ਆਕਲੈਂਡ, 8 ਅਗਸਤ, 2026 (ਹਰਸ਼ਪ੍ਰੀਤ ਕੌਰ) : ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਨੇ 2026 ਦੀਆਂ ਆਮ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪੂਰੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਭਾਰਤੀ ਮੂਲ ਦੇ ਕਈ ਉਮੀਦਵਾਰਾਂ ਨੂੰ ਵੀ ਥਾਂ ਦਿੱਤੀ ਗਈ ਹੈ, ਜਿਸ ਨਾਲ ਨਿਊਜ਼ੀਲੈਂਡ ਦੀ ਭਾਰਤੀ ਅਤੇ ਪੰਜਾਬੀ ਭਾਈਚਾਰੇ ਵਿੱਚ ਖਾਸ ਦਿਲਚਸਪੀ ਪੈਦਾ ਹੋਈ ਹੈ। ਪਾਰਟੀ ਦੀ ਸੂਚੀ ਵਿੱਚ ਪ੍ਰਧਾਨ ਮੰਤਰੀ ਅਤੇ ਨੈਸ਼ਨਲ ਪਾਰਟੀ ਦੇ ਆਗੂ ਕ੍ਰਿਸਟੋਫਰ ਲਕਸਨ ਨੂੰ ਪਹਿਲਾ ਸਥਾਨ ਦਿੱਤਾ ਗਿਆ ਹੈ। ਉਪ ਪ੍ਰਧਾਨ ਮੰਤਰੀ ਨਿਕੋਲਾ ਵਿਲਿਸ ਦੂਜੇ ਨੰਬਰ ’ਤੇ ਹਨ। ਇਸ ਤੋਂ ਬਾਅਦ ਕ੍ਰਿਸ ਬਿਸ਼ਪ ਤੀਜੇ, ਸਾਈਮਨ ਬ੍ਰਾਊਨ ਚੌਥੇ, ਏਰਿਕਾ ਸਟੈਨਫੋਰਡ ਪੰਜਵੇਂ ਅਤੇ ਪੌਲ ਗੋਲਡਸਮਿਥ ਛੇਵੇਂ ਸਥਾਨ ’ਤੇ ਹਨ। ਲੂਈਸ ਅਪਸਟਨ ਨੂੰ ਸੱਤਵਾਂ ਅਤੇ ਮਾਰਕ ਮਿਚੇਲ ਨੂੰ ਅੱਠਵਾਂ ਸਥਾਨ ਮਿਲਿਆ ਹੈ। ਸਪੀਕਰ ਗੈਰੀ ਬ੍ਰਾਊਨਲੀ ਨੌਵੇਂ ਸਥਾਨ ’ਤੇ ਹਨ, ਜਦਕਿ ਤਾਮਾ ਪੋਟਾਕਾ ਨੂੰ 11ਵਾਂ ਸਥਾਨ ਦਿੱਤਾ ਗਿਆ ਹੈ। ਮੇਲਿਸਾ ਲੀ 30ਵੇਂ ਨੰਬਰ ’ਤੇ ਹਨ।
ਹਾਲੀਆ ਰਾਏਸ਼ੁਮਾਰੀ ਵਿੱਚ ਨੈਸ਼ਨਲ ਪਾਰਟੀ ਨੂੰ ਲਗਭਗ 31 ਫੀਸਦੀ ਸਮਰਥਨ ਮਿਲਣ ਦੀ ਗੱਲ ਸਾਹਮਣੇ ਆਈ ਹੈ। ਜੇਕਰ ਚੋਣ ਨਤੀਜਿਆਂ ਵਿੱਚ ਵੀ ਇਸੇ ਤਰ੍ਹਾਂ ਦਾ ਸਮਰਥਨ ਮਿਲਦਾ ਹੈ ਤਾਂ ਪਾਰਟੀ ਨੂੰ ਕਰੀਬ 39 ਤੋਂ 40 ਸੰਸਦੀ ਸੀਟਾਂ ਮਿਲਣ ਦੀ ਸੰਭਾਵਨਾ ਬਣ ਸਕਦੀ ਹੈ। ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਵੈਲਿੰਗਟਨ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣ ਮੁਹਿੰਮ ਦੌਰਾਨ ਪਾਰਟੀ ਦਾ ਮੁੱਖ ਧਿਆਨ ਆਪਣੇ ਪਾਰਟੀ ਵੋਟ ਹਿੱਸੇ ਨੂੰ ਵਧਾਉਣ ’ਤੇ ਰਹੇਗਾ। ਉਨ੍ਹਾਂ ਕਿਹਾ ਕਿ ਪਾਰਟੀ ਚੋਣ ਮੁਹਿੰਮ ਲਈ ਪੂਰੀ ਤਰ੍ਹਾਂ ਤਿਆਰ ਹੈ।
ਭਾਰਤੀ ਮੂਲ ਦੇ ਕਈ ਉਮੀਦਵਾਰਾਂ ਨੂੰ ਮਿਲੀ ਥਾਂ
ਨੈਸ਼ਨਲ ਪਾਰਟੀ ਦੀ ਸੂਚੀ ਵਿੱਚ ਭਾਰਤੀ ਮੂਲ ਦੇ ਕਈ ਉਮੀਦਵਾਰ ਸ਼ਾਮਲ ਹਨ। ਮਹੇਸ਼ ਮੁਰਲੀਧਰ ਨੂੰ 24ਵਾਂ, ਅੰਕਿਤ ਬਾਂਸਲ ਨੂੰ 53ਵਾਂ, ਲਲਿਤ ਆਰਿਆ ਨੂੰ 59ਵਾਂ, ਸੁਨੀਲ ਕੁਮਾਰ ਨੂੰ 63ਵਾਂ, ਕਰੁਣਾ ਮੁਥੂ ਨੂੰ 64ਵਾਂ, ਰੌਬਿਨ ਅਟਵਾਲ ਨੂੰ 70ਵਾਂ ਅਤੇ ਆਸ਼ੂ ਨੱਯਰ ਨੂੰ 71ਵਾਂ ਸਥਾਨ ਮਿਲਿਆ ਹੈ। ਇਨ੍ਹਾਂ ਵਿੱਚ ਰੌਬਿਨ ਅਟਵਾਲ ਦੀ ਉਮੀਦਵਾਰੀ ਨੇ ਖਾਸ ਤੌਰ ’ਤੇ ਪੰਜਾਬੀ ਅਤੇ ਭਾਰਤੀ ਭਾਈਚਾਰੇ ਦਾ ਧਿਆਨ ਖਿੱਚਿਆ ਹੈ। ਉਹ ਆਕਲੈਂਡ ਦੇ ਇੱਕ ਪ੍ਰਮੁੱਖ ਕਾਰੋਬਾਰੀ ਪਰਿਵਾਰ ਨਾਲ ਸਬੰਧਤ ਹਨ ਅਤੇ ਨਿਊਜ਼ੀਲੈਂਡ ਸਿੱਖ ਗੇਮਜ਼ ਦੀ ਪ੍ਰਬੰਧਕੀ ਟੀਮ ਨਾਲ ਵੀ ਜੁੜੇ ਹੋਏ ਹਨ। ਅਟਵਾਲ ਪਾਰਟੀ ਦੀ ਸੂਚੀ ਵਿੱਚ ਸ਼ਾਮਲ ਨੌਜਵਾਨ ਉਮੀਦਵਾਰਾਂ ਵਿੱਚੋਂ ਇੱਕ ਹਨ। ਕਾਰੋਬਾਰੀ ਪ੍ਰਬੰਧਨ ਅਤੇ ਸਮਾਗਮਾਂ ਦੇ ਆਯੋਜਨ ਨਾਲ ਜੁੜੇ ਉਨ੍ਹਾਂ ਦੇ ਤਜਰਬੇ ਕਾਰਨ ਭਾਰਤੀ ਅਤੇ ਪੰਜਾਬੀ ਭਾਈਚਾਰੇ ਵਿੱਚ ਉਨ੍ਹਾਂ ਦੀ ਉਮੀਦਵਾਰੀ ਨੂੰ ਲੈ ਕੇ ਦਿਲਚਸਪੀ ਵਧੀ ਹੈ।
MMP ਸਿਸਟਮ ਤਹਿਤ ਹੁੰਦੀ ਹੈ ਚੋਣ
ਨਿਊਜ਼ੀਲੈਂਡ ਵਿੱਚ Mixed-Member Proportional (MMP) ਚੋਣ ਪ੍ਰਣਾਲੀ ਲਾਗੂ ਹੈ। ਇਸ ਤਹਿਤ ਵੋਟਰ ਦੋ ਵੋਟਾਂ ਪਾਉਂਦੇ ਹਨ—ਇੱਕ ਆਪਣੇ ਸਥਾਨਕ ਹਲਕੇ ਦੇ ਉਮੀਦਵਾਰ ਲਈ ਅਤੇ ਦੂਜੀ ਪਸੰਦੀਦਾ ਰਾਜਨੀਤਿਕ ਪਾਰਟੀ ਲਈ। ਪਾਰਟੀਆਂ ਚੋਣਾਂ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਦੀ ਰੈਂਕਿੰਗ ਵਾਲੀ ਸੂਚੀ ਜਾਰੀ ਕਰਦੀਆਂ ਹਨ। ਸੰਸਦ ਵਿੱਚ ਕਿਸੇ ਪਾਰਟੀ ਨੂੰ ਮਿਲਣ ਵਾਲੀਆਂ ਸੀਟਾਂ ਵਿੱਚ ਪਾਰਟੀ ਵੋਟ ਦਾ ਵੱਡਾ ਯੋਗਦਾਨ ਹੁੰਦਾ ਹੈ। ਜਿਹੜੇ ਉਮੀਦਵਾਰ ਸਥਾਨਕ ਹਲਕਿਆਂ ਤੋਂ ਚੁਣੇ ਨਹੀਂ ਜਾਂਦੇ, ਉਨ੍ਹਾਂ ਵਿੱਚੋਂ ਕੁਝ ਨੂੰ ਪਾਰਟੀ ਦੀ ਰੈਂਕਿੰਗ ਦੇ ਆਧਾਰ ’ਤੇ ਸੰਸਦ ਵਿੱਚ ਜਗ੍ਹਾ ਮਿਲ ਸਕਦੀ ਹੈ।
ਆਮ ਤੌਰ ’ਤੇ ਕਿਸੇ ਪਾਰਟੀ ਨੂੰ ਸੰਸਦ ਵਿੱਚ ਅਨੁਪਾਤਕ ਨੁਮਾਇੰਦਗੀ ਲਈ ਘੱਟੋ-ਘੱਟ 5 ਫੀਸਦੀ ਪਾਰਟੀ ਵੋਟ ਹਾਸਲ ਕਰਨੀ ਜਾਂ ਕਿਸੇ ਇੱਕ ਹਲਕੇ ਤੋਂ ਚੋਣ ਜਿੱਤਣੀ ਹੁੰਦੀ ਹੈ। ਲਿਸਟ ਐਮਪੀਜ਼ ਨੂੰ ਵੀ ਹਲਕਾ ਐਮਪੀਜ਼ ਵਾਂਗ ਸੰਸਦ ਵਿੱਚ ਵੋਟ ਪਾਉਣ ਅਤੇ ਕਾਨੂੰਨੀ ਕਾਰਵਾਈ ਵਿੱਚ ਹਿੱਸਾ ਲੈਣ ਦੇ ਬਰਾਬਰ ਅਧਿਕਾਰ ਹੁੰਦੇ ਹਨ। ਉਹ ਮੰਤਰੀ ਵੀ ਬਣ ਸਕਦੇ ਹਨ। ਫਰਕ ਸਿਰਫ਼ ਇਹ ਹੈ ਕਿ ਹਲਕਾ ਐਮਪੀ ਕਿਸੇ ਖਾਸ ਭੂਗੋਲਿਕ ਹਲਕੇ ਦੀ ਨੁਮਾਇੰਦਗੀ ਕਰਦੇ ਹਨ, ਜਦਕਿ ਲਿਸਟ ਐਮਪੀ ਪਾਰਟੀ ਨੂੰ ਮਿਲੇ ਦੇਸ਼-ਵਿਆਪੀ ਸਮਰਥਨ ਦੇ ਆਧਾਰ ’ਤੇ ਸੰਸਦ ਵਿੱਚ ਪਹੁੰਚਦੇ ਹਨ।
