ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਲੋਕਾਂ ਨੂੰ ਨਿਕਸ਼ੈ ਮਿੱਤਰ ਬਣ ਕੇ ਟੀਬੀ ਮਰੀਜ਼ਾਂ ਦੀ ਮਦਦ ਕਰਨ ਦੀ ਕੀਤੀ ਅਪੀਲ
ਹਰਿਆਣਾ, 2 ਜੁਲਾਈ: (ਸੰਜੀਵ ਸ਼ਰਮਾ): ਹਰਿਆਣਾ ਸਰਕਾਰ ਨੇ ਟੀਬੀ ਖ਼ਾਤਮੇ ਦੀ ਮੁਹਿੰਮ ਨੂੰ ਹੋਰ ਮਜ਼ਬੂਤ ਬਣਾਉਂਦਿਆਂ ‘ਟੀਬੀ ਮੁਕਤ ਭਾਰਤ ਐਪ’ ਦੀ ਵਰਤੋਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਹੈ। ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਦੱਸਿਆ ਕਿ ਐਪ ਉੱਤੇ ਰਜਿਸਟ੍ਰੇਸ਼ਨ ਦੇ ਮਾਮਲੇ ਵਿੱਚ ਹਰਿਆਣਾ ਨੇ ਦੇਸ਼ ਭਰ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ, ਜੋ ਟੀਬੀ ਮੁਕਤ ਭਾਰਤ ਦੇ ਟੀਚੇ ਵੱਲ ਇੱਕ ਮਹੱਤਵਪੂਰਨ ਪ੍ਰਾਪਤੀ ਹੈ।
ਉਨ੍ਹਾਂ ਰਾਜ ਦੇ ਲੋਕਾਂ, ਸਮਾਜਿਕ ਸੰਸਥਾਵਾਂ, ਉਦਯੋਗਿਕ ਘਰਾਣਿਆਂ ਅਤੇ ਸਵੈ-ਸੇਵਕਾਂ ਨੂੰ ਨਿਕਸ਼ੈ ਮਿੱਤਰ ਵਜੋਂ ਰਜਿਸਟਰ ਹੋ ਕੇ ਟੀਬੀ ਮਰੀਜ਼ਾਂ ਦੀ ਪੋਸ਼ਣ ਅਤੇ ਇਲਾਜ ਸੰਬੰਧੀ ਸਹਾਇਤਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਨ-ਭਾਗੀਦਾਰੀ ਨਾਲ ਹੀ ਹਰਿਆਣਾ ਨੂੰ ਟੀਬੀ ਮੁਕਤ ਬਣਾਉਣ ਦਾ ਸੁਪਨਾ ਸਾਕਾਰ ਹੋ ਸਕਦਾ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਰਾਸ਼ਟਰੀ ਟੀਬੀ ਖ਼ਾਤਮਾ ਪ੍ਰੋਗਰਾਮ ਤਹਿਤ ਵਿਕਸਿਤ ਇਹ ਐਪ ਮਰੀਜ਼ਾਂ, ਨਿਕਸ਼ੈ ਮਿੱਤਰਾਂ, ਵਲੰਟੀਅਰਾਂ ਅਤੇ ਸਿਹਤ ਅਧਿਕਾਰੀਆਂ ਨੂੰ ਇੱਕ ਸਾਂਝੇ ਡਿਜ਼ੀਟਲ ਪਲੇਟਫਾਰਮ ਨਾਲ ਜੋੜਦਾ ਹੈ। ਹੁਣ ਤੱਕ ਸੂਬੇ ਵਿੱਚ 32,643 ਤੋਂ ਵੱਧ ਰਜਿਸਟ੍ਰੇਸ਼ਨ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚ 22,266 ਵਲੰਟੀਅਰ ਪੋਸ਼ਣ ਕਿੱਟਾਂ ਦੀ ਵੰਡ ਅਤੇ ਮਨੋ-ਸਮਾਜਿਕ ਸਹਾਇਤਾ ਲਈ ਜੁੜੇ ਹਨ, ਜਦਕਿ 1,997 ਨਿਕਸ਼ੈ ਮਿੱਤਰ ਮਰੀਜ਼ਾਂ ਨੂੰ ਗੋਦ ਲੈ ਕੇ ਉਨ੍ਹਾਂ ਦੀ ਪੋਸ਼ਣ ਅਤੇ ਜਾਂਚ ਸੰਬੰਧੀ ਲੋੜਾਂ ਪੂਰੀਆਂ ਕਰਨ ਲਈ ਅੱਗੇ ਆਏ ਹਨ।
ਉਨ੍ਹਾਂ ਦੱਸਿਆ ਕਿ ਐਪ ਵਿੱਚ ‘ਖੁਸ਼ੀ ਈ-ਸੰਗਿਨੀ’ ਨਾਮਕ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਆਧਾਰਿਤ ਚੈਟਬੋਟ ਸ਼ਾਮਲ ਹੈ, ਜੋ 12 ਭਾਸ਼ਾਵਾਂ ਵਿੱਚ ਉਪਲਬਧ ਹੈ। ਇਹ ਚੈਟਬੋਟ ਟੀਬੀ ਦੇ ਲੱਛਣਾਂ, ਇਲਾਜ ਅਤੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਉਪਭੋਗਤਾਵਾਂ ਨੂੰ ਜੀਪੀਐਸ ਰਾਹੀਂ ਨਜ਼ਦੀਕੀ ਜਾਂਚ ਕੇਂਦਰ ਤੱਕ ਪਹੁੰਚਣ ਵਿੱਚ ਵੀ ਮਦਦ ਕਰਦਾ ਹੈ।
ਐਪ ਵਿੱਚ ਮਰੀਜ਼ ਆਪਣੀ ਨਿਕਸ਼ੈ ਆਈਡੀ ਨਾਲ ਲੌਗਇਨ ਕਰਕੇ ਇਲਾਜ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਦਵਾਈ ਸਮੇਂ ਸਿਰ ਲੈਣ ਲਈ ਰੋਜ਼ਾਨਾ ਰੀਮਾਈਂਡਰ ਦੀ ਸਹੂਲਤ ਵੀ ਉਪਲਬਧ ਹੈ, ਜਿਸ ਨਾਲ ਇਲਾਜ ਅਧੂਰਾ ਰਹਿਣ ਦੀ ਸੰਭਾਵਨਾ ਘਟਦੀ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਐਪ ਰਾਹੀਂ ਕਾਰਪੋਰੇਟ ਸੰਸਥਾਵਾਂ, ਐਨਜੀਓ ਅਤੇ ਆਮ ਨਾਗਰਿਕ ਵੀ ਨਿਕਸ਼ੈ ਮਿੱਤਰ ਬਣ ਕੇ ਟੀਬੀ ਮਰੀਜ਼ਾਂ ਦੀ ਸਹਾਇਤਾ ਕਰ ਸਕਦੇ ਹਨ। ਵਲੰਟੀਅਰਾਂ ਵੱਲੋਂ ਕੀਤੀ ਜਾਣ ਵਾਲੀ ਸਹਾਇਤਾ ਨੂੰ ਪਾਰਦਰਸ਼ੀ ਬਣਾਉਣ ਲਈ ਜੀਓ-ਟੈਗਡ ਅਤੇ ਟਾਈਮ-ਸਟੈਂਪ ਤਸਵੀਰਾਂ ਅਪਲੋਡ ਕਰਨ ਦੀ ਵਿਵਸਥਾ ਵੀ ਕੀਤੀ ਗਈ ਹੈ।
ਨੈਸ਼ਨਲ ਹੈਲਥ ਮਿਸ਼ਨ ਹਰਿਆਣਾ ਦੇ ਮਿਸ਼ਨ ਡਾਇਰੈਕਟਰ ਡਾ. ਆਰ.ਐੱਸ. ਢਿੱਲੋਂ ਨੇ ਦੱਸਿਆ ਕਿ ਸੂਬੇ ਦੇ ਸਿਹਤ ਕਰਮਚਾਰੀਆਂ ਨੂੰ ਐਪ ਦੀ ਵਰਤੋਂ ਬਾਰੇ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ ਤਾਂ ਜੋ ਉਹ ਮਰੀਜ਼ਾਂ ਨੂੰ ਐਪ ਡਾਊਨਲੋਡ ਕਰਨ ਅਤੇ ਦਵਾਈ ਰੀਮਾਈਂਡਰ ਸੈੱਟ ਕਰਨ ਵਿੱਚ ਮਦਦ ਕਰ ਸਕਣ।
ਉਨ੍ਹਾਂ ਆਮ ਲੋਕਾਂ ਨੂੰ ਗੂਗਲ ਪਲੇ ਸਟੋਰ ਤੋਂ ‘ਟੀਬੀ ਮੁਕਤ ਭਾਰਤ ਐਪ’ ਡਾਊਨਲੋਡ ਕਰਨ ਅਤੇ ਨਿਕਸ਼ੈ ਮਿੱਤਰ ਬਣ ਕੇ ਟੀਬੀ ਖ਼ਾਤਮੇ ਦੀ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।
