HomeLifestyleਖੁਸ਼ੀ ਜੁਸਤਜੂ ਵਿੱਚ ਨਹੀਂ, ਤਕਸੀਮ-ਏ-ਮੁਸਰਤ ਹੈ।

ਖੁਸ਼ੀ ਜੁਸਤਜੂ ਵਿੱਚ ਨਹੀਂ, ਤਕਸੀਮ-ਏ-ਮੁਸਰਤ ਹੈ।

True happiness grows when we share joy, kindness and positive moments with others.

ਇਨਸਾਨ ਆਪਣੀ ਸਾਰੀ ਜ਼ਿੰਦਗੀ ਖੁਸ਼ੀ ਦੀ ਭਾਲ ਵਿੱਚ ਗੁਜ਼ਾਰ ਦਿੰਦਾ ਹੈ। ਬਚਪਨ ਵਿੱਚ ਖਿਡੌਣਿਆਂ ਵਿੱਚ ਖੁਸ਼ੀ ਲੱਭਦਾ ਹੈ, ਜਵਾਨੀ ਵਿੱਚ ਸੁਪਨਿਆਂ ਅਤੇ ਕਾਮਯਾਬੀ ਵਿੱਚ , ਤੇ ਉਮਰ ਵਧਣ ਨਾਲ ਧਨ, ਸਨਮਾਨ, ਸੁਰੱਖਿਆ ਅਤੇ ਸੁਖ-ਸਹੂਲਤਾਂ ਵਿੱਚ। ਉਹ ਹਰ ਪਲ, ਹਰ ਕੰਮ, ਹਰ ਅਹਿਸਾਸ ਅਤੇ ਹਰ ਵਿਚਾਰ ਵਿੱਚ ਖੁਸ਼ੀ ਦਾ ਕੋਈ ਨਵਾਂ ਪਤਾ ਲੱਭਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਪਰ ਅਜੀਬ ਗੱਲ ਇਹ ਹੈ ਕਿ ਖੁਸ਼ੀ ਮਿਲ ਜਾਣ ਤੋਂ ਬਾਅਦ ਵੀ ਉਸ ਦੀ ਤਲਾਸ਼ ਮੁੱਕਦੀ ਨਹੀਂ। ਇੱਕ ਇੱਛਾ ਪੂਰੀ ਹੁੰਦੀ ਹੈ ਤਾਂ ਦੂਜੀ ਜਨਮ ਲੈ ਲੈਂਦੀ ਹੈ। ਇੱਕ ਮੰਜ਼ਿਲ ਹਾਸਲ ਹੁੰਦੀ ਹੈ ਤਾਂ ਅੱਖਾਂ ਅਗਲੀ ਮੰਜ਼ਿਲ ਵੱਲ ਟਿਕ ਜਾਂਦੀਆਂ ਹਨ। ਮਨੁੱਖ ਕਈ ਵਾਰ ਖੁਸ਼ੀ ਦੇ ਵਿਚਕਾਰ ਬੈਠਾ ਹੋਇਆ ਵੀ ਉਸ ਖੁਸ਼ੀ ਤੋਂ ਵੱਡੀ ਕਿਸੇ ਹੋਰ ਖੁਸ਼ੀ ਦੀ ਉਡੀਕ ਕਰ ਰਿਹਾ ਹੁੰਦਾ ਹੈ। ਇਸ ਤਰ੍ਹਾਂ ਜੀਵਨ ਦਾ ਵੱਡਾ ਹਿੱਸਾ ‘ਖੁਸ਼ ਹੋਣ’ ਦੀ ਤਿਆਰੀ ਵਿੱਚ ਲੰਘ ਜਾਂਦਾ ਹੈ, ਜਦਕਿ ਹਰ ਜੀਵਨ ਦੀ ਵੀ ਆਪਣੀ ਇਕ ਹੱਦ ਹਿੰਦੀ ਹੈ।

ਅਸਲ ਮੋੜ ਉਸ ਵੇਲੇ ਆਉਂਦਾ ਹੈ, ਜਦੋਂ ਮਨੁੱਖ ਖੁਸ਼ੀ ਲੱਭਣ ਦੀ ਦਿਸ਼ਾ ਬਦਲ ਦਿੰਦਾ ਹੈ। ਜੇਕਰ ਉਹ ਸਿਰਫ਼ ਆਪਣੇ ਲਈ ਖੁਸ਼ੀ ਇਕੱਠੀ ਕਰਨ ਦੀ ਥਾਂ ਕਿਸੇ ਹੋਰ ਦੇ ਚਿਹਰੇ ’ਤੇ ਮੁਸਕਾਨ ਲਿਆਉਣ ਦੀ ਕੋਸ਼ਿਸ਼ ਕਰੇ, ਕਿਸੇ ਦੁਖੀ ਨੂੰ ਹੌਸਲਾ ਦੇਵੇ, ਕਿਸੇ ਲੋੜਵੰਦ ਦੀ ਸਹਾਇਤਾ ਕਰੇ ਜਾਂ ਕਿਸੇ ਇਕੱਲੇ ਮਨੁੱਖ ਨੂੰ ਆਪਣਾਪਣ ਦੇਵੇ, ਤਾਂ ਉਸ ਨੂੰ ਖੁਸ਼ੀ ਦਾ ਇੱਕ ਅਜਿਹਾ ਰੂਪ ਮਿਲਦਾ ਹੈ ਜੋ ਕਦੀ ਖਰੀਦਿਆ ਨਹੀਂ ਜਾ ਸਕਦਾ। ਦੂਜਿਆਂ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਲੱਭਣ ਨਾਲ ਮਨੁੱਖ ਦੇ ਅੰਦਰਲਾ ਸੰਸਾਰ ਵੀ ਬਦਲਣਾ ਸ਼ੁਰੂ ਹੋ ਜਾਂਦਾ ਹੈ। ਈਰਖਾ ਦੀ ਥਾਂ ਪ੍ਰਸੰਨਤਾ, ਬਦਲੇ ਦੀ ਥਾਂ ਮਾਫ਼ੀ, ਗੁੱਸੇ ਦੀ ਥਾਂ ਸੰਤੁਲਨ, ਵਹਿਮ ਦੀ ਥਾਂ ਹਕੀਕਤ, ਫ਼ਰੇਬ ਦੀ ਥਾਂ ਸੱਚਾਈ ਅਤੇ ਦੁਸ਼ਮਣੀ ਦੀ ਥਾਂ ਆਪਣਾਪਣ ਜਨਮ ਲੈਣ ਲੱਗਦਾ ਹੈ। ਮਨੁੱਖ ਸਮਝਣ ਲੱਗਦਾ ਹੈ ਕਿ ਦੂਜੇ ਦੀ ਤਰੱਕੀ ਉਸ ਦੀ ਹਾਰ ਨਹੀਂ ਅਤੇ ਕਿਸੇ ਹੋਰ ਦੀ ਮੁਸਕਾਨ ਉਸ ਦੀ ਖੁਸ਼ੀ ਨੂੰ ਘਟਾਉਂਦੀ ਨਹੀਂ।

ਈਰਖਾ ਅਤੇ ਦੁਸ਼ਮਣੀ ਮਨੁੱਖ ਦੇ ਮਨ ਵਿੱਚ ਪੈਦਾ ਹੋਇਆ ਅਜਿਹਾ ਜ਼ਹਿਰ ਹਨ, ਜਿਸ ਦਾ ਪਹਿਲਾ ਨੁਕਸਾਨ ਅਕਸਰ ਉਸੇ ਮਨੁੱਖ ਨੂੰ ਹੁੰਦਾ ਹੈ ਜੋ ਇਸ ਨੂੰ ਆਪਣੇ ਅੰਦਰ ਸੰਭਾਲ ਕੇ ਰੱਖਦਾ ਹੈ। ਬਾਹਰੋਂ ਦੁਸ਼ਮਣੀ ਕਿਸੇ ਹੋਰ ਵੱਲ ਹੁੰਦੀ ਹੈ, ਪਰ ਅੰਦਰੋਂ ਉਹ ਆਪਣੀ ਹੀ ਸ਼ਾਂਤੀ ਨੂੰ ਖਾ ਰਹੀ ਹੁੰਦੀ ਹੈ। ਗੁੱਸਾ, ਬਦਲਾ, ਸਾਜ਼ਿਸ਼ ਅਤੇ ਵੈਰ ਮਨੁੱਖ ਦੀ ਮਾਨਸਿਕ ਊਰਜਾ ਨੂੰ ਉਸੇ ਤਰ੍ਹਾਂ ਖ਼ਰਚ ਕਰਦੇ ਹਨ, ਜਿਵੇਂ ਲਗਾਤਾਰ ਖੁੱਲ੍ਹਾ ਨਲ ਪਾਣੀ ਨੂੰ ਵਹਾਉਂਦਾ ਰਹਿੰਦਾ ਹੈ। ਇਸ ਦੇ ਉਲਟ, ਪਿਆਰ, ਲਗਾਵ, ਸੱਚਾਈ ਅਤੇ ਸਾਂਝ ਮਨੁੱਖ ਦੇ ਮਨ ਨੂੰ ਹਲਕਾ ਕਰਦੇ ਹਨ। ਕਿਸੇ ਦੀ ਮਦਦ ਕਰਨ ਤੋਂ ਬਾਅਦ ਮਿਲਣ ਵਾਲੀ ਅੰਦਰੂਨੀ ਤਸੱਲੀ ਦੀ ਕੋਈ ਕੀਮਤ ਨਹੀਂ ਹੁੰਦੀ। ਇਹ ਉਹ ਖੁਸ਼ੀ ਹੈ ਜੋ ਕਿਸੇ ਵਸਤੂ ਦੀ ਮਾਲਕੀ ਨਾਲ ਨਹੀਂ, ਸਗੋਂ ਕਿਸੇ ਦੇ ਜੀਵਨ ਵਿੱਚ ਚੰਗਾ ਪ੍ਰਭਾਵ ਪੈਦਾ ਕਰਨ ਨਾਲ ਮਿਲਦੀ ਹੈ।

ਖੁਸ਼ੀ ਦੀ ਸਭ ਤੋਂ ਵੱਡੀ ਖ਼ੂਬੀ ਇਹ ਹੈ ਕਿ ਇਹ ਵੰਡਣ ਨਾਲ ਘਟਦੀ ਨਹੀਂ, ਵਧਦੀ ਹੈ। ਇੱਕ ਮੁਸਕਾਨ ਦੂਜੇ ਚਿਹਰੇ ’ਤੇ ਮੁਸਕਾਨ ਪੈਦਾ ਕਰ ਸਕਦੀ ਹੈ। ਇੱਕ ਚੰਗਾ ਬੋਲ ਕਿਸੇ ਟੁੱਟੇ ਹੋਏ ਮਨ ਨੂੰ ਸੰਭਾਲ ਸਕਦਾ ਹੈ। ਇੱਕ ਛੋਟੀ ਜਿਹੀ ਮਦਦ ਕਿਸੇ ਦੀ ਜ਼ਿੰਦਗੀ ਵਿੱਚ ਵੱਡਾ ਹੌਸਲਾ ਪੈਦਾ ਕਰ ਸਕਦੀ ਹੈ। ਆਖ਼ਰਕਾਰ ਮਨੁੱਖ ਨੂੰ ਇਹ ਸਮਝਣਾ ਪੈਂਦਾ ਹੈ ਕਿ ਜੀਵਨ ਦੀ ਆਖ਼ਰੀ ਸਾਹ ਤੱਕ ਖੁਸ਼ੀ ਦੀ ਭਾਲ ਕਰਨਾ ਅਤੇ ਜੀਵਨ ਦੌਰਾਨ ਖੁਸ਼ੀ ਵੰਡਦੇ ਰਹਿਣਾ—ਇਹ ਦੋ ਵੱਖ-ਵੱਖ ਜੀਵਨ- ਵੇਖਣ ਦੇ ਤਰੀਕੇ ਹਨ। ਪਹਿਲੀ ਵਿੱਚ ਤਲਾਸ਼ ਕਦੇ ਮੁੱਕਦੀ ਨਹੀਂ, ਦੂਜੀ ਵਿੱਚ ਹਰ ਪਲ ਇੱਕ ਮੰਜ਼ਿਲ ਬਣ ਜਾਂਦਾ ਹੈ। ਸੁਲਝੇ ਇਨਸਾਨ ਦਾ ਅਸਲ ਸੁਖ ਇਹ ਨਹੀਂ ਕਿ “ਮੈਨੂੰ ਕਿੰਨੀ ਖੁਸ਼ੀ ਮਿਲੀ?” ਸਗੋਂ ਇਹ ਹੈ ਕਿ “ਮੇਰੇ ਕਾਰਨ ਕਿੰਨੇ ਚਿਹਰਿਆਂ ’ਤੇ ਖੁਸ਼ੀ ਆਈ?” ਜਿਸ ਦਿਨ ਮਨੁੱਖ ਇਸ ਸਵਾਲ ਦਾ ਜਵਾਬ ਲੱਭ ਲੈਂਦਾ ਹੈ, ਉਸ ਦਿਨ ਖੁਸ਼ੀ ਉਸ ਤੋਂ ਦੂਰ ਨਹੀਂ ਜਾਂਦੀ , ਸਗੋਂ ਉਹ ਉਸ ਦਾ ਆਪਣਾ ਸੁਭਾਅ ਬਣ ਜਾਂਦਾ ਹੈ।

ਛੱਤਰਪਾਲ ਸਿੰਘ

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments