ਆਸਟ੍ਰੇਲੀਆ:18 ਜੁਲਾਈ (ਛਤਰਪਾਲ ਸਿੰਘ):ਬਟਾਲਾ ਦੇ ਨਜ਼ਦੀਕੀ ਪਿੰਡ ਵੈਰੋਨੰਗਲ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪਿੰਡ ਦੇ 29 ਸਾਲਾ ਨੌਜਵਾਨ ਸੁਖਜਿੰਦਰ ਸਿੰਘ ਸੰਧੂ ਦੀ ਆਸਟ੍ਰੇਲੀਆ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ।
ਜਾਣਕਾਰੀ ਅਨੁਸਾਰ ਸੁਖਜਿੰਦਰ ਸਿੰਘ ਸੰਧੂ ਸਾਲ 2018 ਵਿੱਚ ਰੋਜ਼ਗਾਰ ਦੀ ਖਾਤਰ ਆਸਟ੍ਰੇਲੀਆ ਗਿਆ ਸੀ ਅਤੇ ਉੱਥੇ ਟਰੇਲਰ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਬੀਤੇ ਦਿਨ ਉਹ ਮੈਲਬੌਰਨ ਤੋਂ ਸਿਡਨੀ ਵੱਲ ਜਾ ਰਿਹਾ ਸੀ ਕਿ ਰਸਤੇ ਵਿੱਚ ਹਾਈਵੇਅ ’ਤੇ ਉਸ ਦਾ ਟਰੇਲਰ ਸੜਕ ਕਿਨਾਰੇ ਖੜ੍ਹੇ ਇੱਕ ਤੇਲ ਟੈਂਕਰ ਨਾਲ ਟਕਰਾ ਗਿਆ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੇਲਰ ਵਿੱਚ ਲੱਦੇ ਜਲਣਸ਼ੀਲ ਪਦਾਰਥਾਂ ਦੇ ਡਰੰਮਾਂ ਕਾਰਨ ਧਮਾਕਾ ਹੋ ਗਿਆ ਅਤੇ ਵਾਹਨ ਨੂੰ ਅੱਗ ਲੱਗ ਗਈ। ਅੱਗ ਨੇ ਕੁਝ ਹੀ ਪਲਾਂ ਵਿੱਚ ਟਰੇਲਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਸੁਖਜਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਆਸਟ੍ਰੇਲੀਆ ਵਿੱਚ ਰਹਿੰਦੇ ਉਸ ਦੇ ਦੋਸਤਾਂ ਨੇ ਹਾਦਸੇ ਦੀ ਜਾਣਕਾਰੀ ਪਰਿਵਾਰ ਨੂੰ ਦਿੱਤੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਖਜਿੰਦਰ ਸਿੰਘ ਦਾ ਵਿਆਹ ਕਰੀਬ ਇੱਕ ਸਾਲ ਪਹਿਲਾਂ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਉਹ ਮੁੜ ਆਸਟ੍ਰੇਲੀਆ ਚਲਾ ਗਿਆ ਸੀ। ਪਰਿਵਾਰ ਨੇ ਇਹ ਵੀ ਦੱਸਿਆ ਕਿ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ ਉਸ ਨੇ ਆਪਣੇ ਪਿਤਾ ਨਾਲ ਫੋਨ ’ਤੇ ਗੱਲਬਾਤ ਕੀਤੀ ਸੀ।
ਨੌਜਵਾਨ ਪੁੱਤਰ ਦੀ ਅਚਾਨਕ ਮੌਤ ਨਾਲ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਪਰਿਵਾਰ ਨੇ ਸਰਕਾਰ ਤੋਂ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਲੋੜੀਂਦੀ ਮਦਦ ਦੀ ਮੰਗ ਕੀਤੀ ਹੈ।








