Homeਸਪੋਰਟਸਕ੍ਰਿਕਟ ਜਗਤ ਨੂੰ ਵੱਡਾ ਝਟਕਾ, ਮਹਾਨ ਆਲਰਾਊਂਡਰ ਸਰ ਗੈਰੀ ਸੋਬਰਸ ਨਹੀਂ ਰਹੇ

ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਮਹਾਨ ਆਲਰਾਊਂਡਰ ਸਰ ਗੈਰੀ ਸੋਬਰਸ ਨਹੀਂ ਰਹੇ

ਖੇਡਾਂ:18 ਜੁਲਾਈ (ਛਤਰਪਾਲ ਸਿੰਘ):ਕ੍ਰਿਕਟ ਇਤਿਹਾਸ ਦੇ ਮਹਾਨਤਮ ਆਲਰਾਊਂਡਰਾਂ ਵਿੱਚ ਸ਼ੁਮਾਰ ਵੈਸਟਇੰਡੀਜ਼ ਦੇ ਸਾਬਕਾ ਦਿੱਗਜ ਖਿਡਾਰੀ ਸਰ ਗੈਰੀ ਸੋਬਰਸ ਦਾ 89 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਨਾਲ ਵਿਸ਼ਵ ਕ੍ਰਿਕਟ ਨੇ ਆਪਣੇ ਸਭ ਤੋਂ ਪ੍ਰਭਾਵਸ਼ਾਲੀ ਅਤੇ ਬਹੁਪੱਖੀ ਖਿਡਾਰੀਆਂ ਵਿੱਚੋਂ ਇੱਕ ਨੂੰ ਗੁਆ ਦਿੱਤਾ ਹੈ।

ਸਰ ਗੈਰੀ ਸੋਬਰਸ ਨੇ ਆਪਣੇ ਕਰੀਅਰ ਦੌਰਾਨ ਕਈ ਇਤਿਹਾਸਕ ਉਪਲਬਧੀਆਂ ਹਾਸਲ ਕੀਤੀਆਂ। ਉਹ ਪਹਿਲੇ ਕ੍ਰਿਕਟਰ ਸਨ ਜਿਨ੍ਹਾਂ ਨੇ ਫਸਟ-ਕਲਾਸ ਕ੍ਰਿਕਟ ਦੇ ਇੱਕ ਓਵਰ ਵਿੱਚ ਲਗਾਤਾਰ ਛੇ ਛੱਕੇ ਜੜ ਕੇ ਵਿਸ਼ਵ ਰਿਕਾਰਡ ਬਣਾਇਆ। ਇਹ ਯਾਦਗਾਰ ਕਾਰਨਾਮਾ ਉਨ੍ਹਾਂ ਨੇ 1968 ਵਿੱਚ ਨਾਟਿੰਘਮਸ਼ਾਇਰ ਵੱਲੋਂ ਖੇਡਦਿਆਂ ਗਲੈਮੌਰਗਨ ਖ਼ਿਲਾਫ਼ ਕੀਤਾ ਸੀ।

ਬਾਰਬਾਡੋਸ ਵਿੱਚ ਜਨਮੇ ਸੋਬਰਸ ਨੇ ਸਿਰਫ਼ 16 ਸਾਲ ਦੀ ਉਮਰ ਵਿੱਚ ਫਸਟ-ਕਲਾਸ ਕ੍ਰਿਕਟ ਵਿੱਚ ਕਦਮ ਰੱਖਿਆ ਅਤੇ ਇੱਕ ਸਾਲ ਬਾਅਦ ਹੀ ਵੈਸਟਇੰਡੀਜ਼ ਦੀ ਟੈਸਟ ਟੀਮ ਵਿੱਚ ਜਗ੍ਹਾ ਬਣਾ ਲਈ। 1958 ਵਿੱਚ ਪਾਕਿਸਤਾਨ ਵਿਰੁੱਧ ਖੇਡੀ ਗਈ 365 ਦੌੜਾਂ ਦੀ ਨਾਬਾਦ ਪਾਰੀ ਨੇ ਉਨ੍ਹਾਂ ਨੂੰ ਵਿਸ਼ਵ ਪੱਧਰ ’ਤੇ ਖ਼ਾਸ ਪਛਾਣ ਦਿਵਾਈ। ਉਸ ਸਮੇਂ ਇਹ ਟੈਸਟ ਕ੍ਰਿਕਟ ਦਾ ਸਭ ਤੋਂ ਵੱਡਾ ਨਿੱਜੀ ਸਕੋਰ ਸੀ, ਜੋ ਕਈ ਦਹਾਕਿਆਂ ਤੱਕ ਕਾਇਮ ਰਿਹਾ।

ਦੋ ਦਹਾਕਿਆਂ ਤੋਂ ਵੱਧ ਲੰਬੇ ਅੰਤਰਰਾਸ਼ਟਰੀ ਕਰੀਅਰ ਦੌਰਾਨ ਸੋਬਰਸ ਨੇ ਵੈਸਟਇੰਡੀਜ਼ ਲਈ 93 ਟੈਸਟ ਮੈਚ ਖੇਡੇ। ਉਨ੍ਹਾਂ ਨੇ 8,032 ਦੌੜਾਂ ਬਣਾਉਣ ਦੇ ਨਾਲ-ਨਾਲ 235 ਵਿਕਟਾਂ ਵੀ ਆਪਣੇ ਨਾਮ ਕੀਤੀਆਂ। ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ—ਤਿੰਨਾਂ ਖੇਤਰਾਂ ਵਿੱਚ ਉਨ੍ਹਾਂ ਦੀ ਕਾਬਲੀਅਤ ਨੇ ਉਨ੍ਹਾਂ ਨੂੰ ਕ੍ਰਿਕਟ ਦਾ ਇੱਕ ਸੰਪੂਰਨ ਖਿਡਾਰੀ ਬਣਾਇਆ।

ਫਸਟ-ਕਲਾਸ ਕ੍ਰਿਕਟ ਵਿੱਚ ਵੀ ਉਨ੍ਹਾਂ ਦਾ ਰਿਕਾਰਡ ਸ਼ਾਨਦਾਰ ਰਿਹਾ। 383 ਮੈਚਾਂ ਵਿੱਚ ਉਨ੍ਹਾਂ ਨੇ 28 ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਅਤੇ ਇੱਕ ਹਜ਼ਾਰ ਤੋਂ ਵੱਧ ਵਿਕਟਾਂ ਹਾਸਲ ਕੀਤੀਆਂ। ਖੇਡ ਪ੍ਰਤੀ ਉਨ੍ਹਾਂ ਦੇ ਅਸਾਧਾਰਣ ਯੋਗਦਾਨ ਨੂੰ ਮੰਨਦਿਆਂ ਉਨ੍ਹਾਂ ਨੂੰ 1975 ਵਿੱਚ ‘ਨਾਈਟਹੁੱਡ’ ਨਾਲ ਸਨਮਾਨਿਤ ਕੀਤਾ ਗਿਆ, ਜਦਕਿ 2009 ਵਿੱਚ ਆਈਸੀਸੀ ਹਾਲ ਆਫ਼ ਫੇਮ ਵਿੱਚ ਸ਼ਾਮਲ ਕੀਤਾ ਗਿਆ।

ਸਰ ਗੈਰੀ ਸੋਬਰਸ ਦੇ ਦਿਹਾਂਤ ’ਤੇ ਦੁਨੀਆ ਭਰ ਦੇ ਕ੍ਰਿਕਟਰਾਂ, ਖੇਡ ਪ੍ਰੇਮੀਆਂ ਅਤੇ ਕ੍ਰਿਕਟ ਸੰਸਥਾਵਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀਆਂ ਉਪਲਬਧੀਆਂ ਅਤੇ ਖੇਡ ਪ੍ਰਤੀ ਯੋਗਦਾਨ ਹਮੇਸ਼ਾ ਕ੍ਰਿਕਟ ਇਤਿਹਾਸ ਦਾ ਅਹਿਮ ਹਿੱਸਾ ਰਹਿਣਗੇ।

RELATED ARTICLES
- Advertisment -
Google search engine
Google search engine
Google search engine

Most Popular

Recent Comments