Home ਸਪੋਰਟਸ ਲਕਸ਼ਯ ਸੇਨ ਨੇ ਜਿੱਤਿਆ ਕੁਮਾਮੋਟੋ ਮਾਸਟਰਜ਼ ਖਿਤਾਬ, ਜਾਪਾਨੀ ਖਿਡਾਰੀ ਨੂੰ ਹਰਾ ਕੇ...

ਲਕਸ਼ਯ ਸੇਨ ਨੇ ਜਿੱਤਿਆ ਕੁਮਾਮੋਟੋ ਮਾਸਟਰਜ਼ ਖਿਤਾਬ, ਜਾਪਾਨੀ ਖਿਡਾਰੀ ਨੂੰ ਹਰਾ ਕੇ ਸੀਜ਼ਨ ਦਾ ਦੂਜਾ ਖ਼ਿਤਾਬ ਕੀਤਾ ਆਪਣੇ ਨਾਂ

Lakshya Sen defeats Japan's Koki Watanabe in a thrilling three-game final to win the Kumamoto Masters Super 500 title and secure his second consecutive championship.

0

ਕੁਮਾਮੋਟੋ, ਜਾਪਾਨ, 15 ਨਵੰਬਰ 2026  (ਛਤਰਪਾਲ ਸਿੰਘ ) : ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਕੁਮਾਮੋਟੋ ਮਾਸਟਰਜ਼ ਸੁਪਰ 500 ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਹੈ। ਫਾਈਨਲ ਮੁਕਾਬਲੇ ਵਿੱਚ ਉਨ੍ਹਾਂ ਨੇ ਜਾਪਾਨ ਦੇ ਵਿਸ਼ਵ ਦੇ 15ਵੇਂ ਨੰਬਰ ਦੇ ਖਿਡਾਰੀ ਕੋਕੀ ਵਾਤਾਨਾਬੇ ਨੂੰ ਹਰਾ ਕੇ ਸੀਜ਼ਨ ਦੀ ਦੂਜੀ ਟਰਾਫੀ ਆਪਣੇ ਨਾਂ ਕੀਤੀ। ਫਾਈਨਲ ਵਿੱਚ ਲਕਸ਼ਯ ਸੇਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਨ੍ਹਾਂ ਨੂੰ ਪਹਿਲੀ ਗੇਮ ਵਿੱਚ 13-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਭਾਰਤੀ ਖਿਡਾਰੀ ਨੇ ਹੌਸਲਾ ਨਹੀਂ ਹਾਰਿਆ ਅਤੇ ਅਗਲੀਆਂ ਦੋਵੇਂ ਗੇਮਾਂ ਵਿੱਚ ਸ਼ਾਨਦਾਰ ਵਾਪਸੀ ਕਰਦਿਆਂ 21-18 ਅਤੇ 21-14 ਨਾਲ ਜਿੱਤ ਦਰਜ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਮੁਕਾਬਲਾ 13-21, 21-18 ਅਤੇ 21-14 ਨਾਲ ਆਪਣੇ ਨਾਂ ਕਰ ਲਿਆ।

ਮੁਕਾਬਲੇ ਦੌਰਾਨ ਲਕਸ਼ਯ ਸੇਨ ਨੇ ਆਪਣੀ ਫੁਰਤੀ, ਸ਼ਾਨਦਾਰ ਕੋਰਟ ਕਵਰੇਜ ਅਤੇ ਦਮਦਾਰ ਸ਼ਾਟਾਂ ਨਾਲ ਜਾਪਾਨੀ ਦਰਸ਼ਕਾਂ ਨੂੰ ਵੀ ਪ੍ਰਭਾਵਿਤ ਕੀਤਾ। ਖ਼ਾਸ ਤੌਰ ’ਤੇ ਇੱਕ ਮੌਕੇ ’ਤੇ ਉਨ੍ਹਾਂ ਨੇ ਕੋਰਟ ਦੇ ਪਿਛਲੇ ਹਿੱਸੇ ਵਿੱਚ ਡਿੱਗਦੀ ਸ਼ਟਲ ਨੂੰ ਬੇਹੱਦ ਮੁਸ਼ਕਲ ਸਥਿਤੀ ਵਿੱਚ ਵਾਪਸ ਖੇਡਦਿਆਂ ਅਜਿਹਾ ਸ਼ਾਟ ਲਗਾਇਆ, ਜਿਸ ਨੇ ਵਿਰੋਧੀ ਖਿਡਾਰੀ ਨੂੰ ਹੈਰਾਨ ਕਰ ਦਿੱਤਾ। ਇਸ ਜਿੱਤ ਨਾਲ ਲਕਸ਼ਯ ਸੇਨ ਨੇ ਲਗਾਤਾਰ ਦੂਜਾ ਖ਼ਿਤਾਬ ਜਿੱਤਣ ਦਾ ਮਾਣ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਹਾਈਲੋ ਓਪਨ ਦਾ ਖ਼ਿਤਾਬ ਵੀ ਆਪਣੇ ਨਾਂ ਕੀਤਾ ਸੀ। ਲਗਾਤਾਰ ਮਿਲ ਰਹੀਆਂ ਜਿੱਤਾਂ ਨਾਲ ਉਹ ਹੁਣ ਬੈਡਮਿੰਟਨ ਵਰਲਡ ਟੂਰ ਫਾਈਨਲਜ਼ ਲਈ ਕੁਆਲੀਫਾਈ ਕਰਨ ਦੀ ਦੌੜ ਵਿੱਚ ਵੀ ਮਜ਼ਬੂਤ ਸਥਿਤੀ ਵੱਲ ਵਧ ਰਹੇ ਹਨ। ਲਕਸ਼ਯ ਸੇਨ ਦੀ ਇਹ ਜਿੱਤ ਭਾਰਤੀ ਬੈਡਮਿੰਟਨ ਲਈ ਇੱਕ ਹੋਰ ਵੱਡੀ ਪ੍ਰਾਪਤੀ ਹੈ।

 

Exit mobile version