Homeਪਟਿਆਲਾ ਅਪਡੇਟਪੰਜਾਬ 'ਚ ਬੰਬ ਦੀ ਧਮਕੀ ਤੋਂ ਬਾਅਦ ਹਾਈ ਅਲਰਟ

ਪੰਜਾਬ ‘ਚ ਬੰਬ ਦੀ ਧਮਕੀ ਤੋਂ ਬਾਅਦ ਹਾਈ ਅਲਰਟ

ਪਟਿਆਲਾ, 17 ਜੁਲਾਈ, 2026 (ਹਰਸ਼ਪ੍ਰੀਤ ਕੌਰ): ਪੰਜਾਬ ਵਿੱਚ ਸੁਰੱਖਿਆ ਏਜੰਸੀਆਂ ਉਸ ਵੇਲੇ ਪੂਰੀ ਤਰ੍ਹਾਂ ਚੌਕਸ ਹੋ ਗਈਆਂ, ਜਦੋਂ ਪਟਿਆਲਾ ਦੇ ਇੱਕ ਸਰਕਾਰੀ ਦਫ਼ਤਰ ਅਤੇ ਸਕੂਲਾਂ ਸਣੇ ਮੁਹਾਲੀ-ਚੰਡੀਗੜ੍ਹ ਦੀਆਂ ਕਈ ਅਹਿਮ ਥਾਵਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀ ਭਰੀਆਂ ਈਮੇਲਜ਼ ਪ੍ਰਾਪਤ ਹੋਈਆਂ। ਇਹ ਧਮਕੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਮਿਲਣ ਕਾਰਨ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।

‘ਖਾਲਿਸਤਾਨ ਨੈਸ਼ਨਲ ਆਰਮੀ’ ਵੱਲੋਂ ਭੇਜੀ ਗਈ ਈਮੇਲ

ਮਿਲੀ ਜਾਣਕਾਰੀ ਮੁਤਾਬਕ ਇਹ ਧਮਕੀ ਭਰੀ ਈਮੇਲ ‘ਖਾਲਿਸਤਾਨ ਨੈਸ਼ਨਲ ਆਰਮੀ’ ਵੱਲੋਂ ਭੇਜੀ ਗਈ ਹੈ। ਇਸ ਧਮਕੀ ਪੱਤਰ ਵਿੱਚ ਭੇਜਣ ਵਾਲਿਆਂ ਵਜੋਂ ਇੰਜੀਨੀਅਰ ਗੁਰਨਾਖ ਸਿੰਘ ਰੁਕਣ ਸ਼ਾਹਵਾਲਾ ਅਤੇ ਡਾ. ਗੁਰਨਿਰਵੈਰ ਸਿੰਘ ਖ਼ਾਨ ਰਜਾਦਾ ਦੇ ਨਾਮ ਲਿਖੇ ਹੋਏ ਹਨ।

17 ਜੁਲਾਈ ਨੂੰ ਧਮਾਕੇ ਕਰਨ ਦਾ ਦਾਅਵਾ

ਮੁਹਾਲੀ, ਚੰਡੀਗੜ੍ਹ ਅਤੇ ਪਟਿਆਲਾ ਦੇ ਕਈ ਸਕੂਲਾਂ ਨੂੰ ਭੇਜੀ ਗਈ ਇਸ ਈਮੇਲ ਵਿੱਚ ਸਾਫ਼ ਲਿਖਿਆ ਗਿਆ ਹੈ ਕਿ 17 ਜੁਲਾਈ ਨੂੰ ਵੱਖ-ਵੱਖ ਥਾਵਾਂ ‘ਤੇ ਆਈ.ਈ.ਡੀ. (IED) ਧਮਾਕੇ ਕੀਤੇ ਜਾਣਗੇ।

  • ਸਕੂਲਾਂ ਨੂੰ ਨਿਸ਼ਾਨਾ: ਈਮੇਲ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ 17 ਜੁਲਾਈ ਨੂੰ ਦੁਪਹਿਰ 1:11 ਵਜੇ ਸਥਾਨਕ ਸਕੂਲਾਂ ਵਿੱਚ ਧਮਾਕੇ ਕੀਤੇ ਜਾਣਗੇ।
  • ਮੇਅਰ ਦਫ਼ਤਰ ‘ਤੇ ਹਮਲਾ: ਦੁਪਹਿਰ 3:11 ਵਜੇ ਮੁਹਾਲੀ ਦੇ ਮੇਅਰ ਦਫ਼ਤਰ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਹੈ।
  • ਹੋਰ ਨਿਸ਼ਾਨੇ: ਇਸ ਦੇ ਨਾਲ ਹੀ ਜਲੰਧਰ ਅਤੇ ਚੰਡੀਗੜ੍ਹ ਰੇਲਵੇ ਸਟੇਸ਼ਨਾਂ ਨੂੰ ਵੀ ਉਡਾਉਣ ਦੀ ਧਮਕੀ ਦਿੱਤੀ ਗਈ ਹੈ।

ਰਵਨੀਤ ਬਿੱਟੂ ਨੂੰ ਜਾਨੋਂ ਮਾਰਨ ਦੀ ਚਿਤਾਵਨੀ ਅਤੇ PM ਦੇ ਦੌਰੇ ‘ਤੇ ਸਖ਼ਤ ਪਹਿਰਾ

ਇਸ ਈਮੇਲ ਰਾਹੀਂ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੌਰੇ ‘ਤੇ ਹਨ, ਜਿਸ ਕਾਰਨ ਪੁਲਿਸ ਪ੍ਰਸ਼ਾਸਨ ਕੋਈ ਵੀ ਢਿੱਲ ਨਹੀਂ ਵਰਤ ਰਿਹਾ।

ਪੁਲਿਸ ਅਤੇ ਬੰਬ ਨਿਰੋਧਕ ਦਸਤੇ ਹਰਕਤ ਵਿੱਚ

ਧਮਕੀ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਦੇ ਸੀਨੀਅਰ ਅਧਿਕਾਰੀ, ਬੰਬ ਨਿਰੋਧਕ ਦਸਤੇ (Bomb Disposal Squad) ਅਤੇ ਐਂਟੀ-ਸਬੋਤਾਜ਼ ਟੀਮਾਂ ਹਰਕਤ ਵਿੱਚ ਆ ਗਈਆਂ ਹਨ। ਧਮਕੀ ਵਾਲੀਆਂ ਥਾਵਾਂ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਸੁਰੱਖਿਆ ਪ੍ਰਬੰਧ ਬੇਹੱਦ ਸਖ਼ਤ ਕਰ ਦਿੱਤੇ ਗਏ ਹਨ। ਪੁਲਿਸ ਵੱਲੋਂ ਇਸ ਈਮੇਲ ਦੇ ਆਈ.ਪੀ. ਐਡਰੈੱਸ (IP Address) ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਧਮਕੀ ਭੇਜਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾ ਸਕੇ।

 

RELATED ARTICLES
- Advertisment -
Google search engine
Google search engine
Google search engine

Most Popular

Recent Comments