ਨਵੀਂ ਦਿੱਲੀ, 21 ਅਗਸਤ (ਜਗਦੇਵ ਸਿੰਘ ਜੱਗੀ) : ਦਿੱਲੀ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਅੱਜ 21 ਅਗਸਤ ਨੂੰ ਜੰਤਰ-ਮੰਤਰ ਵਿਖੇ ਰਿਜ਼ਰਵੇਸ਼ਨ ਸੁਧਾਰਾਂ ਨਾਲ ਸਬੰਧਤ ਕਿਸੇ ਵੀ ਪ੍ਰਦਰਸ਼ਨ ਲਈ ਕੋਈ ਇਜਾਜ਼ਤ ਨਹੀਂ ਦਿੱਤੀ ਗਈ। ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਪ੍ਰਦਰਸ਼ਨ ਦੀ ਮਨਜ਼ੂਰੀ ਮਿਲਣ ਸਬੰਧੀ ਵਾਇਰਲ ਹੋ ਰਹੀਆਂ ਵੀਡੀਓਜ਼ ਅਤੇ ਦਾਅਵਿਆਂ ਨੂੰ ਗਲਤ ਅਤੇ ਗੁੰਮਰਾਹਕੁੰਨ ਕਰਾਰ ਦਿੱਤਾ ਹੈ। ਦਿੱਲੀ ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਜੰਤਰ-ਮੰਤਰ ‘ਤੇ ਅੱਜ 21 ਅਗਸਤ ਨੂੰ ਰਿਜ਼ਰਵੇਸ਼ਨ ਸੁਧਾਰਾਂ ਦੇ ਮੁੱਦੇ ‘ਤੇ ਪ੍ਰਦਰਸ਼ਨ ਲਈ ਮਨਜ਼ੂਰੀ ਦਿੱਤੇ ਜਾਣ ਸਬੰਧੀ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਘੁੰਮ ਰਹੀਆਂ ਹਨ, ਪਰ ਇਨ੍ਹਾਂ ਵਿੱਚ ਕੀਤੇ ਜਾ ਰਹੇ ਦਾਅਵੇ ਤੱਥਾਂ ‘ਤੇ ਆਧਾਰਿਤ ਨਹੀਂ ਹਨ।
ਪੁਲਿਸ ਨੇ ਇਹ ਵੀ ਦੱਸਿਆ ਕਿ ਨਵੀਂ ਦਿੱਲੀ ਜ਼ਿਲ੍ਹੇ ਵਿੱਚ BNSS ਦੀ ਧਾਰਾ 163 ਤਹਿਤ ਮਨਾਹੀ ਦੇ ਹੁਕਮ ਪਹਿਲਾਂ ਹੀ ਲਾਗੂ ਹਨ। ਇਸ ਤਹਿਤ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਜਲੂਸ ਕੱਢਣ, ਪ੍ਰਦਰਸ਼ਨ ਜਾਂ ਰੈਲੀ ਕਰਨ ‘ਤੇ ਪਾਬੰਦੀ ਹੈ। ਦਿੱਲੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਦਰਸ਼ਨ ਦੀ ਕਥਿਤ ਮਨਜ਼ੂਰੀ ਨਾਲ ਜੁੜੀ ਕਿਸੇ ਵੀ ਅਣਪੁਸ਼ਟੀ ਜਾਣਕਾਰੀ ‘ਤੇ ਭਰੋਸਾ ਨਾ ਕਰਨ ਅਤੇ ਨਾ ਹੀ ਅਜਿਹੀ ਸਮੱਗਰੀ ਨੂੰ ਅੱਗੇ ਸਾਂਝਾ ਜਾਂ ਵਾਇਰਲ ਕਰਨ। ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਝੂਠੀ ਖ਼ਬਰ ਤਿਆਰ ਕਰਨ ਜਾਂ ਉਸ ਨੂੰ ਫੈਲਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਇਹ ਸਪੱਸ਼ਟੀਕਰਨ ਉਸ ਸਮੇਂ ਸਾਹਮਣੇ ਆਇਆ ਜਦੋਂ ‘Reservation Hatao Andolan’ ਨਾਮ ਦੇ ਇੱਕ ਇੰਸਟਾਗ੍ਰਾਮ ਪੇਜ ਵੱਲੋਂ 21 ਅਗਸਤ ਨੂੰ ਦੁਪਹਿਰ 2 ਵਜੇ ਜੰਤਰ-ਮੰਤਰ ‘ਤੇ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ। ਪੇਜ ਵੱਲੋਂ ਲੋਕਾਂ ਨੂੰ ਇਸ ਇਕੱਠ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਸੀ। ਦਿੱਲੀ ਪੁਲਿਸ ਨੇ ਸਥਿਤੀ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ 21 ਅਗਸਤ ਦੇ ਇਸ ਪ੍ਰਦਰਸ਼ਨ ਲਈ ਕਿਸੇ ਨੂੰ ਵੀ ਅਧਿਕਾਰਤ ਇਜਾਜ਼ਤ ਨਹੀਂ ਦਿੱਤੀ ਗਈ ਹੈ।






