ਸਮਾਜ ਵਿੱਚ “ਮਿਡਲ ਕਲਾਸ” ਜਾਂ ਮੱਧਵਰਗ ਨੂੰ ਅਕਸਰ ਸਿਰਫ਼ ਆਮਦਨ ਦੇ ਇੱਕ ਪੱਧਰ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ। ਪਰ ਮੱਧਵਰਗੀ ਜੀਵਨ ਨੂੰ ਸਿਰਫ਼ ਤਨਖ਼ਾਹ, ਘਰ, ਕਾਰ ਜਾਂ ਬੈਂਕ ਬੈਲੈਂਸ ਨਾਲ ਸਮਝਣਾ ਅਧੂਰਾ ਹੈ। ਇਸ ਵਰਗ ਦੀ ਅਸਲ ਪਹਿਚਾਣ ਉਸ ਦੀ ਆਰਥਿਕ ਅਸੁਰੱਖਿਆ, ਸੀਮਤ ਸਰੋਤਾਂ ਵਿੱਚ ਵੱਧ ਤੋਂ ਵੱਧ ਕਰਨ ਦੀ ਕਲਾ, ਬੱਚਿਆਂ ਦੇ ਭਵਿੱਖ ਲਈ ਤਿਆਗ ਅਤੇ ਸਮਾਜਕ ਇੱਜ਼ਤ ਕਾਇਮ ਰੱਖਣ ਦੇ ਦਬਾਅ ਵਿੱਚ ਲੁਕੀ ਹੋਈ ਹੈ।
ਇਹ ਉਹ ਵਰਗ ਹੈ ਜੋ ਅਕਸਰ ਨਾ ਤਾਂ ਇੰਨਾ ਗਰੀਬ ਹੁੰਦਾ ਹੈ ਕਿ ਹਰ ਮੁਸ਼ਕਲ ਲਈ ਸਰਕਾਰੀ ਜਾਂ ਸਮਾਜਿਕ ਸਹਾਇਤਾ ਉੱਤੇ ਨਿਰਭਰ ਰਹਿ ਸਕੇ ਅਤੇ ਨਾ ਹੀ ਇੰਨਾ ਅਮੀਰ ਕਿ ਵੱਡੇ ਆਰਥਿਕ ਝਟਕੇ ਨੂੰ ਆਸਾਨੀ ਨਾਲ ਸਹਾਰ ਸਕੇ। ਇਸ ਲਈ ਮੱਧਵਰਗੀ ਪਰਿਵਾਰ ਦੀ ਸਭ ਤੋਂ ਵੱਡੀ ਦੌਲਤ ਅਕਸਰ ਉਸਦੀ ਬਚਤ, ਪਰਿਵਾਰਕ ਸਹਿਯੋਗ ਅਤੇ ਭਵਿੱਖ ਦੀ ਯੋਜਨਾ ਹੁੰਦੀ ਹੈ।
ਮੱਧਵਰਗੀ ਘਰ ਦੀ ਆਰਥਿਕਤਾ ਬਾਹਰੋਂ ਸਥਿਰ ਦਿਖਾਈ ਦੇ ਸਕਦੀ ਹੈ, ਪਰ ਅੰਦਰੋਂ ਇਹ ਕਈ ਵਾਰ ਬਹੁਤ ਨਾਜ਼ੁਕ ਸੰਤੁਲਨ ਉੱਤੇ ਟਿਕੀ ਹੁੰਦੀ ਹੈ। ਮਹੀਨੇ ਦੀ ਤਨਖ਼ਾਹ ਆਈ ਤਾਂ ਘਰ ਦਾ ਕਿਰਾਇਆ ਜਾਂ EMI, ਬੱਚਿਆਂ ਦੀ ਫੀਸ, ਬਿਜਲੀ-ਪਾਣੀ ਦੇ ਬਿੱਲ, ਰਾਸ਼ਨ, ਆਵਾਜਾਈ, ਬੀਮਾ, ਦਵਾਈਆਂ, ਮਾਪਿਆਂ ਦੀ ਜ਼ਿੰਮੇਵਾਰੀ ਅਤੇ ਹੋਰ ਖਰਚੇ। ਬਚਦਾ ਹੈ ਤਾਂ ਬਚਤ, ਨਹੀਂ ਤਾਂ ਅਗਲੇ ਮਹੀਨੇ ਦੀ ਉਡੀਕ।
ਅਜਿਹੇ ਵਿੱਚ ਇੱਕ ਵੱਡੀ ਸਿਹਤ-ਸਮੱਸਿਆ, ਨੌਕਰੀ ਦਾ ਲੰਮਾ ਖਾਲੀ ਸਮਾਂ, ਕਾਰੋਬਾਰ ਵਿੱਚ ਨੁਕਸਾਨ ਜਾਂ ਅਚਾਨਕ ਵੱਡਾ ਖਰਚਾ ਪੂਰੇ ਘਰੇਲੂ ਬਜਟ ਨੂੰ ਹਿਲਾ ਦਿੰਦਾ ਹੈ। ਇਸੇ ਲਈ ਮੱਧਵਰਗੀ ਪਰਿਵਾਰ ਵਿੱਚ “ਕੁਝ ਪੈਸੇ ਬਚਾ ਕੇ ਰੱਖੋ” ਸਿਰਫ਼ ਸਲਾਹ ਨਹੀਂ ਸਗੋਂ ਇਹ ਜੀਵਨ ਦੀ ਇੱਕ ਤਜਰਬੇਕਾਰ ਰਣਨੀਤੀ ਹੈ।
ਮਾਪੇ ਬੱਚਿਆਂ ਨੂੰ ਅਕਸਰ ਆਪਣੀ ਆਰਥਿਕ ਚਿੰਤਾ ਨਹੀਂ ਦੱਸਦੇ। ਉਹ ਕਹਿੰਦੇ ਹਨ“ਸਭ ਠੀਕ ਹੈ।” ਪਰ ਕਈ ਵਾਰ ਇਸ ਇੱਕ ਵਾਕ ਦੇ ਪਿੱਛੇ ਕਰਜ਼ੇ, EMI, ਬਚਤ ਦੀ ਚਿੰਤਾ ਅਤੇ ਭਵਿੱਖ ਦਾ ਡਰ ਲੁਕਿਆ ਹੁੰਦਾ ਹੈ।
ਮੱਧਵਰਗੀ ਪਰਿਵਾਰ ਦਾ ਬਜਟ ਕਿਸੇ ਛੋਟੀ ਕੰਪਨੀ ਦੀ ਅਕਾਊਂਟਿੰਗ ਪ੍ਰਣਾਲੀ ਤੋਂ ਘੱਟ ਨਹੀਂ ਹੁੰਦਾ।
ਇੱਕ ਸਾਬਣ ਕਿੰਨੇ ਦਿਨ ਚੱਲੇਗਾ?
ਕਿਹੜੀ ਦੁਕਾਨ ਤੋਂ ਰਾਸ਼ਨ ਸਸਤਾ ਮਿਲੇਗਾ?
ਕਿਹੜੀ ਚੀਜ਼ ਹੁਣ ਖਰੀਦਣੀ ਹੈ ਅਤੇ ਕਿਹੜੀ ਅਗਲੇ ਮਹੀਨੇ?
ਨਵਾਂ ਫ਼ੋਨ ਲੋੜ ਹੈ ਜਾਂ ਸਿਰਫ਼ ਇੱਛਾ?
ਪੁਰਾਣੀ ਚੀਜ਼ ਮੁਰੰਮਤ ਹੋ ਸਕਦੀ ਹੈ ਤਾਂ ਨਵੀਂ ਕਿਉਂ ਖਰੀਦੀ ਜਾਵੇ? ਇਹ ਸਵਾਲ ਮੱਧਵਰਗੀ ਘਰ ਦੀ ਰੋਜ਼ਾਨਾ ਆਰਥਿਕਤਾ ਦਾ ਹਿੱਸਾ ਹਨ।
ਪੁਰਾਣੇ ਕੱਪੜਿਆਂ ਦੀ ਵਰਤੋਂ, ਬਚੇ ਹੋਏ ਡੱਬਿਆਂ ਨੂੰ ਦੁਬਾਰਾ ਵਰਤਣਾ, ਪਲਾਸਟਿਕ ਦੇ ਲਿਫ਼ਾਫ਼ਿਆਂ ਨੂੰ ਸੰਭਾਲ ਕੇ ਰੱਖਣਾ, ਪੁਰਾਣੇ ਫਰਨੀਚਰ ਦੀ ਮੁਰੰਮਤ ਕਰਵਾਉਣਾ ਜਾਂ ਬੱਚਿਆਂ ਦੀਆਂ ਕਿਤਾਬਾਂ ਛੋਟੇ ਭੈਣ-ਭਰਾਵਾਂ ਤੱਕ ਪਹੁੰਚਾਉਣਾ. ਇਹ ਸਿਰਫ਼ ਕੰਜੂਸੀ ਨਹੀਂ। ਇਹ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਆਦਤ ਹੈ।
ਪਰ ਇਸ ਦੀ ਇੱਕ ਦਿਲਚਸਪ ਮਨੋਵਿਗਿਆਨਕ ਪੱਖ ਵੀ ਹੈ। ਕਈ ਘਰਾਂ ਵਿੱਚ ਮਹਿੰਗੀ ਜਾਂ ਵਧੀਆ ਚੀਜ਼ ਖਰੀਦੀ ਤਾਂ ਜਾਂਦੀ ਹੈ, ਪਰ ਉਸਦੀ ਵਰਤੋਂ “ਖ਼ਾਸ ਮੌਕੇ” ਲਈ ਰੱਖੀ ਜਾਂਦੀ ਹੈ। ਵਧੀਆ ਕੱਪੜੇ ਅਲਮਾਰੀ ਵਿੱਚ, ਮਹਿੰਗੇ ਬਰਤਨ ਅਲਮਾਰੀ ਵਿੱਚ ਅਤੇ ਕਈ ਵਾਰ ਮਹਿੰਗਾ ਪਰਫਿਊਮ ਵੀ ਡੱਬੇ ਵਿੱਚ ਹੀ ਰਹਿ ਜਾਂਦਾ ਹੈ।
ਜੇ ਚੰਗੀ ਚੀਜ਼ ਜੀਵਨ ਨੂੰ ਸੁਖ ਦੇਣ ਲਈ ਹੈ, ਤਾਂ ਉਸਨੂੰ ਜੀਣ ਤੋਂ ਪਹਿਲਾਂ ਹੀ “ਖ਼ਾਸ ਦਿਨ” ਲਈ ਕਿਉਂ ਬਚਾ ਕੇ ਰੱਖਿਆ ਜਾਵੇ? ਇਹ ਮੱਧਵਰਗੀ ਮਨੋਵਿਗਿਆਨ ਦਾ ਇੱਕ ਅਣਕਿਹਾ ਪੱਖ ਹੈ: ਭਵਿੱਖ ਲਈ ਬਚਾਉਂਦੇ-ਬਚਾਉਂਦੇ ਵਰਤਮਾਨ ਨੂੰ ਟਾਲ ਦੇਣਾ।
ਸਿੱਖਿਆ ਨੂੰ ਖਰਚਾ ਨਹੀਂ ਸਗੋਂ ਪਰਿਵਾਰ ਦਾ ਸਭ ਤੋਂ ਵੱਡਾ ਨਿਵੇਸ਼ ਮੰਨਿਆ ਜਾਂਦਾ ਹੈ। ਮੱਧਵਰਗੀ ਭਾਰਤੀ ਪਰਿਵਾਰ ਵਿੱਚ ਸਿੱਖਿਆ ਨੂੰ ਅਕਸਰ ਸਮਾਜਿਕ ਅਤੇ ਆਰਥਿਕ ਉੱਪਰਲੀ ਗਤੀ ਦਾ ਸਭ ਤੋਂ ਮਹੱਤਵਪੂਰਨ ਸਾਧਨ ਮੰਨਿਆ ਜਾਂਦਾ ਹੈ।
ਬੱਚੇ ਦੀ ਸਕੂਲ ਫੀਸ, ਕੋਚਿੰਗ, ਕਿਤਾਬਾਂ, ਹੋਸਟਲ, ਕਾਲਜ ਅਤੇ ਪੇਸ਼ੇਵਰ ਡਿਗਰੀ ਆਦਿ ਇਨ੍ਹਾਂ ਖਰਚਿਆਂ ਨੂੰ ਮਾਪੇ ਅਕਸਰ “ਖਰਚਾ” ਨਹੀਂ, ਭਵਿੱਖ ਵਿੱਚ ਨਿਵੇਸ਼ ਸਮਝਦੇ ਹਨ। ਕਈ ਮਾਪੇ ਆਪਣੇ ਸ਼ੌਕ ਮੁਲਤਵੀ ਕਰ ਦਿੰਦੇ ਹਨ। ਨਵੀਂ ਕਾਰ ਦੀ ਥਾਂ ਬੱਚੇ ਦੀ ਫੀਸ ਪਹਿਲਾਂ ਆ ਜਾਂਦੀ ਹੈ। ਪਰਿਵਾਰਕ ਯਾਤਰਾ ਦੀ ਥਾਂ ਕੋਚਿੰਗ ਦੀ ਫੀਸ ਭਰੀ ਜਾਂਦੀ ਹੈ। ਕਈ ਵਾਰ ਆਪਣੀ ਰਿਟਾਇਰਮੈਂਟ ਬਚਤ ਨੂੰ ਵੀ ਬੱਚਿਆਂ ਦੀ ਸਿੱਖਿਆ ਲਈ ਵਰਤਣ ਦੀ ਨੌਬਤ ਆ ਜਾਂਦੀ ਹੈ।
ਪਰ ਇਸ ਨਿਵੇਸ਼ ਦਾ ਇੱਕ ਅਦਿੱਖ ਭਾਰ ਬੱਚਿਆਂ ਉੱਤੇ ਵੀ ਪੈਂਦਾ ਹੈ। ਬੱਚਾ ਸੋਚਦਾ ਹੈ:
“ਮੇਰੇ ਮਾਪਿਆਂ ਨੇ ਮੇਰੇ ਲਈ ਇੰਨਾ ਕੀਤਾ ਹੈ, ਹੁਣ ਮੈਨੂੰ ਹਰ ਹਾਲਤ ਵਿੱਚ ਕਾਮਯਾਬ ਹੋਣਾ ਹੀ ਪਵੇਗਾ।” ਇੰਝ ਮੱਧਵਰਗੀ ਪਰਵਾਰ ਵਿੱਚ ਸਫਲਤਾ ਦੀ ਇੱਛਾ ਅਤੇ ਅਸਫਲਤਾ ਦਾ ਡਰ ਇਕੱਠੇ ਜਨਮ ਲੈਂਦੇ ਹਨ। ਮਾਪਿਆਂ ਦਾ ਤਿਆਗ ਜਦੋਂ ਪਿਆਰ ਦੀ ਥਾਂ “ਕਰਜ਼” ਵਾਂਗ ਮਹਿਸੂਸ ਹੋਣ ਲੱਗੇ, ਤਾਂ ਬੱਚੇ ਦੀ ਸਫਲਤਾ ਵੀ ਤਣਾਅ ਦਾ ਕਾਰਨ ਬਣ ਜਾਂਦੀ ਹੈ। ਇਸ ਲਈ ਬੱਚਿਆਂ ਨੂੰ ਸਿੱਖਿਆ ਦੇਣਾ ਜਿੰਨਾ ਮਹੱਤਵਪੂਰਨ ਹੈ, ਉਨ੍ਹਾਂ ਨੂੰ ਇਹ ਸਮਝਾਉਣਾ ਵੀ ਉਤਨਾ ਹੀ ਜ਼ਰੂਰੀ ਹੈ ਕਿ ਉਨ੍ਹਾਂ ਦੀ ਕੀਮਤ ਸਿਰਫ਼ ਉਨ੍ਹਾਂ ਦੀ ਨੌਕਰੀ, ਤਨਖ਼ਾਹ ਜਾਂ ਪ੍ਰੀਖਿਆ ਦੇ ਨਤੀਜੇ ਨਾਲ ਨਹੀਂ ਤੈਅ ਹੁੰਦੀ। ਮੱਧਵਰਗੀ ਜੀਵਨ ਵਿੱਚ ਇੱਕ ਹੋਰ ਤਾਕਤਵਰ ਦਬਾਅ ਹੈ” ਦਿਖਾਵੇ ਦੀ ਸਥਿਰਤਾ” ਘਰ ਦੇ ਅੰਦਰ ਬਜਟ ਤੰਗ ਹੋ ਸਕਦਾ ਹੈ, ਪਰ ਬਾਹਰੋਂ ਪਰਿਵਾਰ ਨੂੰ “ਸਭ ਠੀਕ” ਦਿਖਣਾ ਚਾਹੀਦਾ ਹੈ। ਬੱਚੇ ਦਾ ਵਿਆਹ, ਸਮਾਜਕ ਸਮਾਗਮ, ਤਿਉਹਾਰ, ਰਿਸ਼ਤੇਦਾਰਾਂ ਦੇ ਪ੍ਰੋਗਰਾਮ ਜਾਂ ਬੱਚਿਆਂ ਦੀਆਂ ਉਪਲਬਧੀਆਂ—ਇਨ੍ਹਾਂ ਮੌਕਿਆਂ ਉੱਤੇ ਸਮਾਜਕ ਉਮੀਦਾਂ ਕਈ ਵਾਰ ਘਰੇਲੂ ਬਜਟ ਨਾਲ ਟਕਰਾ ਜਾਂਦੀਆਂ ਹਨ।
ਇੱਕ ਪਰਿਵਾਰ ਵਧੀਆ ਕਾਰ ਰੱਖ ਸਕਦਾ ਹੈ, ਪਰ ਉਸੇ ਮਹੀਨੇ ਘਰੇਲੂ ਖਰਚੇ ਘਟਾ ਸਕਦਾ ਹੈ। ਕੋਈ ਪਰਿਵਾਰ ਸਾਲ ਵਿੱਚ ਇੱਕ ਵਾਰ ਛੁੱਟੀਆਂ ਮਨਾਉਣ ਜਾ ਸਕਦਾ ਹੈ, ਪਰ ਬਾਕੀ ਮਹੀਨਿਆਂ ਵਿੱਚ ਖਰਚਿਆਂ ਉੱਤੇ ਕੜੀ ਨਿਗਰਾਨੀ ਰੱਖ ਸਕਦਾ ਹੈ। ਇਸ ਲਈ ਕਿਸੇ ਪਰਿਵਾਰ ਦੀ ਬਾਹਰੀ ਜੀਵਨ-ਸ਼ੈਲੀ ਦੇ ਆਧਾਰ ’ਤੇ ਉਸਦੀ ਅਸਲ ਆਰਥਿਕ ਸਥਿਤੀ ਦਾ ਅੰਦਾਜ਼ਾ ਲਗਾਉਣਾ ਅਕਸਰ ਗਲਤ ਹੀ ਹੁੰਦਾ ਹੈ। ਸੋਸ਼ਲ ਮੀਡੀਆ ਨੇ ਇਸ ਦਬਾਅ ਨੂੰ ਹੋਰ ਵਧਾ ਦਿੱਤਾ ਹੈ। ਦੂਜਿਆਂ ਦੇ ਸੇਰ-ਸਪਾਟੇ , ਨਵੀਆਂ ਕਾਰਾਂ, ਮਹਿੰਗੇ ਰੈਸਟੋਰੈਂਟ ਅਤੇ ਸ਼ਾਨਦਾਰ ਸਮਾਗਮ ਦੇਖ ਕੇ ਤੁਲਨਾ ਦਾ ਇੱਕ ਨਵਾਂ ਬਾਜ਼ਾਰ ਬਣ ਗਿਆ ਹੈ। ਪਹਿਲਾਂ ਤੁਲਨਾ ਸਿਰਫ ਗੁਆਂਢੀ ਨਾਲ ਹੁੰਦੀ ਸੀ; ਹੁਣ ਦੁਨੀਆ ਨਾਲ ਹੁੰਦੀ ਹੈ।
ਮੱਧਵਰਗੀ ਘਰ ਵਿੱਚ ਬੱਚੇ ਦੀਆਂ ਬਹੁਤ ਸਾਰੀਆਂ ਇੱਛਾਵਾਂ ਤੁਰੰਤ ਪੂਰੀਆਂ ਨਹੀਂ ਹੁੰਦੀਆਂ।
“ਅੱਜ ਨਹੀਂ, ਬਾਅਦ ਵਿੱਚ” ਦਾ ਮਨੋਵਿਗਿਆਨ ਹਾਵੀ:
“ਅਗਲੇ ਮਹੀਨੇ।”
“ਥੋੜ੍ਹਾ ਇੰਤਜ਼ਾਰ ਕਰ।”
“ਜੇ ਨਤੀਜਾ ਚੰਗਾ ਆਇਆ ਤਾਂ।”
“ਇਸ ਵੇਲੇ ਬਜਟ ਨਹੀਂ ਹੈ।”
ਇਹ ਵਾਕ ਬੱਚੇ ਦੀ ਸ਼ਖ਼ਸੀਅਤ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ।
ਇੱਕ ਪਾਸੇ ਇਹ ਆਦਤ ਬਚਤ, ਸਬਰ, ਯੋਜਨਾ ਅਤੇ ਤੁਰੰਤ ਇੱਛਾ ਨੂੰ ਰੋਕ ਕੇ ਭਵਿੱਖ ਦੇ ਲਾਭ ਦੀ ਉਡੀਕ, ਵਰਗੀਆਂ ਕਾਬਲੀਅਤ ਵਿਕਸਿਤ ਕਰਦੀ ਹੈ। ਦੂਜੇ ਪਾਸੇ, ਜੇ ਇਹ ਮਨੋਵਿਰਤੀ ਬਹੁਤ ਡੂੰਘੀ ਹੋ ਜਾਵੇ ਤਾਂ ਚੜਦੀ ਜਵਾਨੀ ਵਿੱਚ ਵੀ ਇਨਸਾਨ ਆਪਣੇ ਉੱਤੇ ਖਰਚ ਕਰਦਿਆਂ ਦੋਸ਼ ਮਹਿਸੂਸ ਕਰਦਾ ਹੈ। ਉਹ ਨਵੀਂ ਕਮੀਜ਼ ਖਰੀਦਣ ਤੋਂ ਪਹਿਲਾਂ ਸੋਚਦਾ ਹੈ“ਪੁਰਾਣੀ ਤਾਂ ਅਜੇ ਠੀਕ ਹੈ।”
ਆਪਣੇ ਲਈ ਛੁੱਟੀ ਦੀ ਯੋਜਨਾ ਬਣਾਉਂਦਾ ਹੈ ਤਾਂ ਸੋਚਦਾ ਹੈ—“ਇਹ ਪੈਸਾ ਕਿਸੇ ਹੋਰ ਕੰਮ ਆ ਸਕਦਾ ਹੈ।”
ਭਾਵ ਬਚਤ ਦੀ ਚੰਗੀ ਆਦਤ ਕਈ ਵਾਰ ਆਪਣੇ ਉੱਤੇ ਖਰਚ ਕਰਨ ਦੇ ਡਰ ਵਿੱਚ ਵੀ ਬਦਲ ਜਾਂਦੀ ਹੈ।
ਮੱਧਵਰਗੀ ਘਰ ਦੀ ਆਰਥਿਕਤਾ ਵਿੱਚ ਔਰਤਾਂ ਦੀ ਭੂਮਿਕਾ ਅੰਕੜਿਆਂ ਵਿੱਚ ਪੂਰੀ ਤਰ੍ਹਾਂ ਦਿਖਾਈ ਦਿੰਦੀ ਹੈ ਘਰ ਦਾ ਬਜਟ ਸੰਭਾਲਣਾ, ਰਾਸ਼ਨ ਦੀ ਯੋਜਨਾ ਬਣਾਉਣਾ, ਬੱਚਿਆਂ ਦੀਆਂ ਲੋੜਾਂ ਨੂੰ ਤਰਜੀਹ ਦੇਣਾ, ਬਚੀ ਚੀਜ਼ ਦੀ ਦੁਬਾਰਾ ਵਰਤੋਂ, ਤਿਉਹਾਰਾਂ ਦੇ ਖਰਚੇ ਨੂੰ ਸੰਤੁਲਿਤ ਕਰਨਾ ਅਤੇ ਪਰਿਵਾਰਕ ਜ਼ਰੂਰਤਾਂ ਨੂੰ ਆਮਦਨ ਦੇ ਅਨੁਸਾਰ ਢਾਲਣਾ, ਇਹ ਸਾਰਾ ਅਣਭੁਗਤਾਨੀ ਘਰੇਲੂ ਕੰਮ ਹੈ। ਨਿੱਕੀ ਨਿੱਕੀ ਬੱਚਤ ਕਰਨੀ। ਭਾਵੇਂ ਇਸਦੀ ਕੋਈ ਮਹੀਨਾਵਾਰ ਤਨਖ਼ਾਹ ਨਹੀਂ ਹੁੰਦੀ, ਪਰ ਪਰਿਵਾਰ ਦੀ ਆਰਥਿਕ ਪ੍ਰਣਾਲੀ ਵਿੱਚ ਇਸਦੀ ਕੀਮਤ ਬਹੁਤ ਵੱਡੀ ਹੁੰਦੀ ਹੈ ।
ਮੱਧਵਰਗੀ ਜੀਵਨ ਦੀ ਇੱਕ ਡੂੰਘੀ ਚਿੰਤਾ ਬੱਚਿਆਂ ਦੇ ਭਵਿੱਖ ਨਾਲ ਜੁੜੀ ਹੁੰਦੀ ਹੈ। ਕਿ “ਸਾਡੇ ਬਾਅਦ?”
ਬੁਢਾਪੇ ਦੀ ਸੁਰੱਖਿਆ, ਬੱਚਿਆਂ ਦੀ ਨੌਕਰੀ, ਉਨ੍ਹਾਂ ਦਾ ਵਿਆਹ, ਆਪਣਾ ਘਰ, ਸਿਹਤ ਖਰਚੇ ਅਤੇ ਰਿਟਾਇਰਮੈਂਟ—ਇਹ ਸਾਰੇ ਸਵਾਲ ਉਮਰ ਦੇ ਨਾਲ ਹੋਰ ਗੰਭੀਰ ਹੋ ਜਾਂਦੇ ਹਨ।
ਇਸੇ ਕਰਕੇ ਮੱਧਵਰਗੀ ਮਾਪੇ ਅਕਸਰ ਆਪਣੇ ਬੱਚਿਆਂ ਨੂੰ ਸਿਰਫ਼ ਪੜ੍ਹਾਉਣਾ ਨਹੀਂ ਚਾਹੁੰਦੇ। ਉਹ ਚਾਹੁੰਦੇ ਹਨ ਕਿ ਬੱਚੇ ਆਰਥਿਕ ਤੌਰ ’ਤੇ ਖ਼ੁਦਮੁਖ਼ਤਿਆਰ ਹੋਣ। ਇੱਥੇ ਪਿਆਰ ਅਤੇ ਡਰ ਇਕੱਠੇ ਯਾਤਰਾ ਅਤੇ ਸਫ਼ਰ ਕਰਦੇ ਹਨ।
“ਬੱਚਾ ਸੈਟ ਹੋ ਜਾਵੇ”, ਇਹ ਭਾਰਤੀ ਮੱਧਵਰਗੀ ਪਰਿਵਾਰ ਦੀਆਂ ਸਭ ਤੋਂ ਡੂੰਘੀਆਂ ਇੱਛਾਵਾਂ ਵਿੱਚੋਂ ਇੱਕ ਹੈ।
ਆਧੁਨਿਕ ਮੱਧਵਰਗੀ ਜੀਵਨ ਵਿੱਚ ਕਿਸ਼ਤਾਂ ਨੇ ਕਈ ਚੀਜ਼ਾਂ ਨੂੰ ਪਹੁੰਚੇ ਵਿੱਚ ਭਾਵੇਂ ਕਰ ਦਿੱਤਾ ਹੈ ਜਿਵੇਂ ਘਰ, ਕਾਰ, ਸਿੱਖਿਆ ਅਤੇ ਹੋਰ ਵੱਡੀਆਂ ਖਰੀਦਾਂ। ਪਰ ਕਰਜ਼ੇ ਨੂੰ ਸੁਵਿਧਾ ਵੀ, ਦਬਾਅ ਵੀ ਬਣਾ ਦਿੱਤਾ ਹਨ।
ਪਰ ਕਿਸ਼ਤ ਦਾ ਮਤਲਬ ਇਹ ਵੀ ਹੈ ਕਿ ਭਵਿੱਖ ਦੀ ਆਮਦਨ ਦਾ ਇੱਕ ਹਿੱਸਾ ਪੱਕੇ ਤੌਰ ਤੇ ਅੱਜ ਵੀ ਵਚਨਬੱਧ ਹੋ ਗਿਆ।
ਇਸ ਲਈ ਮੱਧਵਰਗੀ ਪਰਿਵਾਰ ਦੀ ਆਮਦਨ ਵਧਣ ਦੇ ਨਾਲ ਜ਼ਰੂਰੀ ਨਹੀਂ ਕਿ ਉਸਦੀ ਆਰਥਿਕ ਆਜ਼ਾਦੀ ਵੀ ਉਨੀ ਹੀ ਵਧੇ। ਜੀਵਨ-ਸ਼ੈਲੀ, ਕਰਜ਼ੇ ਅਤੇ ਸਮਾਜਕ ਉਮੀਦਾਂ ਵੀ ਨਾਲ-ਨਾਲ ਵਧਦੀਆਂ ਰਹਿੰਦੀਆਂ ਹਨ। ਇੱਥੇ ਇਹ ਜਾਣਕਾਰੀ ਮਿਲਦੀ ਹੈ ਕਿ ਮੱਧਵਰਗੀ ਪਰਿਵਾਰ ਲਈ ਵੱਧ ਕਮਾਈ ਅਤੇ ਵੱਧ ਆਰਥਿਕ ਸੁਰੱਖਿਆ ਇੱਕੋ ਗੱਲ ਨਹੀਂ।
ਫਿਰ ਵੀ ਮੱਧਵਰਗ ਨੂੰ ਸਿਰਫ਼ ਸੰਘਰਸ਼ ਦੀ ਕਹਾਣੀ ਸਮਝਣਾ ਵੀ ਠੀਕ ਨਹੀਂ। ਕਿਉਂਕਿ ਇਸ ਵਰਗ ਨੇ ਭਾਰਤੀ ਸਮਾਜ ਵਿੱਚ ਸਿੱਖਿਆ, ਪੇਸ਼ਾਵਰ ਹੁਨਰ, ਉਦਯਮਤਾ, ਬਚਤ ਅਤੇ ਸਮਾਜਿਕ ਗਤੀਸ਼ੀਲਤਾ ਨੂੰ ਵੱਡਾ ਹੁਲਾਰਾ ਦਿੱਤਾ ਹੈ ਅਤੇ ਸਮਾਜ ਲਈ ਮਿਸਾਲ ਬਣਾਈਆਂ ਹੈ।
ਮੱਧਵਰਗੀ ਪਰਿਵਾਰ ਦਾ-
ਇੱਕ ਬੱਚਾ ਸਰਕਾਰੀ ਸਕੂਲ ਤੋਂ ਪੜ੍ਹ ਕੇ ਇੰਜੀਨੀਅਰ ਬਣ ਸਕਦਾ ਹੈ। ਕੋਈ ਸਰਕਾਰੀ ਨੌਕਰੀ ਹਾਸਲ ਕਰ ਸਕਦਾ ਹੈ। ਕੋਈ ਛੋਟਾ ਕਾਰੋਬਾਰ ਸ਼ੁਰੂ ਕਰ ਸਕਦਾ ਹੈ।
ਕੋਈ ਵਿਦੇਸ਼ ਜਾ ਸਕਦਾ ਹੈ।
ਕੋਈ ਆਪਣੇ ਹੀ ਸ਼ਹਿਰ ਵਿੱਚ ਨਵਾਂ ਉਦਯਮ ਖੜ੍ਹਾ ਕਰ ਸਕਦਾ ਹੈ।
ਇਸ ਵਰਗ ਦੀ ਤਾਕਤ ਅਕਸਰ ਇਸਦੇ ਮਨੁੱਖੀ ਪੂੰਜੀ : ਸਿੱਖਿਆ, ਹੁਨਰ, ਮਿਹਨਤ ਅਤੇ ਸਖ਼ਤ ਅਨੁਸ਼ਾਸਨ ਵਿੱਚ ਹੁੰਦੀ ਹੈ। ਕਿਉਂਕਿ ਅੱਜ ਦੀ ਜੀਵਨ ਸ਼ੈਲੀ ਵਿੱਚ:
ਬਚਤ ਜ਼ਰੂਰੀ ਹੈ।
ਬੱਚਿਆਂ ਦੀ ਸਿੱਖਿਆ ਜ਼ਰੂਰੀ ਹੈ।
ਰਿਟਾਇਰਮੈਂਟ ਦੀ ਯੋਜਨਾ ਜ਼ਰੂਰੀ ਹੈ।
ਐਮਰਜੈਂਸੀ ਫੰਡ ਜ਼ਰੂਰੀ ਹੈ।
ਕਰਜ਼ੇ ਨੂੰ ਨਿਯੰਤਰਿਤ ਰੱਖਣਾ ਜ਼ਰੂਰੀ ਹੈ।
ਮੱਧਵਰਗੀ ਪਰਿਵਾਰ ਦੀ ਅਗਲੀ ਪੀੜ੍ਹੀ ਨੂੰ ਸਿਰਫ਼ ਇਹ ਸਿਖਾਉਣ ਦੀ ਲੋੜ ਨਹੀਂ ਕਿ ਪੈਸਾ ਕਿਵੇਂ ਬਚਾਉਣਾ ਹੈ। ਉਨ੍ਹਾਂ ਨੂੰ ਇਹ ਵੀ ਸਿਖਾਉਣ ਦੀ ਲੋੜ ਹੈ ਕਿ ਪੈਸਾ ਕਿਵੇਂ ਸਮਝਦਾਰੀ ਨਾਲ ਵਰਤਣਾ ਹੈ, ਜੋਖ਼ਮ ਕਿਵੇਂ ਮਾਪਣਾ ਹੈ, ਕਰਜ਼ੇ ਨੂੰ ਕਿਵੇਂ ਸੰਭਾਲਣਾ ਹੈ ਅਤੇ ਆਪਣੀ ਮਾਨਸਿਕ ਤੇ ਸਮਾਜਿਕ ਭਲਾਈ ਨੂੰ ਆਰਥਿਕ ਯੋਜਨਾ ਦਾ ਹਿੱਸਾ ਕਿਵੇਂ ਬਣਾਉਣਾ ਹੈ। ਕਿਉਂਕਿ ਮੱਧਵਰਗੀ ਜੀਵਨ ਦੀ ਅਸਲ ਸਫਲਤਾ ਸਿਰਫ਼ ਵੱਡਾ ਘਰ, ਮਹਿੰਗੀ ਕਾਰ ਜਾਂ ਬੈਂਕ ਬੈਲੈਂਸ ਨਹੀਂ।
ਅਸਲ ਸਫਲਤਾ ਉਹ ਦਿਨ ਹੈ ਜਦੋਂ ਪਰਿਵਾਰ ਕੋਲ ਸੰਕਟ ਨਾਲ ਨਜਿੱਠਣ ਲਈ ਸੁਰੱਖਿਆ, ਬੱਚਿਆਂ ਲਈ ਮੌਕੇ, ਬੁਢਾਪੇ ਲਈ ਸਨਮਾਨ ਅਤੇ ਵਰਤਮਾਨ ਨੂੰ ਜੀਣ ਲਈ ਕੁਝ ਆਜ਼ਾਦੀ ਵੀ ਹੋਵੇ। ਮੱਧਵਰਗ ਦੀ ਕਹਾਣੀ ਇਸ ਲਈ ਅਣਕਹੀ ਹੈ ਕਿਉਂਕਿ ਇਸ ਵਰਗ ਦੇ ਲੱਖਾਂ ਘਰਾਂ ਵਿੱਚ ਲੋਕ ਹਰ ਰੋਜ਼ ਇੱਕੋ ਸਮੇਂ ਸੁਪਨੇ ਵੀ ਖਰੀਦ ਰਹੇ ਹੁੰਦੇ ਹਨ ਅਤੇ ਉਨ੍ਹਾਂ ਦੀ ਕੀਮਤ ਵੀ ਗਿਣ ਰਹੇ ਹੁੰਦੇ ਹਨ।
ਇੱਕ ਹੱਥ ਵਿੱਚ ਬੱਚੇ ਦਾ ਭਵਿੱਖ ਹੁੰਦਾ ਹੈ, ਦੂਜੇ ਹੱਥ ਵਿੱਚ ਘਰ ਦਾ ਬਜਟ।
ਚਿਹਰੇ ਉੱਤੇ ਸਧਾਰਨ ਮੁਸਕਰਾਹਟ ਹੁੰਦੀ ਹੈ, ਪਰ ਮਨ ਵਿੱਚ ਹਮੇਸ਼ਾ ਇੱਕ ਗਣਿਤ ਚੱਲ ਰਿਹਾ ਹੁੰਦਾ ਹੈ:
“ਅੱਜ ਕਿੰਨਾ ਖਰਚ ਕਰ ਸਕਦੇ ਹਾਂ, ਤਾਂ ਜੋ ਕੱਲ੍ਹ ਵੀ ਸੁਰੱਖਿਅਤ ਰਹੀਏ?”
ਇਹੀ ਮੱਧਵਰਗੀ ਜੀਵਨ ਦਾ ਸਭ ਤੋਂ ਵੱਡਾ ਸੱਚ ਹੈ
ਇਹ ਸਿਰਫ਼ ਘੱਟ ਜਾਂ ਵੱਧ ਪੈਸੇ ਦੀ ਕਹਾਣੀ ਨਹੀਂ। “ਮੱਧਵਰਗ ਦੀ ਕਹਾਣੀ ਸੀਮਤ ਸਰੋਤਾਂ ਵਿੱਚ ਬੇਹੱਦ ਵੱਡੇ ਸੁਪਨੇ ਪਾਲਣ ਵਾਲੇ ਲੋਕਾਂ ਦੀ ਮਿਸਾਲ ਹੈ।”
ਗੁਰਮੀਤ ਸਿੰਘ ਤੁੰਗ
ਬਿਊਰੋ ਚੀਫ਼ (98552 21193)
