ਹਰਿਆਣਾ, 16 ਅਗਸਤ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ਼੍ਰੀ ਅਨਿਲ ਵਿਜ ਨੇ ਅੰਬਾਲਾ ਵਿੱਚ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਹਾੜੇ ਦੇ ਸਮਾਰੋਹ ਵਿੱਚ ਝੰਡਾ ਲਹਿਰਾਇਆ ਅਤੇ ਪਰੇਡ ਦੀ ਸਲਾਮੀ ਲਈ। ਉਨ੍ਹਾਂ ਨੇ ਸੂਬਾ ਵਾਸੀਆਂ ਅਤੇ ਜ਼ਿਲ੍ਹਾ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਅਤੇ ਮਾਤਾਵਾਂ, ਭੈਣਾਂ ਤੇ ਧੀਆਂ ਨੂੰ ਹਰਿਆਲੀ ਤੀਜ ਦੀਆਂ ਮੁਬਾਰਕਬਾਦ ਦਿੱਤੀਆਂ। 80ਵੇਂ ਆਜ਼ਾਦੀ ਦਿਹਾੜੇ ਦੇ ਅਵਸਰ ‘ਤੇ ਪ੍ਰਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਕਿਹਾ ਕਿ 140 ਕਰੜ ਤੋਂ ਵੱਧ ਭਾਰਤੀਆਂ ਨੇ ਵੰਨ-ਸੁਵੰਨਤਾ ਵਿੱਚ ਏਕਤਾ, ਲੋਕਤੰਤਰੀ ਮੁੱਲਾਂ ਅਤੇ ਸੰਵਿਧਾਨ ਵਿੱਚ ਅਟੁੱਟ ਆਸਥਾ ਦੇ ਬਲ ‘ਤੇ ਭਾਰਤ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਅਤੇ ਮਜ਼ਬੂਤ ਲੋਕਤੰਤਰ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ। ਇਹ ਅੱਠ ਦਹਾਕਿਆਂ ਦੀ ਸਾਡੀ ਲੋਕਤੰਤਰੀ ਯਾਤਰਾ ਦੀ ਵੱਡੀ ਪ੍ਰਾਪਤੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੁਆਰਾ ਵਿਕਸਿਤ ਭਾਰਤ ਦੇ ਚਾਰ ਪ੍ਰਮੁੱਖ ਥੰਮ੍ਹਾਂ, ”ਨੌਜਵਾਨ, ਅੰਨਦਾਤਾ, ਨਾਰੀ ਸ਼ਕਤੀ ਅਤੇ ਗਰੀਬ” ਨੂੰ ਸਸ਼ਕਤ ਬਣਾਉਣ ਲਈ ਹਰਿਆਣਾ ਸਰਕਾਰ ਨਿਰੰਤਰ ਕੰਮ ਕਰ ਰਹੀ ਹੈ। ਮੰਤਰੀ ਵਿਜ ਨੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਵਿੱਚ ਪ੍ਰਸਤੁਤੀ ਦੇਣ ਵਾਲੇ ਵਿਦਿਆਰਥੀਆਂ ਦੀ ਸੋਮਵਾਰ ਦੀ ਛੁੱਟੀ ਅਤੇ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ”10 ਲੱਖ ਰੁਪਏ” ਦੇਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ, ਸ਼੍ਰੀ ਵਿਜ ਨੇ ਪੁਲਿਸ ਲਾਈਨ ਪਰਿਸਰ ਸਥਿਤ ਸ਼ਹੀਦੀ ਸਮਾਰਕ ‘ਤੇ ਫੁੱਲਮਾਲਾਵਾਂ ਅਰਪਿਤ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।