Homeਪੰਜਾਬਪੰਜਾਬ ’ਚ 5 ਦਿਨ ਮੀਂਹ ਦਾ ਦੌਰ, 14 ਤੋਂ 18 ਅਗਸਤ ਤੱਕ...

ਪੰਜਾਬ ’ਚ 5 ਦਿਨ ਮੀਂਹ ਦਾ ਦੌਰ, 14 ਤੋਂ 18 ਅਗਸਤ ਤੱਕ ਭਾਰੀ ਬਾਰਿਸ਼ ਦੀ ਸੰਭਾਵਨਾ

Punjab and Chandigarh brace for increased rainfall from August 14 to 18

ਚੰਡੀਗੜ੍ਹ, 13 ਅਗਸਤ, 2026 (ਹਰਸ਼ਪ੍ਰੀਤ ਕੌਰ) : ਪੰਜਾਬ ਅਤੇ ਚੰਡੀਗੜ੍ਹ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਮਾਨਸੂਨ ਮੁੜ ਤੇਜ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਮੁਤਾਬਕ 14 ਤੋਂ 18 ਅਗਸਤ ਤੱਕ ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ ਪੈ ਸਕਦਾ ਹੈ, ਜਦਕਿ ਕੁਝ ਥਾਵਾਂ ’ਤੇ ਭਾਰੀ ਮੀਂਹ ਦੀ ਵੀ ਚਿਤਾਵਨੀ ਹੈ। ਅੱਜ 13 ਅਗਸਤ ਨੂੰ ਕਿਸੇ ਵਿਸ਼ੇਸ਼ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ, ਪਰ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਿਤੇ-ਕਿਤੇ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਪਟਿਆਲਾ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

ਬੁੱਧਵਾਰ ਨੂੰ ਮੀਂਹ ਨਾ ਪੈਣ ਕਾਰਨ ਪੰਜਾਬ ਦੇ ਔਸਤ ਤਾਪਮਾਨ ਵਿੱਚ 4.6 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਭਾਖੜਾ ਡੈਮ ਖੇਤਰ ਵਿੱਚ ਸਭ ਤੋਂ ਵੱਧ 37.4 ਡਿਗਰੀ ਤਾਪਮਾਨ ਦਰਜ ਹੋਇਆ। ਪਠਾਨਕੋਟ ਵਿੱਚ ਇੱਕ ਦਿਨ ਦੌਰਾਨ ਤਾਪਮਾਨ 9.8 ਡਿਗਰੀ, ਜਦਕਿ ਚੰਡੀਗੜ੍ਹ ਵਿੱਚ 7 ਡਿਗਰੀ ਤੱਕ ਵਧਿਆ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਇਸ ਮਾਨਸੂਨ ਸੀਜ਼ਨ ਦੌਰਾਨ ਹੁਣ ਤੱਕ 195.1 ਮਿਲੀਮੀਟਰ ਮੀਂਹ ਪਿਆ ਹੈ, ਜੋ ਆਮ ਨਾਲੋਂ 32 ਫੀਸਦੀ ਘੱਟ ਹੈ। ਮੌਸਮ ਵਿੱਚ ਬਦਲਾਅ ਦਾ ਮੁੱਖ ਕਾਰਨ ਬੰਗਾਲ ਦੀ ਖਾੜੀ ਵਿੱਚ ਬਣਿਆ ਘੱਟ ਦਬਾਅ ਵਾਲਾ ਖੇਤਰ ਦੱਸਿਆ ਜਾ ਰਿਹਾ ਹੈ। ਇਹ ਪ੍ਰਣਾਲੀ ਅਗਲੇ ਕੁਝ ਘੰਟਿਆਂ ਵਿੱਚ ਹੋਰ ਮਜ਼ਬੂਤ ਹੋ ਕੇ ਡਿਪਰੈਸ਼ਨ ਦਾ ਰੂਪ ਧਾਰ ਸਕਦੀ ਹੈ ਅਤੇ ਉੱਤਰ-ਪੱਛਮ ਵੱਲ ਵਧਣ ਦੀ ਸੰਭਾਵਨਾ ਹੈ। ਇਸ ਦਾ ਪ੍ਰਭਾਵ ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ’ਤੇ ਵੀ ਪੈ ਸਕਦਾ ਹੈ।

ਇਸ ਤੋਂ ਇਲਾਵਾ ਦੱਖਣੀ ਹਰਿਆਣਾ ਉੱਪਰ ਇੱਕ ਹੋਰ ਮੌਸਮੀ ਪ੍ਰਣਾਲੀ ਸਰਗਰਮ ਹੈ, ਜਦਕਿ ਪੱਛਮੀ ਗੜਬੜੀ ਵੀ ਬਣੀ ਹੋਈ ਹੈ। ਇਨ੍ਹਾਂ ਸਾਰੇ ਮੌਸਮੀ ਸਿਸਟਮਾਂ ਦੇ ਸਾਂਝੇ ਪ੍ਰਭਾਵ ਕਾਰਨ 14 ਤੋਂ 18 ਅਗਸਤ ਤੱਕ ਮੀਂਹ ਦੀਆਂ ਗਤੀਵਿਧੀਆਂ ਵਿੱਚ ਵਾਧਾ ਹੋਣ ਦੀ ਉਮੀਦ ਹੈ। ਇਸ ਦੌਰਾਨ ਭਾਖੜਾ ਅਤੇ ਪੌਂਗ ਡੈਮਾਂ ਵਿੱਚ ਪਾਣੀ ਦਾ ਪੱਧਰ ਅਜੇ ਵੀ ਉਨ੍ਹਾਂ ਦੀ ਵੱਧ ਤੋਂ ਵੱਧ ਸਮਰੱਥਾ ਤੋਂ ਹੇਠਾਂ ਹੈ। ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1,616.2 ਫੁੱਟ ਅਤੇ ਪੌਂਗ ਡੈਮ ਵਿੱਚ 1,351.73 ਫੁੱਟ ਦਰਜ ਕੀਤਾ ਗਿਆ ਹੈ। ਮੌਜੂਦਾ ਸਥਿਤੀ ਅਨੁਸਾਰ ਦੋਵਾਂ ਡੈਮਾਂ ਤੋਂ ਹੜ੍ਹ ਦਾ ਕੋਈ ਤੁਰੰਤ ਖ਼ਤਰਾ ਨਹੀਂ ਹੈ, ਹਾਲਾਂਕਿ ਪਾਣੀ ਦੀ ਆਮਦ ਅਤੇ ਪੱਧਰ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments