ ’ਤੇ ਸਹਿਮਤੀ ਬਣਾਈ। ਇਨ੍ਹਾਂ ਵਿੱਚ ਖ਼ਤਰੇ ਦੀ ਵਿਗਿਆਨਕ ਹੱਦ ਤੈਅ ਕਰਨਾ, ਸਿਹਤ ਨਿਗਰਾਨੀ, ਵਿਭਾਗਾਂ ਵਿਚਕਾਰ ਤਾਲਮੇਲ, ਲਿੰਗ-ਸੰਵੇਦਨਸ਼ੀਲ ਰਿਸਕ ਅਸੈਸਮੈਂਟ ਅਤੇ ਐਮਰਜੈਂਸੀ ਪ੍ਰੀਪੇਅਰਡਨੈੱਸ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ।
ਭਾਰਤ ਵਿੱਚ ਵੀ ਲੋੜ ਹੈ ਕਿ ਆਫ਼ਤ ਮੈਨੇਜਮੈਂਟ ਪਲੈਨਸ ਨੂੰ ਲੇਬਰ ਸੇਫਟੀ ਪਲੈਨਸ ਨਾਲ ਜੋੜਿਆ ਜਾਵੇ।
ਹਰ ਜ਼ਿਲ੍ਹੇ ਦੀ ਆਫ਼ਤ ਯੋਜਨਾ ਵਿੱਚ ਇਹ ਸਪਸ਼ਟ ਹੋਵੇ ਕਿ—
* ਕਿਹੜੇ ਕਰਮਚਾਰੀ ਸਭ ਤੋਂ ਵੱਧ ਖ਼ਤਰੇ ਵਿੱਚ ਹਨ;
* ਉਨ੍ਹਾਂ ਨੂੰ ਪੀਪੀਈ , ਸਾਫ਼ ਪਾਣੀ ਅਤੇ ਆਰਾਮ ਦੀ ਸਹੂਲਤ ਕੌਣ ਦੇਵੇਗਾ;
* ਅਤਿਅਧਿਕ ਗਰਮੀ ਵਿੱਚ ਕੰਮ ਦੇ ਘੰਟੇ ਕਿਵੇਂ ਬਦਲਣਗੇ;
* ਮਹਿਲਾ ਅਤੇ ਕੇਅਰ ਵਰਕਰਾਂ ਲਈ ਕਿਹੜੀ ਸਹਾਇਤਾ ਹੋਵੇਗੀ;
* ਜ਼ਖ਼ਮੀ ਜਾਂ ਬਿਮਾਰ ਫਰੰਟਲਾਈਨ ਵਰਕਰ ਲਈ ਮੁਆਵਜ਼ਾ ਅਤੇ ਇਲਾਜ ਕਿਵੇਂ ਮਿਲੇਗਾ;
* ਆਫ਼ਤ ਤੋਂ ਬਾਅਦ ਮਾਨਸਿਕ ਸਿਹਤ ਸਹਾਇਤਾ ਕਿੱਥੋਂ ਮਿਲੇਗੀ;
* ਅਤੇ ਗੈਰ-ਰਸਮੀ ਮਜ਼ਦੂਰਾਂ ਦੀ ਆਮਦਨ ਦੀ ਸੁਰੱਖਿਆ ਕਿਵੇਂ ਕੀਤੀ ਜਾਵੇਗੀ।
ਇੱਥੇ ਮੁੱਦਾ ਇਹ ਨਹੀਂ ਕਿ ਉਹ ਸਾਨੂੰ ਕਿਵੇਂ ਬਚਾਉਂਦੇ ਹਨ ਬਲਕਿ “ਅਸੀਂ ਉਨ੍ਹਾਂ ਨੂੰ ਕਿਵੇਂ ਬਚਾਵਾਂਗੇ” ਇਹ ਮਸਲਾ ਹੈ । ਜਲਵਾਯੂ ਪਰਿਵਰਤਨ ਦੇ ਯੁੱਗ ਵਿੱਚ ਫਰੰਟਲਾਈਨ ਵਰਕਰ ਸਿਰਫ਼ “ਰਾਹਤ ਕਰਮਚਾਰੀ” ਨਹੀਂ ਰਹੇ। ਉਹ ਜਲਵਾਯੂ ਅਨੁਕੂਲਨ ਅਤੇ ਸਮਾਜਕ ਲਚਕੀਲੇਪਣ ਦੀ ਪਹਿਲੀ ਲਾਈਨ ਹਨ। ਉਨ੍ਹਾਂ ਦੀ ਮਿਹਨਤ ਨੂੰ ਸਿਰਫ਼ ਫ਼ਰਜ਼ ਕਹਿ ਕੇ ਖ਼ਤਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੂੰ ਸੁਰੱਖਿਅਤ ਕੰਮਕਾਜੀ ਹਾਲਾਤ, ਬੀਮਾ, ਯੋਗ ਮਜ਼ਦੂਰੀ, ਪੀਪੀਈ , ਆਰਾਮ, ਪੀਣ ਵਾਲਾ ਪਾਣੀ, ਸਿਖਲਾਈ, ਮਾਨਸਿਕ ਸਹਾਇਤਾ ਅਤੇ ਸਮਾਜਿਕ ਸੁਰੱਖਿਆ ਦੀ ਲੋੜ ਹੈ। ਆਫ਼ਤ ਦੇ ਸਮੇਂ ਜੋ ਹੱਥ ਸਾਨੂੰ ਬਾਹਰ ਕੱਢਦੇ ਹਨ, ਉਹ ਵੀ ਕਿਸੇ ਦੇ ਆਪਣੇ ਹਨ। ਉਨ੍ਹਾਂ ਹੱਥਾਂ ਨੂੰ ਬਚਾਉਣਾ ਵੀ ਆਫ਼ਤ ਪ੍ਰਬੰਧਨ ਦਾ ਹੀ ਹਿੱਸਾ ਹੈ।
ਗੁਰਮੀਤ ਸਿੰਘ ਤੁੰਗ
ਬਿਊਰੋ ਚੀਫ਼
9855221193
