Home ਪੰਜਾਬ ਵੈਟਰਨਰੀ ਯੂਨੀਵਰਸਿਟੀ ਵਿੱਚ ਜੀਨੋਮ ਐਡਿਟਿੰਗ ਬਾਰੇ ਅੰਤਰਰਾਸ਼ਟਰੀ ਸਿੰਪੋਜ਼ੀਅਮ ਸੰਪੰਨ

ਵੈਟਰਨਰੀ ਯੂਨੀਵਰਸਿਟੀ ਵਿੱਚ ਜੀਨੋਮ ਐਡਿਟਿੰਗ ਬਾਰੇ ਅੰਤਰਰਾਸ਼ਟਰੀ ਸਿੰਪੋਜ਼ੀਅਮ ਸੰਪੰਨ

International Genome Editing Symposium Concludes at Guru Angad Dev Veterinary University, Promoting Global Research Collaboration for Food Security and Environmental Sustainability.

0

ਲੁਧਿਆਣਾ, 10 ਨਵੰਬਰ 2026 (ਛਤਰਪਾਲ ਸਿੰਘ ) : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਭੋਜਨ ਸੁਰੱਖਿਆ ਅਤੇ ਵਾਤਾਵਰਣ ਦੀ ਸਥਿਰਤਾ ਲਈ ਜੀਨੋਮ ਐਡਿਟਿੰਗ (GEFSES) ਵਿਸ਼ੇ ’ਤੇ ਚਾਰ ਰੋਜ਼ਾ ਅੰਤਰਰਾਸ਼ਟਰੀ ਸਿੰਪੋਜ਼ੀਅਮ ਸੰਪੰਨ ਹੋ ਗਿਆ। ਇਸ ਸਿੰਪੋਜ਼ੀਅਮ ਦੀ ਸਮਾਪਤੀ ਮੌਕੇ ਅੰਤਰਰਾਸ਼ਟਰੀ ਖੋਜ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਵਿਗਿਆਨਕ ਕਾਢਾਂ ਨੂੰ ਭੋਜਨ ਸੁਰੱਖਿਆ ਤੇ ਵਾਤਾਵਰਣ ਦੀ ਸਥਿਰਤਾ ਲਈ ਵਿਹਾਰਕ ਹੱਲਾਂ ਵਿੱਚ ਬਦਲਣ ਦੀ ਵਚਨਬੱਧਤਾ ਦੁਹਰਾਈ ਗਈ।

ਇਸ ਸਿੰਪੋਜ਼ੀਅਮ ਵਿੱਚ ਦੇਸ਼-ਵਿਦੇਸ਼ ਦੇ ਕਈ ਪ੍ਰਮੁੱਖ ਵਿਗਿਆਨੀਆਂ ਅਤੇ ਮਾਹਿਰਾਂ ਨੇ ਸ਼ਿਰਕਤ ਕੀਤੀ। ਇਨ੍ਹਾਂ ਵਿੱਚ ਡਾ. ਸਟੈਨਫੋਰਡ ਬਲੇਡ, ਡਿਪਟੀ ਡਾਇਰੈਕਟਰ ਜਨਰਲ (ਖੋਜ ਅਤੇ ਨਵੀਨਤਾ), ਆਈ.ਸੀ.ਆਰ.ਆਈ.ਐੱਸ.ਏ.ਟੀ.; ਡਾ. ਮਨਿਸ਼ ਕੇ. ਛਾਟਲੀ, ਡਾਇਰੈਕਟਰ, ਆਈ.ਸੀ.ਏ.ਆਰ.-ਸੀ.ਆਈ.ਆਰ.ਜੀ.; ਡਾ. ਜੇਅ ਵਿਲਸਨ, ਯੂਨੀਵਰਸਿਟੀ ਆਫ਼ ਸਸਕੈਚਵਨ, ਕੈਨੇਡਾ; ਡਾ. ਕੰਵਰਪਾਲ ਐੱਸ. ਧੁੱਗਾ, ਸਾਬਕਾ ਪ੍ਰਮੁੱਖ ਵਿਗਿਆਨੀ, ਸੀ.ਆਈ.ਐੱਮ.ਐੱਮ.ਵਾਈ.ਟੀ., ਮੈਕਸੀਕੋ; ਡਾ. ਸਿਮੋਨ ਸੁਜ਼ਾਨੇ ਲਿਪਿਨਸਕੀ, ਪ੍ਰੋਫੈਸਰ, ਹੈਨੋਵਰ, ਜਰਮਨੀ; ਡਾ. ਗਿਰਧਰ ਕੁਮਾਰ ਪਾਂਡੇ, ਪ੍ਰੋਫੈਸਰ ਅਤੇ ਮੁਖੀ, ਦਿੱਲੀ ਯੂਨੀਵਰਸਿਟੀ ਸ਼ਾਮਲ ਸਨ। ਇਸ ਤੋਂ ਇਲਾਵਾ ਮੈਕਗਿਲ ਯੂਨੀਵਰਸਿਟੀ ਦੇ ਮਾਹਿਰਾਂ ਵਿੱਚ ਪ੍ਰੋਫੈਸਰ ਡਾ. ਮਾਰਕ ਲੇਫਸਰਡ, ਡਾ. ਕਰੀਨਾ ਗੁਟੀਅਰੇਜ਼ ਅਤੇ ਡਾ. ਮੇਹਤਾਬ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਮਾਹਿਰਾਂ ਨੇ ਜੀਨੋਮ ਐਡਿਟਿੰਗ, ਬਾਇਓਟੈਕਨਾਲੋਜੀ ਅਤੇ ਖੇਤੀਬਾੜੀ, ਪਸ਼ੂਧਨ ਵਿਕਾਸ ਤੇ ਟਿਕਾਊ ਭੋਜਨ ਉਤਪਾਦਨ ਵਿੱਚ ਇਨ੍ਹਾਂ ਤਕਨੀਕਾਂ ਦੀ ਵਰਤੋਂ ਸਬੰਧੀ ਉੱਭਰ ਰਹੀਆਂ ਨਵੀਆਂ ਖੋਜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜੇ.ਪੀ.ਐੱਸ. ਗਿੱਲ ਨੇ ਮਨੁੱਖੀ ਭਲਾਈ, ਟਿਕਾਊ ਵਿਕਾਸ ਅਤੇ ਵਿਸ਼ਵਵਿਆਪੀ ਖੁਸ਼ਹਾਲੀ ਲਈ ਭੋਜਨ ਸੁਰੱਖਿਆ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਲਈ ਲੋੜੀਂਦਾ, ਸੁਰੱਖਿਅਤ ਅਤੇ ਟਿਕਾਊ ਭੋਜਨ ਯਕੀਨੀ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸੇ ਉਦੇਸ਼ ਤਹਿਤ ਸਿੰਪੋਜ਼ੀਅਮ ਦੌਰਾਨ ‘ਰਨ ਫਾਰ ਫੂਡ ਸਕਿਉਰਿਟੀ’ (ਭੋਜਨ ਸੁਰੱਖਿਆ ਲਈ ਦੌੜ) ਵੀ ਕਰਵਾਈ ਗਈ, ਜਿਸ ਰਾਹੀਂ ਖ਼ਾਸ ਤੌਰ ’ਤੇ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਭੋਜਨ ਸੁਰੱਖਿਆ ਪ੍ਰਤੀ ਜਾਗਰੂਕ ਕੀਤਾ ਗਿਆ। ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ ਦੇ ਡੀਨ ਅਤੇ ਸਿੰਪੋਜ਼ੀਅਮ ਦੇ ਪ੍ਰਬੰਧਕੀ ਸਕੱਤਰ ਡਾ. ਆਰ.ਐੱਸ. ਸੇਠੀ ਨੇ ਦੱਸਿਆ ਕਿ ਇਸ ਅੰਤਰਰਾਸ਼ਟਰੀ ਸਮਾਗਮ ਨੇ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਵਿਗਿਆਨੀਆਂ, ਅਕਾਦਮਿਕ ਮਾਹਿਰਾਂ ਅਤੇ ਨੌਜਵਾਨ ਖੋਜਾਰਥੀਆਂ ਨੂੰ ਆਪਸੀ ਵਿਚਾਰ-ਵਟਾਂਦਰੇ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕੀਤਾ।

ਇਸ ਮੌਕੇ ਤਿੰਨ ਮਿੰਟ ਥੀਸਿਸ (3MT) ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਨੌਜਵਾਨ ਖੋਜਾਰਥੀਆਂ ਨੇ ਆਪਣੀ ਖੋਜ ਨੂੰ ਸਿਰਫ਼ ਤਿੰਨ ਮਿੰਟਾਂ ਵਿੱਚ ਪ੍ਰਭਾਵਸ਼ਾਲੀ ਅਤੇ ਸੰਖੇਪ ਢੰਗ ਨਾਲ ਪੇਸ਼ ਕੀਤਾ। ਇਸ ਮੁਕਾਬਲੇ ਵਿੱਚ ਸ੍ਰੀ ਰਿਸ਼ਭ ਸ਼ੁਕਲਾ ਨੇ ਪਹਿਲਾ, ਮਿਸ ਨਵਦੀਪ ਕੌਰ ਧੀਮਾਨ ਨੇ ਦੂਜਾ, ਜਦਕਿ ਡਾ. ਤਰਨਦੀਪ ਕੌਰ ਅਤੇ ਮਿਸ ਪਿਆਲੀ ਦਾਸ ਨੇ ਤੀਜਾ ਇਨਾਮ ਹਾਸਲ ਕੀਤਾ। ਮੈਕਗਿਲ ਯੂਨੀਵਰਸਿਟੀ, ਕੈਨੇਡਾ ਦੇ ਡਾ. ਜਸਵਿੰਦਰ ਸਿੰਘ, ਡਾਇਰੈਕਟਰ, ਜੀ.ਈ.ਐੱਫ.ਐੱਸ.ਈ.ਐੱਸ. ਨੇ ਕਿਹਾ ਕਿ ਸਿੰਪੋਜ਼ੀਅਮ ਦੀ ਸਮਾਪਤੀ ਮੌਕੇ ਜੀਨੋਮ ਐਡਿਟਿੰਗ ਖੋਜ ਨੂੰ ਅੱਗੇ ਵਧਾਉਣ ਅਤੇ ਵਿਗਿਆਨਕ ਖੋਜਾਂ ਨੂੰ ਪ੍ਰਭਾਵਸ਼ਾਲੀ ਤਕਨੀਕਾਂ ਵਿੱਚ ਬਦਲਣ ਲਈ ਵਿਸ਼ਵ ਪੱਧਰੀ ਸਹਿਯੋਗ ਨੂੰ ਲਗਾਤਾਰ ਜਾਰੀ ਰੱਖਣ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹਾ ਸਹਿਯੋਗ ਟਿਕਾਊ ਵਿਕਾਸ ਅਤੇ ਭੋਜਨ ਸੁਰੱਖਿਆ ਵਾਲੇ ਭਵਿੱਖ ਦੀ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਸ ਮੌਕੇ ਮੈਕਗਿਲ ਯੂਨੀਵਰਸਿਟੀ, ਕੈਨੇਡਾ ਦੇ ਐਨੀਮਲ ਸਾਇੰਸ ਵਿਭਾਗ ਦੇ ਮੁਖੀ ਡਾ. ਰਾਜ ਦੁੱਗਾਵਤੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਉਨ੍ਹਾਂ ਨੇ ਇਸ ਅੰਤਰਰਾਸ਼ਟਰੀ ਸਿੰਪੋਜ਼ੀਅਮ ਨੂੰ ਸਫ਼ਲ ਬਣਾਉਣ ਲਈ ਸ਼ਾਮਲ ਹੋਏ ਮਾਹਿਰਾਂ, ਸਹਿਯੋਗੀ ਸੰਸਥਾਵਾਂ, ਡੈਲੀਗੇਟਾਂ, ਪ੍ਰਬੰਧਕਾਂ ਅਤੇ ਵਿਦਿਆਰਥੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।

 

Exit mobile version