ਕੰਪੋਸਟ ਤਿਆਰ ਕਰਨ, ਬਿਜਾਈ ਅਤੇ ਕੇਸਿੰਗ ਦੀ ਦਿੱਤੀ ਵਿਹਾਰਕ ਸਿਖਲਾਈ, ਖੁੰਬ ਫਾਰਮ ਦਾ ਦੌਰਾ ਵੀ ਕਰਵਾਇਆ
ਸੰਗਰੂਰ, 10 ਨਵੰਬਰ, 2026 (ਸ਼ਹੀਦ-ਏ-ਆਜ਼ਮ-ਬਿਊਰੋ ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਖੁੰਭਾਂ ਦੀ ਕਾਸ਼ਤ ਅਤੇ ਪ੍ਰੋਸੈਸਿੰਗ ਸਬੰਧੀ ਪੰਜ ਰੋਜ਼ਾ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ ਗਿਆ। ਇਹ ਕੋਰਸ ਪੀ.ਏ.ਯੂ., ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਆਈ.ਸੀ.ਏ.ਆਰ.-ਅਟਾਰੀ, ਜ਼ੋਨ-1, ਲੁਧਿਆਣਾ ਦੇ ਡਾਇਰੈਕਟਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਵਿੱਚ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਪਿੰਡਾਂ ਤੋਂ ਕੁੱਲ 27 ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ। ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੇ ਇੰਚਾਰਜ ਡਾ. ਮਨਦੀਪ ਸਿੰਘ ਨੇ ਖੁੰਭਾਂ ਦੀ ਕਾਸ਼ਤ ਨੂੰ ਸਹਾਇਕ ਕਿੱਤੇ ਵਜੋਂ ਅਪਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਕਿੱਤੇ ਰਾਹੀਂ ਕਿਸਾਨ ਪਰਿਵਾਰ ਆਪਣੀ ਆਮਦਨ ਵਧਾ ਸਕਦੇ ਹਨ ਅਤੇ ਬੇਰੁਜ਼ਗਾਰ ਨੌਜਵਾਨਾਂ ਲਈ ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਦੇ ਹਨ।
ਕੋਰਸ ਦੌਰਾਨ ਸਹਿਯੋਗੀ ਪ੍ਰੋਫੈਸਰ (ਬਾਗਬਾਨੀ) ਡਾ. ਰਵਿੰਦਰ ਕੌਰ ਨੇ ਵਿਹਾਰਕ ਪ੍ਰਦਰਸ਼ਨਾਂ ਰਾਹੀਂ ਸਿਖਿਆਰਥੀਆਂ ਨੂੰ ਕੰਪੋਸਟ ਤਿਆਰ ਕਰਨ, ਬਿਜਾਈ ਕਰਨ ਅਤੇ ਕੇਸਿੰਗ ਦੀ ਪਰਤ ਪਾਉਣ ਦੀ ਸਿਖਲਾਈ ਦਿੱਤੀ। ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਦੀ ਪ੍ਰੋਫੈਸਰ (ਬਾਗਬਾਨੀ) ਡਾ. ਰਚਨਾ ਸਿੰਗਲਾ ਨੇ ਖੁੰਭਾਂ ਦੇ ਢੁੱਕਵੇਂ ਵਾਧੇ ਲਈ ਸਿੰਚਾਈ ਅਤੇ ਹਵਾਦਾਰੀ ਦੇ ਪ੍ਰਬੰਧ ਬਾਰੇ ਜਾਣਕਾਰੀ ਦਿੱਤੀ। ਕੇ.ਵੀ.ਕੇ., ਸੰਗਰੂਰ ਦੇ ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਡਾ. ਰੁਕਿੰਦਰਪ੍ਰੀਤ ਸਿੰਘ ਧਾਲੀਵਾਲ ਨੇ ਖੁੰਭਾਂ ਦੀ ਗੁਣਵੱਤਾ ਸੁਧਾਰਨ ਅਤੇ ਝਾੜ ਵਧਾਉਣ ਲਈ ਅਪਣਾਈਆਂ ਜਾਣ ਵਾਲੀਆਂ ਤਕਨੀਕਾਂ ਬਾਰੇ ਦੱਸਿਆ। ਕੇ.ਵੀ.ਕੇ., ਸੰਗਰੂਰ ਦੀ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਡਾ. ਵਿਤਾਸਤਾ ਨੇ ਖੁੰਭਾਂ ਦੀ ਪੌਸ਼ਟਿਕ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੁੰਭਾਂ ਵਿੱਚ ਪ੍ਰੋਟੀਨ, ਖ਼ੁਰਾਕੀ ਰੇਸ਼ਾ, ਐਂਟੀਆਕਸੀਡੈਂਟ ਅਤੇ ਵਿਟਾਮਿਨ ਬੀ ਤੇ ਡੀ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ। ਉਨ੍ਹਾਂ ਖੁੰਭਾਂ ਨੂੰ ਗ੍ਰਿੱਲ, ਬੇਕ ਅਤੇ ਫਰਾਈ ਕਰਕੇ ਵੱਖ-ਵੱਖ ਪਕਵਾਨ ਤਿਆਰ ਕਰਨ ਦੇ ਢੰਗਾਂ ਬਾਰੇ ਵੀ ਦੱਸਿਆ।
ਬਾਗਬਾਨੀ ਅਫ਼ਸਰ, ਸੰਗਰੂਰ ਡਾ. ਕੁਲਵਿੰਦਰ ਸਿੰਘ ਨੇ ਸਿਖਿਆਰਥੀਆਂ ਨੂੰ ਖੁੰਭਾਂ ਦੀ ਕਾਸ਼ਤ ਲਈ ਸਰਕਾਰ ਵੱਲੋਂ ਦਿੱਤੀ ਜਾਂਦੀ ਸਬਸਿਡੀ ਬਾਰੇ ਜਾਣਕਾਰੀ ਦਿੱਤੀ। ਭਾਰਤੀ ਸਟੇਟ ਬੈਂਕ, ਸੰਗਰੂਰ ਦੇ ਲੀਡ ਬੈਂਕ ਮੈਨੇਜਰ ਸੁਰਮੁਖ ਸਿੰਘ ਅਤੇ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ), ਸੰਗਰੂਰ ਦੇ ਜ਼ਿਲ੍ਹਾ ਵਿਕਾਸ ਪ੍ਰਬੰਧਕ ਮਨੀਸ਼ ਗੁਪਤਾ ਨੇ ਬੈਂਕਾਂ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਵੱਖ-ਵੱਖ ਯੋਜਨਾਵਾਂ ਅਤੇ ਵਿੱਤੀ ਸਹੂਲਤਾਂ ਬਾਰੇ ਦੱਸਿਆ। ਸਿਖਲਾਈ ਦੇ ਵਿਹਾਰਕ ਹਿੱਸੇ ਵਜੋਂ ਸਿਖਿਆਰਥੀਆਂ ਨੂੰ ਪਿੰਡ ਮਹਿਲਾਂ ਵਿਖੇ ਕੁਲਦੀਪ ਸਿੰਘ ਦੇ ‘ਸਰਾਓ ਖੁੰਬ ਫਾਰਮ’ ਦਾ ਦੌਰਾ ਕਰਵਾਇਆ ਗਿਆ। ਉੱਥੇ ਉਨ੍ਹਾਂ ਨੇ ਕੱਚੇ ਸ਼ੈੱਡ ਤਿਆਰ ਕਰਨ ਅਤੇ ਖੁੰਭਾਂ ਉਗਾਉਣ ਦੀ ਪ੍ਰਕਿਰਿਆ ਨੂੰ ਨੇੜਿਓਂ ਦੇਖਿਆ। ਸਿਖਿਆਰਥੀਆਂ ਨੂੰ ਖਨਾਲ ਖੁਰਦ ਦੇ ਜਸਪਾਲ ਸਿੰਘ ਅਤੇ ਉੱਭਾਵਾਲ ਦੇ ਰਮਨ ਸਿੰਘ ਨਾਲ ਸਿੱਧੀ ਗੱਲਬਾਤ ਕਰਕੇ ਖੁੰਭਾਂ ਦੀ ਕਾਸ਼ਤ ਬਾਰੇ ਉਨ੍ਹਾਂ ਦੇ ਤਜਰਬੇ ਜਾਣਨ ਦਾ ਮੌਕਾ ਵੀ ਮਿਲਿਆ। ਇਸ ਤੋਂ ਇਲਾਵਾ ਸਿਖਿਆਰਥੀਆਂ ਨੂੰ ਖੁੰਭਾਂ ਦੀ ਕਾਸ਼ਤ ਸਬੰਧੀ ਵਿਗਿਆਨਕ ਸਾਹਿਤ ਵੰਡਿਆ ਗਿਆ।
