ਜ਼ਿਊਰਿਖ, 12 ਨਵੰਬਰ, 2026 (ਚੌਧਰੀ ਪ੍ਰਭਜੀਤ ਸਿੰਘ) : ਫੀਫਾ ਨੇ 2031 ਅਤੇ 2035 ਵਿੱਚ ਹੋਣ ਵਾਲੇ ਮਹਿਲਾ ਫੁੱਟਬਾਲ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਪੇਸ਼ ਕੀਤੀਆਂ ਦੋਵਾਂ ਸਾਂਝੀਆਂ ਦਾਅਵੇਦਾਰੀਆਂ ਨੂੰ ਮੁੱਢਲੀਆਂ ਮੇਜ਼ਬਾਨੀ ਸ਼ਰਤਾਂ ‘ਤੇ ਖਰਾ ਪਾਇਆ ਹੈ। ਹੁਣ ਇਨ੍ਹਾਂ ਦੋਵਾਂ ਪ੍ਰਸਤਾਵਾਂ ਬਾਰੇ ਫੈਸਲਾ 23 ਨਵੰਬਰ ਨੂੰ ਹੋਣ ਵਾਲੀ ਫੀਫਾ ਦੀ ਵਿਸ਼ੇਸ਼ ਕਾਂਗਰਸ ਵਿੱਚ ਮੈਂਬਰਾਂ ਦੀ ਵੋਟਿੰਗ ਰਾਹੀਂ ਕੀਤਾ ਜਾਵੇਗਾ। ਬੁੱਧਵਾਰ ਨੂੰ ਜਾਰੀ ਮੁਲਾਂਕਣ ਰਿਪੋਰਟਾਂ ਵਿੱਚ ਦੋਵਾਂ ਦਾਅਵੇਦਾਰੀਆਂ ਨੂੰ ਘੱਟੋ-ਘੱਟ ਲੋੜੀਂਦੇ ਮਾਪਦੰਡਾਂ ਅਨੁਸਾਰ ਯੋਗ ਦੱਸਿਆ ਗਿਆ ਹੈ।
2031 ਵਿਸ਼ਵ ਕੱਪ ਲਈ ਚਾਰ ਦੇਸ਼ਾਂ ਦੀ ਸਾਂਝੀ ਦਾਅਵੇਦਾਰੀ
2031 ਦੇ ਮਹਿਲਾ ਵਿਸ਼ਵ ਕੱਪ ਲਈ ਅਮਰੀਕਾ, ਮੈਕਸੀਕੋ, ਜਮਾਇਕਾ ਅਤੇ ਕੋਸਟਾ ਰੀਕਾ ਨੇ ਸਾਂਝੀ ਦਾਅਵੇਦਾਰੀ ਪੇਸ਼ ਕੀਤੀ ਹੈ। ਇਸ ਟੂਰਨਾਮੈਂਟ ਵਿੱਚ ਟੀਮਾਂ ਦੀ ਗਿਣਤੀ 32 ਤੋਂ ਵਧਾ ਕੇ 48 ਕੀਤੀ ਜਾਣੀ ਹੈ। ਫੀਫਾ ਦੀ ਰਿਪੋਰਟ ਮੁਤਾਬਕ ਇਸ ਪ੍ਰਸਤਾਵ ਦਾ ਆਧਾਰ ਮਜ਼ਬੂਤ ਹੈ, ਕਿਉਂਕਿ ਅਮਰੀਕਾ ਪਹਿਲਾਂ ਹੀ ਮੈਕਸੀਕੋ ਅਤੇ ਕੈਨੇਡਾ ਨਾਲ ਮਿਲ ਕੇ ਪੁਰਸ਼ ਫੁੱਟਬਾਲ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਚੁੱਕਾ ਹੈ ਅਤੇ 2025 ਵਿੱਚ ਕਲੱਬ ਵਿਸ਼ਵ ਕੱਪ ਵੀ ਕਰਵਾ ਚੁੱਕਾ ਹੈ। ਇਸ ਟੂਰਨਾਮੈਂਟ ਵਿੱਚ ਲਗਭਗ 45 ਲੱਖ ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਹੈ। ਇਸ ਦਾਅਵੇਦਾਰੀ ਤਹਿਤ ਕੁੱਲ 20 ਸਟੇਡੀਅਮ ਪ੍ਰਸਤਾਵਿਤ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 14 ਅਮਰੀਕਾ, ਚਾਰ ਮੈਕਸੀਕੋ ਅਤੇ ਇੱਕ-ਇੱਕ ਜਮਾਇਕਾ ਤੇ ਕੋਸਟਾ ਰੀਕਾ ਵਿੱਚ ਹੋਵੇਗਾ। ਵਾਸ਼ਿੰਗਟਨ ਡੀ.ਸੀ. ਵਿੱਚ ਪ੍ਰਸਤਾਵਿਤ ਨਵੇਂ ਆਰਐੱਫਕੇ ਸਟੇਡੀਅਮ ਨੂੰ ਛੱਡ ਕੇ ਬਾਕੀ ਸਾਰੇ ਸਟੇਡੀਅਮ ਪਹਿਲਾਂ ਤੋਂ ਮੌਜੂਦ ਹਨ। ਫਾਈਨਲ ਮੈਚ ਦੀ ਮੇਜ਼ਬਾਨੀ ਲਈ ਅਟਲਾਂਟਾ ਦਾ ਮਰਸਡੀਜ਼-ਬੈਂਜ਼ ਸਟੇਡੀਅਮ, ਡਲਾਸ ਨੇੜੇ ਏਟੀਐਂਡਟੀ ਸਟੇਡੀਅਮ, ਲਾਸ ਏਂਜਲਸ ਦਾ ਸੋਫਾਈ ਸਟੇਡੀਅਮ ਅਤੇ ਨਿਊਜਰਸੀ ਦਾ ਮੈਟਲਾਈਫ ਸਟੇਡੀਅਮ ਵਿਚਾਰ ਅਧੀਨ ਹਨ।
ਕੁਦਰਤੀ ਘਾਹ ਵਿਛਾਉਣ ਦੀ ਹੋਵੇਗੀ ਲੋੜ
ਫੀਫਾ ਦੀ ਰਿਪੋਰਟ ਅਨੁਸਾਰ ਪ੍ਰਸਤਾਵਿਤ ਅਮਰੀਕੀ ਸਟੇਡੀਅਮਾਂ ਵਿੱਚੋਂ ਸੱਤ ਅਤੇ ਮੈਕਸੀਕੋ ਦੇ ਇੱਕ ਸਟੇਡੀਅਮ ਵਿੱਚ ਨਕਲੀ ਘਾਹ ਹੈ। ਵਿਸ਼ਵ ਕੱਪ ਦੇ ਮੈਚ ਕਰਵਾਉਣ ਲਈ ਇਨ੍ਹਾਂ ਸਟੇਡੀਅਮਾਂ ਵਿੱਚ ਕੁਦਰਤੀ ਘਾਹ ਵਿਛਾਉਣਾ ਲਾਜ਼ਮੀ ਹੋਵੇਗਾ। ਪਿਛਲੇ ਸਾਲ ਗਰਮੀਆਂ ਵਿੱਚ ਹੋਏ ਪੁਰਸ਼ ਵਿਸ਼ਵ ਕੱਪ ਦੌਰਾਨ ਵੀ ਕਈ ਸਟੇਡੀਅਮਾਂ ਵਿੱਚ ਆਰਜ਼ੀ ਤੌਰ ‘ਤੇ ਕੁਦਰਤੀ ਘਾਹ ਦੇ ਮੈਦਾਨ ਤਿਆਰ ਕੀਤੇ ਗਏ ਸਨ। ਫੀਫਾ ਨੇ ਇਹ ਵੀ ਦੱਸਿਆ ਕਿ ਅਮਰੀਕੀ ਸਰਕਾਰੀ ਏਜੰਸੀਆਂ ਨੇ ਇਮੀਗ੍ਰੇਸ਼ਨ, ਵੀਜ਼ਾ, ਵਰਕ ਪਰਮਿਟ ਅਤੇ ਸੁਰੱਖਿਆ ਵਰਗੀਆਂ ਜ਼ਰੂਰਤਾਂ ਪੂਰੀਆਂ ਕਰਨ ਸਬੰਧੀ ਸਹਿਯੋਗ ਪੱਤਰ ਦਿੱਤੇ ਹਨ। ਹਾਲਾਂਕਿ ਕੁਝ ਮਾਮਲਿਆਂ ਵਿੱਚ ਹੋਰ ਵਿਚਾਰ-ਵਟਾਂਦਰੇ ਦੀ ਲੋੜ ਹੈ।
2035 ਵਿਸ਼ਵ ਕੱਪ ਲਈ ਇੰਗਲੈਂਡ ਸਮੇਤ ਚਾਰ ਦੇਸ਼ਾਂ ਦਾ ਪ੍ਰਸਤਾਵ
2035 ਦੇ ਮਹਿਲਾ ਵਿਸ਼ਵ ਕੱਪ ਲਈ ਇੰਗਲੈਂਡ, ਉੱਤਰੀ ਆਇਰਲੈਂਡ, ਸਕਾਟਲੈਂਡ ਅਤੇ ਵੇਲਜ਼ ਨੇ ‘ਆਲ ਟੁਗੈਦਰ’ (ਸਾਰੇ ਇਕੱਠੇ) ਦੇ ਨਾਅਰੇ ਹੇਠ ਸਾਂਝੀ ਦਾਅਵੇਦਾਰੀ ਪੇਸ਼ ਕੀਤੀ ਹੈ। ਇਸ ਪ੍ਰਸਤਾਵ ਵਿੱਚ 15 ਮੇਜ਼ਬਾਨ ਸ਼ਹਿਰਾਂ ਅਤੇ 19 ਸਟੇਡੀਅਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚ 14 ਸਟੇਡੀਅਮ ਇੰਗਲੈਂਡ, ਦੋ ਉੱਤਰੀ ਆਇਰਲੈਂਡ, ਇੱਕ ਸਕਾਟਲੈਂਡ ਅਤੇ ਦੋ ਵੇਲਜ਼ ਵਿੱਚ ਹੋਣਗੇ। ਇਸ ਟੂਰਨਾਮੈਂਟ ਦਾ ਫਾਈਨਲ ਲੰਡਨ ਦੇ ਮਸ਼ਹੂਰ ਵੈਂਬਲੀ ਸਟੇਡੀਅਮ ਵਿੱਚ ਕਰਵਾਉਣ ਦੀ ਤਜਵੀਜ਼ ਹੈ। ਇਸ ਸਾਂਝੀ ਦਾਅਵੇਦਾਰੀ ਦਾ ਆਧਾਰ ਚਾਰਾਂ ਫੁੱਟਬਾਲ ਸੰਘਾਂ ਦਾ ਸਾਂਝਾ ਤਜਰਬਾ ਹੈ। ਇਨ੍ਹਾਂ ਦੇਸ਼ਾਂ ਵਿੱਚ ਪਹਿਲਾਂ ਯੂਈਐੱਫਏ ਮਹਿਲਾ ਯੂਰੋ 2022 ਅਤੇ ਆਗਾਮੀ ਯੂਈਐੱਫਏ ਯੂਰੋ 2028 ਵਰਗੇ ਵੱਡੇ ਫੁੱਟਬਾਲ ਮੁਕਾਬਲਿਆਂ ਦੀ ਮੇਜ਼ਬਾਨੀ ਦਾ ਤਜਰਬਾ ਵੀ ਸ਼ਾਮਲ ਹੈ।
ਬ੍ਰਾਜ਼ੀਲ ਮਹਿਲਾ ਵਿਸ਼ਵ ਕੱਪ ਲਈ ਡਰਾਅ 11 ਦਸੰਬਰ ਨੂੰ
ਇਸ ਦੌਰਾਨ ਫੀਫਾ ਨੇ ਅਗਲੇ ਸਾਲ ਬ੍ਰਾਜ਼ੀਲ ਵਿੱਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਦੇ ਡਰਾਅ ਦੀ ਪ੍ਰਕਿਰਿਆ ਦਾ ਵੀ ਐਲਾਨ ਕੀਤਾ ਹੈ। ਡਰਾਅ 11 ਦਸੰਬਰ ਨੂੰ ਰਿਓ ਡੀ ਜਨੇਰੀਓ ਵਿੱਚ ਹੋਵੇਗਾ। ਇਸ ਲਈ 32 ਟੀਮਾਂ ਨੂੰ ਅੱਠ-ਅੱਠ ਟੀਮਾਂ ਵਾਲੇ ਚਾਰ ਗਰੁੱਪਾਂ ਵਿੱਚ ਵੰਡਿਆ ਜਾਵੇਗਾ। ਮੌਜੂਦਾ ਵਿਸ਼ਵ ਚੈਂਪੀਅਨ ਸਪੇਨ ਫੀਫਾ ਰੈਂਕਿੰਗ ਵਿੱਚ ਪਹਿਲੇ ਸਥਾਨ ‘ਤੇ ਹੈ, ਜਦਕਿ ਅਮਰੀਕਾ ਦੂਜੇ, ਜਰਮਨੀ ਤੀਜੇ ਅਤੇ ਇੰਗਲੈਂਡ ਚੌਥੇ ਸਥਾਨ ‘ਤੇ ਹੈ। ਟੀਮਾਂ ਦੀ ਦਰਜਾਬੰਦੀ 7 ਦਸੰਬਰ ਨੂੰ ਜਾਰੀ ਹੋਣ ਵਾਲੀ ਰੈਂਕਿੰਗ ਦੇ ਆਧਾਰ ‘ਤੇ ਤੈਅ ਕੀਤੀ ਜਾਵੇਗੀ। ਨਿਯਮਾਂ ਅਨੁਸਾਰ ਚੋਟੀ ਦੀਆਂ ਚਾਰ ਟੀਮਾਂ ਆਪਣੇ ਗਰੁੱਪ ਜਿੱਤਣ ਦੀ ਸਥਿਤੀ ਵਿੱਚ ਮੁਕਾਬਲੇ ਦੇ ਆਖ਼ਰੀ ਪੜਾਵਾਂ ਤੱਕ ਇੱਕ-ਦੂਜੇ ਤੋਂ ਵੱਖ ਰਹਿਣਗੀਆਂ। ਇਸ ਤਰ੍ਹਾਂ ਆਉਣ ਵਾਲੇ ਸਾਲਾਂ ਵਿੱਚ ਮਹਿਲਾ ਫੁੱਟਬਾਲ ਨੂੰ ਵਿਸ਼ਵ ਪੱਧਰ ‘ਤੇ ਹੋਰ ਵੱਡਾ ਮੰਚ ਮਿਲਣ ਦੀ ਉਮੀਦ ਹੈ।
