ਮੁੰਬਈ, 13 ਨਵੰਬਰ 2026 (ਛਤਰਪਾਲ ਸਿੰਘ ) : ਵਾਤਾਵਰਣ ਦੀ ਸੁਰੱਖਿਆ ਅਤੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਨਵੇਂ ਤੇ ਪ੍ਰਭਾਵਸ਼ਾਲੀ ਹੱਲਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਦੁਨੀਆ ਦਾ ਪ੍ਰਸਿੱਧ ਅਰਥਸ਼ਾਟ ਪ੍ਰਾਈਜ਼ ਪਹਿਲੀ ਵਾਰ ਭਾਰਤ ਵਿੱਚ ਕਰਵਾਇਆ ਜਾ ਰਿਹਾ ਹੈ। 17 ਨਵੰਬਰ ਨੂੰ ਮੁੰਬਈ ਵਿੱਚ ਹੋਣ ਵਾਲੇ ਇਸ ਵਿਸ਼ਵ ਪੱਧਰੀ ਸਮਾਗਮ ਵਿੱਚ ਬ੍ਰਿਟੇਨ ਦੇ ਪ੍ਰਿੰਸ ਵਿਲੀਅਮ ਸਮੇਤ ਕਈ ਦੇਸ਼ਾਂ ਦੇ ਆਗੂ, ਵਾਤਾਵਰਣ ਮਾਹਿਰ, ਕਾਰੋਬਾਰੀ ਹਸਤੀਆਂ ਅਤੇ ਫਿਲਮ ਤੇ ਸੰਗੀਤ ਜਗਤ ਦੇ ਕਲਾਕਾਰ ਸ਼ਿਰਕਤ ਕਰਨਗੇ।
ਪ੍ਰਿੰਸ ਵਿਲੀਅਮ ਵੱਲੋਂ ਸ਼ੁਰੂ ਕੀਤੀ ਗਈ ਇਸ ਪਹਿਲ ਤਹਿਤ ਛੇਵਾਂ ਸਾਲਾਨਾ ਅਵਾਰਡ ਸਮਾਰੋਹ ਮੁੰਬਈ ਵਿੱਚ ਹੋਵੇਗਾ। ਇਸ ਦੇ ਨਾਲ ਪੰਜ ਦਿਨਾਂ ਦਾ ਵਿਸ਼ੇਸ਼ ਸੰਮੇਲਨ ਵੀ ਕਰਵਾਇਆ ਜਾਵੇਗਾ, ਜਿਸ ਦਾ ਮੁੱਖ ਉਦੇਸ਼ ਧਰਤੀ ਸਾਹਮਣੇ ਖੜ੍ਹੀਆਂ ਵਾਤਾਵਰਣਕ ਚੁਣੌਤੀਆਂ ਦੇ ਹੱਲ ਲੱਭਣ ਅਤੇ ਨਵੀਆਂ ਤਕਨੀਕਾਂ ਨੂੰ ਵਿਸ਼ਵ ਪੱਧਰ ‘ਤੇ ਲਾਗੂ ਕਰਨ ਦੇ ਮੌਕੇ ਪੈਦਾ ਕਰਨਾ ਹੈ। ਇਸ ਸਮਾਗਮ ਵਿੱਚ ਪ੍ਰਿੰਸ ਵਿਲੀਅਮ ਤੋਂ ਇਲਾਵਾ ਕਰਨ ਜੌਹਰ, ਆਲੀਆ ਭੱਟ, ਸੋਨਮ ਕਪੂਰ, ਕ੍ਰਿਕਟ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ, ਗਾਇਕਾ ਸ਼੍ਰੇਆ ਘੋਸ਼ਾਲ ਅਤੇ ਆਸਕਰ ਜੇਤੂ ਅਦਾਕਾਰ ਰਾਮੀ ਮਲੇਕ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਮੌਕੇ ਬ੍ਰਿਟਿਸ਼ ਪੌਪ ਬੈਂਡ ‘ਟੇਕ ਦੈਟ’ ਵੀ ਭਾਰਤ ਵਿੱਚ ਆਪਣੀ ਪਹਿਲੀ ਪੇਸ਼ਕਾਰੀ ਦੇਵੇਗਾ। ਸਮਾਗਮ ਵਿੱਚ ਲਗਭਗ 5,000 ਮਹਿਮਾਨਾਂ ਦੇ ਪਹੁੰਚਣ ਦੀ ਸੰਭਾਵਨਾ ਹੈ ਅਤੇ ਇਸ ਦਾ ਪ੍ਰਸਾਰਣ 240 ਦੇਸ਼ਾਂ ਵਿੱਚ ਕੀਤਾ ਜਾਵੇਗਾ। ਇਸ ਪੰਜ ਦਿਨਾਂ ਪ੍ਰੋਗਰਾਮ ਵਿੱਚ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦੇ ਆਗੂਆਂ, ਉਦਯੋਗਪਤੀਆਂ, ਵਾਤਾਵਰਣ ਖੇਤਰ ਦੇ ਨਵੀਨਤਾਕਾਰਾਂ ਅਤੇ ਭਾਰਤ, ਅਫਰੀਕਾ, ਏਸ਼ੀਆ-ਪੈਸਿਫਿਕ ਤੇ ਲਾਤੀਨੀ ਅਮਰੀਕਾ ਦੇ 130 ਨੌਜਵਾਨ ਜਲਵਾਯੂ ਆਗੂਆਂ ਨੂੰ ਇਕ ਮੰਚ ‘ਤੇ ਲਿਆਂਦਾ ਜਾਵੇਗਾ।
ਅਰਥਸ਼ਾਟ ਪ੍ਰਾਈਜ਼ ਦੇ ਤਹਿਤ ਪੰਜ ਮੁੱਖ ਖੇਤਰਾਂ ਵਿੱਚ ਜੇਤੂਆਂ ਦੀ ਚੋਣ ਕੀਤੀ ਜਾਵੇਗੀ। ਇਨ੍ਹਾਂ ਵਿੱਚ ਕੁਦਰਤ ਦੀ ਰੱਖਿਆ ਅਤੇ ਮੁੜ ਬਹਾਲੀ, ਹਵਾ ਨੂੰ ਪ੍ਰਦੂਸ਼ਣ ਮੁਕਤ ਬਣਾਉਣਾ, ਸਮੁੰਦਰਾਂ ਦੀ ਸੰਭਾਲ, ਕੂੜਾ-ਮੁਕਤ ਦੁਨੀਆ ਦੀ ਉਸਾਰੀ ਅਤੇ ਜਲਵਾਯੂ ਸੰਕਟ ਨਾਲ ਨਜਿੱਠਣਾ ਸ਼ਾਮਲ ਹਨ। ਹਰੇਕ ਸ਼੍ਰੇਣੀ ਵਿੱਚ ਇੱਕ ਜੇਤੂ ਦਾ ਐਲਾਨ ਕੀਤਾ ਜਾਵੇਗਾ। ਸਮਾਗਮ ਦੀ ਸ਼ੁਰੂਆਤ 13 ਤੋਂ 15 ਨਵੰਬਰ ਤੱਕ ਜੈਪੁਰ ਵਿੱਚ ਹੋਣ ਵਾਲੇ ‘ਜੈਪੁਰ ਮੋਮੈਂਟਮ ਰਿਟਰੀਟ’ ਨਾਲ ਹੋਵੇਗੀ, ਜਿਸ ਵਿੱਚ 2026 ਦੇ ਫਾਈਨਲਿਸਟ ਅਤੇ ਸਹਿਯੋਗੀ ਵਾਤਾਵਰਣਕ ਹੱਲਾਂ ਨੂੰ ਵੱਡੇ ਪੱਧਰ ‘ਤੇ ਲਾਗੂ ਕਰਨ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਕਰਨਗੇ। ਇਸ ਤੋਂ ਬਾਅਦ 14 ਤੋਂ 17 ਨਵੰਬਰ ਤੱਕ ‘ਜਨਰੇਸ਼ਨ ਅਰਥਸ਼ਾਟ’ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਵਿੱਚ 130 ਨੌਜਵਾਨ ਜਲਵਾਯੂ ਆਗੂਆਂ ਨੂੰ ਲੀਡਰਸ਼ਿਪ ਅਤੇ ਵਾਤਾਵਰਣ ਸੁਰੱਖਿਆ ਸਬੰਧੀ ਸਿਖਲਾਈ ਦਿੱਤੀ ਜਾਵੇਗੀ। 16 ਨਵੰਬਰ ਨੂੰ ਹੋਣ ਵਾਲੀ ‘ਇੰਪੈਕਟ ਅਸੈਂਬਲੀ’ ਵਿੱਚ ਨਵੀਆਂ ਭਾਈਵਾਲੀਆਂ, ਨਿਵੇਸ਼ ਅਤੇ ਵਾਤਾਵਰਣਕ ਕਾਢਾਂ ਨੂੰ ਵਿਸ਼ਵ ਪੱਧਰ ‘ਤੇ ਪਹੁੰਚਾਉਣ ਬਾਰੇ ਚਰਚਾ ਹੋਵੇਗੀ।
ਜਿਓ ਕਨਵੈਨਸ਼ਨ ਸੈਂਟਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰਥਸ਼ਾਟ ਪ੍ਰਾਈਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੇਸਨ ਨੌਫ ਨੇ ਮੁੰਬਈ ਵਿੱਚ ਹੋਣ ਵਾਲੇ ਇਸ ਸਮਾਗਮ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਆਯੋਜਨ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ਨੇ ਅਰਥਸ਼ਾਟ ਪ੍ਰਾਈਜ਼ ਦੇ ਫਾਈਨਲਿਸਟਾਂ ਅਤੇ ਜੇਤੂਆਂ ਦੇ ਮਾਮਲੇ ਵਿੱਚ ਦੁਨੀਆ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਅਨੁਸਾਰ, ਅਰਥਸ਼ਾਟ ਪ੍ਰਾਈਜ਼ ਸਿਰਫ਼ ਵਾਤਾਵਰਣਕ ਹੱਲਾਂ ਦੀ ਚਰਚਾ ਕਰਨ ਲਈ ਭਾਰਤ ਨਹੀਂ ਆਇਆ, ਸਗੋਂ ਭਾਰਤ ਨੂੰ ਜਲਵਾਯੂ ਕਾਰਵਾਈ ਦੇ ਵਿਸ਼ਵ ਪੱਧਰੀ ਕੇਂਦਰਾਂ ਵਿੱਚੋਂ ਇੱਕ ਮੰਨਦਿਆਂ ਇੱਥੇ ਨਵੇਂ ਵਿਚਾਰਾਂ ਨੂੰ ਅਮਲੀ ਰੂਪ ਦੇਣ ਲਈ ਆਇਆ ਹੈ। ਇਸ ਸਾਲ ਦੇ 15 ਅੰਤਰਰਾਸ਼ਟਰੀ ਫਾਈਨਲਿਸਟਾਂ ਵਿੱਚ ਦੋ ਭਾਰਤੀ ਪਹਿਲਕਦਮੀਆਂ ਵੀ ਸ਼ਾਮਲ ਹਨ। ਮਹਿੰਦਰਾ ਲਾਸਟ ਮਾਈਲ ਮੋਬਿਲਿਟੀ ਨੂੰ ਆਪਣੇ ਇਲੈਕਟ੍ਰਿਕ ਰਿਕਸ਼ਿਆਂ ਰਾਹੀਂ ਸਾਫ਼-ਸੁਥਰੀ ਆਵਾਜਾਈ ਨੂੰ ਉਤਸ਼ਾਹਿਤ ਕਰਨ ਲਈ ਮਾਨਤਾ ਮਿਲੀ ਹੈ। ਇਸੇ ਤਰ੍ਹਾਂ ਮਹੀਲਾ ਹਾਊਸਿੰਗ ਟਰੱਸਟ ਨੂੰ ਔਰਤਾਂ ਅਤੇ ਪਰਿਵਾਰਾਂ ਨੂੰ ਵਧਦੀ ਅੱਤ ਦੀ ਗਰਮੀ ਨਾਲ ਨਜਿੱਠਣ ਲਈ ਸਮਰੱਥ ਬਣਾਉਣ ਦੇ ਯਤਨਾਂ ਵਾਸਤੇ ਚੁਣਿਆ ਗਿਆ ਹੈ।
ਜੇਸਨ ਨੌਫ ਨੇ ਕਿਹਾ ਕਿ ਇਹ ਦੋਵੇਂ ਪਹਿਲਕਦਮੀਆਂ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੀਆਂ ਹਨ, ਪਰ ਇਨ੍ਹਾਂ ਦਾ ਮਹੱਤਵ ਵਿਸ਼ਵ ਪੱਧਰ ‘ਤੇ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਅਰਥਸ਼ਾਟ ਪ੍ਰਾਈਜ਼ ਦਾ ਅਸਲ ਮਕਸਦ ਸਿਰਫ਼ ਨਵੀਨਤਾਕਾਰੀ ਵਿਚਾਰਾਂ ਨੂੰ ਇਨਾਮ ਦੇਣਾ ਨਹੀਂ, ਬਲਕਿ ਉਨ੍ਹਾਂ ਲਈ ਨਿਵੇਸ਼, ਭਾਈਵਾਲੀਆਂ ਅਤੇ ਨਵੇਂ ਬਾਜ਼ਾਰਾਂ ਤੱਕ ਪਹੁੰਚ ਯਕੀਨੀ ਬਣਾਉਣਾ ਹੈ, ਤਾਂ ਜੋ ਇਹ ਹੱਲ ਵੱਡੇ ਪੱਧਰ ‘ਤੇ ਲੋਕਾਂ ਤੱਕ ਪਹੁੰਚ ਸਕਣ। ਉਨ੍ਹਾਂ ਕਿਹਾ ਕਿ ਕਿਸੇ ਵੀ ਨਵੇਂ ਵਿਚਾਰ ਦੀ ਸਫਲਤਾ ਦਾ ਅਸਲ ਮੁਲਾਂਕਣ ਇਸ ਗੱਲ ਨਾਲ ਹੋਵੇਗਾ ਕਿ ਉਸ ਨੂੰ ਮਿਲੀ ਮਾਨਤਾ ਤੋਂ ਇੱਕ ਸਾਲ ਬਾਅਦ ਵਾਤਾਵਰਣ ਅਤੇ ਸਮਾਜ ‘ਤੇ ਕਿੰਨਾ ਠੋਸ ਪ੍ਰਭਾਵ ਪਿਆ ਹੈ। ਭਾਰਤ ਵਿੱਚ ਅਰਥਸ਼ਾਟ ਪ੍ਰਾਈਜ਼ ਦਾ ਇਹ ਪਹਿਲਾ ਸਮਾਗਮ ਦੇਸ਼ ਲਈ ਅੰਤਰਰਾਸ਼ਟਰੀ ਪੱਧਰ ‘ਤੇ ਵਾਤਾਵਰਣਕ ਨਵੀਨਤਾ ਅਤੇ ਟਿਕਾਊ ਵਿਕਾਸ ਦੇ ਖੇਤਰ ਵਿੱਚ ਆਪਣੀ ਸਮਰੱਥਾ ਦਿਖਾਉਣ ਦਾ ਮਹੱਤਵਪੂਰਨ ਮੌਕਾ ਹੈ। ਇਸ ਰਾਹੀਂ ਨਵੇਂ ਵਿਚਾਰਾਂ, ਵਿਸ਼ਵ ਪੱਧਰੀ ਸਰੋਤਾਂ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਨੂੰ ਇਕੱਠਾ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਹਰਿਆਵਲ ਭਰੇ ਅਤੇ ਸੁਰੱਖਿਅਤ ਭਵਿੱਖ ਦੀ ਦਿਸ਼ਾ ਵਿੱਚ ਯਤਨ ਕੀਤੇ ਜਾਣਗੇ।






