Home ਹਰਿਆਣਾ ਅੰਮ੍ਰਿਤ ਸਰੋਵਰਾਂ ਦੇ ਨਵੀਨੀਕਰਨ ਕਾਰਜਾਂ ਵਿੱਚ ਗੁਣਵੱਤਾ, ਪਾਰਦਰਸ਼ਤਾ ਅਤੇ ਸਮੇਂ ਦੀ ਪਾਬੰਦੀ...

ਅੰਮ੍ਰਿਤ ਸਰੋਵਰਾਂ ਦੇ ਨਵੀਨੀਕਰਨ ਕਾਰਜਾਂ ਵਿੱਚ ਗੁਣਵੱਤਾ, ਪਾਰਦਰਸ਼ਤਾ ਅਤੇ ਸਮੇਂ ਦੀ ਪਾਬੰਦੀ ਯਕੀਨੀ ਬਣਾਓ: ਲੈਫਟੀਨੈਂਟ ਜਨਰਲ ਵਿਮਲ ਗੋਸਵਾਮੀ

Vimal Goswami Reviews Amrit Sarovar Works, Stresses Quality and Rural Tourism

0

ਤਲਾਬਾਂ ਦੇ ਸੁੰਦਰੀਕਰਨ ਦੇ ਨਾਲ ਪੇਂਡੂ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ’ਤੇ ਦਿੱਤਾ ਜ਼ੋਰ

ਕੁਰੂਕਸ਼ੇਤਰ, 19 ਸਤੰਬਰ, 2026 (ਸੰਜੀਵ ਸ਼ਰਮਾ): ਹਰਿਆਣਾ ਤਲਾਬ ਅਤੇ ਵੇਸਟ ਮੈਨੇਜਮੈਂਟ ਅਥਾਰਟੀ ਦੇ ਕਾਰਜਕਾਰੀ ਉਪ-ਚੇਅਰਮੈਨ ਲੈਫਟੀਨੈਂਟ ਜਨਰਲ ਵਿਮਲ ਗੋਸਵਾਮੀ, ਏਵੀਐਸਐਮ, ਵੀਐਸਐਮ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਅੰਮ੍ਰਿਤ ਸਰੋਵਰ ਯੋਜਨਾ ਤਹਿਤ ਤਲਾਬਾਂ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਕੰਮ ਸਮੇਂ ਸਿਰ ਮੁਕੰਮਲ ਕਰਨ ਦੇ ਨਾਲ-ਨਾਲ ਇਨ੍ਹਾਂ ਕਾਰਜਾਂ ਵਿੱਚ ਗੁਣਵੱਤਾ ਅਤੇ ਪਾਰਦਰਸ਼ਤਾ ਵੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਤਲਾਬਾਂ ਨੂੰ ਸਿਰਫ਼ ਜਲ ਸੰਭਾਲ ਦੇ ਕੇਂਦਰਾਂ ਵਜੋਂ ਵਿਕਸਤ ਕਰਨ ਦੀ ਬਜਾਏ ਇਨ੍ਹਾਂ ਰਾਹੀਂ ਪੇਂਡੂ ਸੈਰ-ਸਪਾਟੇ ਨੂੰ ਵੀ ਉਤਸ਼ਾਹਿਤ ਕੀਤਾ ਜਾਵੇ, ਤਾਂ ਜੋ ਗ੍ਰਾਮ ਪੰਚਾਇਤਾਂ ਦੀ ਆਮਦਨ ਵਿੱਚ ਵਾਧਾ ਹੋਵੇ ਅਤੇ ਪੇਂਡੂ ਖੇਤਰਾਂ ਵਿੱਚ ਰੁਜ਼ਗਾਰ ਤੇ ਸੈਰ-ਸਪਾਟੇ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਹੋਣ।

ਹਰਿਆਣਾ ਤਲਾਬ ਅਤੇ ਵੇਸਟ ਮੈਨੇਜਮੈਂਟ ਅਥਾਰਟੀ ਦੇ ਕਾਰਜਕਾਰੀ ਉਪ-ਚੇਅਰਮੈਨ ਲੈਫਟੀਨੈਂਟ ਜਨਰਲ ਵਿਮਲ ਗੋਸਵਾਮੀ, ਏਵੀਐਸਐਮ, ਵੀਐਸਐਮ ਨੇ ਇਹ ਗੱਲ ਸ਼ੁੱਕਰਵਾਰ ਨੂੰ ਜ਼ਿਲ੍ਹਾ ਕੁਰੂਕਸ਼ੇਤਰ ਦੇ ਵੱਖ-ਵੱਖ ਪਿੰਡਾਂ ਵਿੱਚ ਸਥਿਤ ਤਲਾਬਾਂ ਦੇ ਨਿਰੀਖਣ ਦੌਰਾਨ ਕਹੀ। ਉਨ੍ਹਾਂ ਨੇ ਤਿਉੜਾ, ਤਿਉੜੀ, ਧੰਤੌੜੀ, ਮਸਾਨਾ, ਸਮਾਨੀ ਅਤੇ ਝਿਰਬੜੀ ਪਿੰਡਾਂ ਵਿੱਚ ਤਲਾਬਾਂ ਦਾ ਨਿਰੀਖਣ ਕੀਤਾ ਅਤੇ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਨਿਰੀਖਣ ਦੌਰਾਨ ਉਨ੍ਹਾਂ ਨੇ ਤਲਾਬਾਂ ਵਿੱਚ ਪਾਣੀ ਸੰਭਾਲਣ ਦੀ ਸਮਰੱਥਾ, ਓਵਰਫਲੋ ਹੋਣ ਦੀ ਸਥਿਤੀ ਵਿੱਚ ਪਾਣੀ ਦੀ ਨਿਕਾਸੀ, ਸਾਫ਼ ਪਾਣੀ ਦੇ ਭੰਡਾਰਨ, ਤਲਾਬਾਂ ਦੇ ਕਿਨਾਰਿਆਂ ਦੇ ਸੁੰਦਰੀਕਰਨ, ਪਾਥ-ਵੇਅ ਦੀ ਉਸਾਰੀ, ਬੈਠਣ ਦੀ ਵਿਵਸਥਾ ਅਤੇ ਪੇਂਡੂ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ।

ਉਨ੍ਹਾਂ ਕਿਹਾ ਕਿ ਤਲਾਬਾਂ ਦਾ ਵਿਕਾਸ ਇਸ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਹੈ ਕਿ ਜਲ ਸੰਭਾਲ ਦੇ ਉਦੇਸ਼ ਦੀ ਪੂਰਤੀ ਦੇ ਨਾਲ-ਨਾਲ ਇਹ ਪੇਂਡੂ ਲੋਕਾਂ ਅਤੇ ਸੈਲਾਨੀਆਂ ਲਈ ਆਕਰਸ਼ਕ ਅਤੇ ਉਪਯੋਗੀ ਸਥਾਨਾਂ ਵਜੋਂ ਵੀ ਵਿਕਸਤ ਹੋ ਸਕਣ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਤਲਾਬਾਂ ਨਾਲ ਸਬੰਧਤ ਵਿਕਾਸ ਕਾਰਜਾਂ ਦੀ ਨਿਯਮਿਤ ਨਿਗਰਾਨੀ ਕੀਤੀ ਜਾਵੇ ਅਤੇ ਨਿਰਧਾਰਤ ਮਾਪਦੰਡਾਂ ਅਨੁਸਾਰ ਕੰਮ ਗੁਣਵੱਤਾ ਨਾਲ ਮੁਕੰਮਲ ਕੀਤੇ ਜਾਣ। ਤਲਾਬਾਂ ਵਿੱਚ ਪਾਣੀ ਦੀ ਨਿਕਾਸੀ ਦੀ ਢੁਕਵੀਂ ਵਿਵਸਥਾ ਦੇ ਨਾਲ-ਨਾਲ ਸਾਫ਼ ਪਾਣੀ ਦੀ ਸੰਭਾਲ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਤਾਂ ਜੋ ਭਵਿੱਖ ਵਿੱਚ ਇਨ੍ਹਾਂ ਜਲ ਸਰੋਤਾਂ ਦੀ ਬਿਹਤਰ ਵਰਤੋਂ ਯਕੀਨੀ ਬਣਾਈ ਜਾ ਸਕੇ।

ਨਿਰੀਖਣ ਦੌਰਾਨ ਵਿਸ਼ੇਸ਼ ਤੌਰ ’ਤੇ ਮੌਜੂਦ ਜ਼ਿਲ੍ਹਾ ਪਰਿਸ਼ਦ ਕੁਰੂਕਸ਼ੇਤਰ ਦੀ ਚੇਅਰਪਰਸਨ ਕਮਲਜੀਤ ਕੌਰ ਨੇ ਕਿਹਾ ਕਿ ਕਾਰਜਕਾਰੀ ਉਪ-ਚੇਅਰਮੈਨ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਜਲਦ ਹੀ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਤਲਾਬਾਂ ਦਾ ਵਿਵਸਥਿਤ ਵਿਕਾਸ ਵਾਤਾਵਰਣ ਸੰਭਾਲ, ਜਲ ਸੰਚੈ ਅਤੇ ਪੇਂਡੂ ਸੈਰ-ਸਪਾਟੇ ਦੀ ਦ੍ਰਿਸ਼ਟੀ ਤੋਂ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਦਿਆਂ ਤਲਾਬਾਂ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਕਾਰਜਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਕਿਹਾ ਕਿ ਵਿਕਸਤ ਅਤੇ ਸੁੰਦਰ ਤਲਾਬ ਗ੍ਰਾਮ ਪੰਚਾਇਤਾਂ ਦੀ ਸੰਪਤੀ ਅਤੇ ਆਮਦਨ ਦੇ ਸਥਾਈ ਸਰੋਤ ਬਣ ਸਕਦੇ ਹਨ। ਜੇਕਰ ਤਲਾਬਾਂ ਦੇ ਆਲੇ-ਦੁਆਲੇ ਪਾਥ-ਵੇਅ, ਬੈਠਣ ਦੀ ਵਿਵਸਥਾ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਵਿਕਸਤ ਕੀਤੀਆਂ ਜਾਣ ਤਾਂ ਪੇਂਡੂ ਖੇਤਰਾਂ ਵਿੱਚ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਜਾ ਸਕਦਾ ਹੈ। ਇਸ ਨਾਲ ਪੇਂਡੂ ਅਰਥਵਿਵਸਥਾ ਨੂੰ ਵੀ ਮਜ਼ਬੂਤੀ ਮਿਲੇਗੀ। ਇਸ ਮੌਕੇ ਪੰਚਾਇਤੀ ਰਾਜ, ਸੂਖਮ ਸਿੰਚਾਈ ਅਤੇ ਕਮਾਂਡ ਏਰੀਆ ਡਿਵੈਲਪਮੈਂਟ ਅਥਾਰਟੀ ਸਮੇਤ ਹੋਰ ਵਿਭਾਗਾਂ ਦੇ ਕਾਰਜਕਾਰੀ ਇੰਜੀਨੀਅਰ, ਉਪਮੰਡਲ ਇੰਜੀਨੀਅਰ ਅਤੇ ਜੂਨੀਅਰ ਇੰਜੀਨੀਅਰ, ਲੇਖਾ ਅਧਿਕਾਰੀ ਡਾ. ਸਤਿਆ ਭੂਸ਼ਣ, ਬੀਡੀਪੀਓ ਆਸ਼ੂਤੋਸ਼ ਧੀਮਾਨ, ਗ੍ਰਾਮ ਪੰਚਾਇਤਾਂ ਦੇ ਸਰਪੰਚ ਅਤੇ ਨੁਮਾਇੰਦੇ, ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

 

Exit mobile version