Homeਪੰਜਾਬਨਿਊਕਲੀਓਸਿਸ 2026 ਰਾਹੀਂ ਵਿਗਿਆਨਕ ਨਵੀਨਤਾ ਅਤੇ ਸਿਰਜਣਾਤਮਕਤਾ ਦਾ ਪ੍ਰਗਟਾਵਾ

ਨਿਊਕਲੀਓਸਿਸ 2026 ਰਾਹੀਂ ਵਿਗਿਆਨਕ ਨਵੀਨਤਾ ਅਤੇ ਸਿਰਜਣਾਤਮਕਤਾ ਦਾ ਪ੍ਰਗਟਾਵਾ

Nucleosis 2026 Showcases Scientific Innovation, Creativity and Young Talent

ਫ਼ਤਹਿਗੜ੍ਹ ਸਾਹਿਬ, 16 ਨਵੰਬਰ, 2026 (ਗੁਰਮੀਤ ਸਿੰਘ ਤੁੰਗ) : ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ‘ਨਿਊਕਲੀਓਸਿਸ 2026 – ਜਿੱਥੇ ਵਿਗਿਆਨ ਅਤੇ ਸਿਰਜਣਾਤਮਕਤਾ ਦਾ ਸੁਮੇਲ ਹੁੰਦਾ ਹੈ’ ਵਿਸ਼ੇ ਅਧੀਨ ਇੱਕ ਰੋਜ਼ਾ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਵਿਸ਼ੇਸ਼ ਭਾਸ਼ਣ, ਵਿਚਾਰ-ਚਰਚਾ ਅਤੇ ਵਿਦਿਆਰਥੀ ਮੁਕਾਬਲੇ ਕਰਵਾਏ ਗਏ। ਸਮਾਗਮ ਦੀ ਸ਼ੁਰੂਆਤ ਡਾ. ਜਸਕੀਰਤ ਕੌਰ ਅਤੇ ਡਾ. ਜਗਪ੍ਰੀਤ ਸਿੰਘ ਵੱਲੋਂ ਸਵਾਗਤੀ ਸ਼ਬਦਾਂ ਨਾਲ ਕੀਤੀ ਗਈ। ਅਮਰੀਕਾ ਦੇ ਕੈਲੀਫੋਰਨੀਆ ਸਥਿਤ ਅਰਿਹੰਤਾ ਇੰਸਟੀਚਿਊਟ ਦੇ ਪ੍ਰੋਫ਼ੈਸਰ ਅਤੇ ਕੈਨੇਡਾ ਦੇ ਧੁਨੀ ਵਿਗਿਆਨ ਖੋਜ ਕੇਂਦਰ ਦੇ ਨਿਰਦੇਸ਼ਕ ਡਾ. ਦਵਿੰਦਰ ਪਾਲ ਸਿੰਘ ਨੇ ‘ਰੇਡੀਏਸ਼ਨ ਭੌਤਿਕ ਵਿਗਿਆਨ ਤੋਂ ਟਿਕਾਊ ਵਿਸ਼ਵ ਤੱਕ’ ਵਿਸ਼ੇ ’ਤੇ ਭਾਸ਼ਣ ਦਿੰਦਿਆਂ ਵਿਗਿਆਨਕ ਖੋਜ, ਵਾਤਾਵਰਣਕ ਜ਼ਿੰਮੇਵਾਰੀ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਮਹੱਤਵ ਬਾਰੇ ਵਿਚਾਰ ਸਾਂਝੇ ਕੀਤੇ। ਉੱਘੇ ਵਿਦਵਾਨ ਅਤੇ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਆਫ਼ ਐਮੀਨੈਂਸ (ਆਨਰੇਰੀ) ਡਾ. ਹਰਦੇਵ ਸਿੰਘ ਵਿਰਕ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਵਿਗਿਆਨਕ ਅਤੇ ਅੰਤਰ-ਅਨੁਸ਼ਾਸਨੀ ਵਿਸ਼ਿਆਂ ਬਾਰੇ ਵਿਚਾਰ-ਚਰਚਾ ਕੀਤੀ। ਆਈ.ਆਈ.ਟੀ. ਮੁੰਬਈ ਦੇ ਸਾਬਕਾ ਵਿਦਿਆਰਥੀ ਡਾ. ਸੁਨੀਲ ਭਾਟੀਆ ਨੇ ਆਪਣੇ ਖੋਜ ਅਤੇ ਅਕਾਦਮਿਕ ਅਨੁਭਵ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਖੋਜ ਕਾਰਜਾਂ ਲਈ ਪ੍ਰੇਰਿਤ ਕੀਤਾ। ਸਮਾਗਮ ਦੇ ਸਮਾਪਤੀ ਸੈਸ਼ਨ ਵਿੱਚ ਯੂਨੀਵਰਸਿਟੀ ਦੇ ਮਾਨਯੋਗ ਉਪ-ਕੁਲਪਤੀ ਪ੍ਰੋ. (ਡਾ.) ਪਰਿਤ ਪਾਲ ਸਿੰਘ, ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਅਤੇ ਰਜਿਸਟਰਾਰ ਪ੍ਰੋ. (ਡਾ.) ਤੇਜਬੀਰ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਰਹੇ। ਉਪ-ਕੁਲਪਤੀ ਨੇ ਵਿਭਾਗ ਨੂੰ ਸਫ਼ਲ ਸਮਾਗਮ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ, ਸਿਰਜਣਾਤਮਕਤਾ ਅਤੇ ਖੋਜ-ਮੁਖੀ ਸੋਚ ਨੂੰ ਪ੍ਰਫੁੱਲਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਸਮਾਗਮ ਦੌਰਾਨ ਕਰਵਾਏ ਗਏ ਵਿਗਿਆਨਕ ਰੰਗੋਲੀ ਮੁਕਾਬਲੇ ਵਿੱਚ ਵਿਪਨਦੀਪ ਕੌਰ, ਮਨਪ੍ਰੀਤ ਕੌਰ ਅਤੇ ਰਾਜਵੀਰ ਸਿੰਘ ਦੀ ਟੀਮ ਨੇ ਪਹਿਲਾ, ਜੈਸਮੀਨ ਕੌਰ, ਅਰਸ਼ਪ੍ਰੀਤ ਕੌਰ ਅਤੇ ਨਵਜੋਤ ਕੌਰ ਦੀ ਟੀਮ ਨੇ ਦੂਜਾ ਅਤੇ ਖੁਸ਼ਪ੍ਰੀਤ ਕੌਰ, ਹਰਦੀਪ ਕੌਰ ਤੇ ਅੰਜਲੀ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਿਗਿਆਨਕ ਮਾਡਲ ਪੇਸ਼ਕਾਰੀ ਵਿੱਚ ਬੇਅੰਤ ਕੌਰ ਅਤੇ ਅਰਸ਼ਪ੍ਰੀਤ ਕੌਰ ਦੀ ਟੀਮ ਨੇ ਪਹਿਲਾ, ਜਸ਼ਨਵੀਰ ਸਿੰਘ ਨੇ ਦੂਜਾ ਅਤੇ ਸੁਖਮਨਪ੍ਰੀਤ ਕੌਰ, ਗਗਨਦੀਪ ਕੌਰ, ਅਰਸ਼ਪ੍ਰੀਤ ਕੌਰ ਤੇ ਜਸਨੂਰ ਕੌਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਨਾਅਰਾ ਲੇਖਣ ਮੁਕਾਬਲੇ ਵਿੱਚ ਰਜਿੰਦਰ ਕੌਰ ਨੇ ਪਹਿਲਾ, ਜਸਨੂਰ ਕੌਰ ਨੇ ਦੂਜਾ ਅਤੇ ਗੁਰਨੂਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਦੋ ਪੁਸਤਕਾਂ ‘ਰੈਸ਼ਨੈਲਿਟੀ ਐਂਡ ਰੈਵਲੇਸ਼ਨ – ਏ ਸਿੱਖ ਪਰਸਪੈਕਟਿਵ ਆਨ ਸਾਇੰਸ-ਰਿਲੀਜਨ ਡਾਇਲਾਗ’ ਅਤੇ ‘ਇਟਰਨਲ ਵਿਜ਼ਡਮ, ਇਮਰਜਿੰਗ ਵਰਲਡਜ਼ – ਸਿੱਖ ਥਾਟ ਆਨ ਫੇਥ, ਫ੍ਰੀਡਮ, ਆਈਡੈਂਟਿਟੀ ਐਂਡ ਆਰਟੀਫਿਸ਼ਲ ਇੰਟੈਲੀਜੈਂਸ’ ਵੀ ਲੋਕ ਅਰਪਣ ਕੀਤੀਆਂ ਗਈਆਂ। ਜੇਤੂ ਵਿਦਿਆਰਥੀਆਂ ਨੂੰ ਉਪ-ਕੁਲਪਤੀ ਵੱਲੋਂ ਮੈਡਲ ਅਤੇ ਮੈਰਿਟ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਸਮਾਗਮ ਦੀ ਸਮਾਪਤੀ ਡਾ. ਸੁਖਦੀਪ ਸਿੰਘ ਵੱਲੋਂ ਧੰਨਵਾਦੀ ਮਤੇ ਨਾਲ ਹੋਈ।

RELATED ARTICLES
- Advertisment -
Google search engine
Google search engine
Google search engine

Most Popular

Recent Comments