Homeਪੰਜਾਬਮੰਤਰੀ ਦੀ ਪਹਿਲ ਤੋਂ ਬਾਅਦ ਕਰਮਚਾਰੀਆਂ ਨੇ ਧਰਨਾ ਚੁੱਕਿਆ; ਪੁਲਿਸ ਅਤੇ ਆਮ...

ਮੰਤਰੀ ਦੀ ਪਹਿਲ ਤੋਂ ਬਾਅਦ ਕਰਮਚਾਰੀਆਂ ਨੇ ਧਰਨਾ ਚੁੱਕਿਆ; ਪੁਲਿਸ ਅਤੇ ਆਮ ਲੋਕਾਂ ਨੇ ਵੀ ਪਹਿਲ ਦੀ ਕੀਤੀ ਸ਼ਲਾਘਾ

Punjab Minister Aman Arora meets protesting employees, prioritizes dialogue and helps resolve the standoff peacefully.

ਸੁਨਾਮ ਊਧਮ ਸਿੰਘ ਵਾਲਾ, 14 ਸਤੰਬਰ, 2026 (ਚੌਧਰੀ ਪ੍ਰਭਜੀਤ ਸਿੰਘ): ਕਰਮਚਾਰੀ ਜਥੇਬੰਦੀਆਂ ਵੱਲੋਂ ਆਪਣੀਆਂ ਵੱਖ-ਵੱਖ ਮੰਗਾਂ ਅਤੇ ਸਮੱਸਿਆਵਾਂ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰੀ ਅਮਨ ਅਰੋੜਾ ਦੀ ਰਿਹਾਇਸ਼ ਦੇ ਬਾਹਰ ਦਿੱਤੇ ਜਾ ਰਹੇ ਧਰਨੇ ਦੌਰਾਨ ਉਸ ਸਮੇਂ ਇੱਕ ਨਵਾਂ ਅਤੇ ਸੁਖਦ ਮਾਹੌਲ ਬਣ ਗਿਆ, ਜਦੋਂ ਸ੍ਰੀ ਅਮਨ ਅਰੋੜਾ ਖੁਦ ਧਰਨਾ ਸਥਾਨ ’ਤੇ ਪਹੁੰਚੇ ਅਤੇ ਕਰਮਚਾਰੀਆਂ ਨਾਲ ਸਿੱਧਾ ਸੰਵਾਦ ਕਾਇਮ ਕੀਤਾ। ਇਸ ਮੌਕੇ ਸਭ ਤੋਂ ਖਾਸ ਗੱਲ ਇਹ ਰਹੀ ਕਿ ਧਰਨੇ ਨੂੰ ਲੈ ਕੇ ਸੁਰੱਖਿਆ ਪ੍ਰਬੰਧਾਂ ਤਹਿਤ ਪਾਣੀ ਦੀਆਂ ਬੌਛਾਰਾਂ ਕਰਨ ਵਾਲੀਆਂ ਗੱਡੀਆਂ ਅਤੇ ਬੈਰੀਕੇਡਿੰਗ ਦੀ ਵਿਵਸਥਾ ਮੌਜੂਦ ਹੋਣ ਦੇ ਬਾਵਜੂਦ ਸ੍ਰੀ ਅਮਨ ਅਰੋੜਾ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ “ਕੋਈ ਬੈਰੀਕੇਡਿੰਗ ਨਹੀਂ ਲਗਾਉਣੀ ਅਤੇ ਪਾਣੀ ਦੀਆਂ ਬੌਛਾਰਾਂ ਕਰਨ ਵਾਲੀ ਗੱਡੀ ਦੀ ਵਰਤੋਂ ਨਹੀਂ ਕਰਨੀ। ਇਹ ਸਾਰੇ ਮੇਰੇ ਭਰਾ ਹਨ। ਮੈਂ ਖੁਦ ਇਨ੍ਹਾਂ ਦੇ ਨਾਲ ਬੈਠ ਕੇ ਗੱਲ ਕਰਾਂਗਾ ਅਤੇ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ।”

ਮੰਤਰੀ ਦੇ ਇਸ ਰਵੱਈਏ ਨਾਲ ਧਰਨਾ ਸਥਾਨ ’ਤੇ ਮੌਜੂਦ ਕਰਮਚਾਰੀਆਂ ਵਿੱਚ ਵੀ ਸਕਾਰਾਤਮਕ ਭਾਵਨਾ ਦੇਖਣ ਨੂੰ ਮਿਲੀ। ਸ੍ਰੀ ਅਮਨ ਅਰੋੜਾ ਨੇ ਧਰਨੇ ’ਤੇ ਬੈਠੇ ਕਰਮਚਾਰੀਆਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਉਠਾਏ ਗਏ ਜਾਇਜ਼ ਮੁੱਦਿਆਂ ’ਤੇ ਸਰਕਾਰ ਦੇ ਪੱਧਰ ’ਤੇ ਪੂਰੀ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ। ਇਸ ਤੋਂ ਬਾਅਦ ਕਰਮਚਾਰੀ ਜਥੇਬੰਦੀਆਂ ਦਾ ਇੱਕ ਵਫ਼ਦ ਸ੍ਰੀ ਅਮਨ ਅਰੋੜਾ ਨਾਲ ਵਿਸਥਾਰਪੂਰਵਕ ਗੱਲਬਾਤ ਲਈ ਅੰਦਰ ਗਿਆ। ਮੀਟਿੰਗ ਦੌਰਾਨ ਕਰਮਚਾਰੀਆਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਗੱਲਬਾਤ ਦਾ ਮਾਹੌਲ ਸੁਹਿਰਦ ਅਤੇ ਰਚਨਾਤਮਕ ਰਿਹਾ ਅਤੇ ਦੋਵਾਂ ਧਿਰਾਂ ਵੱਲੋਂ ਸਮੱਸਿਆਵਾਂ ਦਾ ਹੱਲ ਗੱਲਬਾਤ ਅਤੇ ਆਪਸੀ ਸਹਿਯੋਗ ਰਾਹੀਂ ਕੱਢਣ ’ਤੇ ਜ਼ੋਰ ਦਿੱਤਾ ਗਿਆ। ਮੀਟਿੰਗ ਤੋਂ ਬਾਅਦ ਕਰਮਚਾਰੀ ਜਥੇਬੰਦੀਆਂ ਵੱਲੋਂ ਧਰਨਾ ਚੁੱਕ ਲਿਆ ਗਿਆ। ਕਰਮਚਾਰੀ ਆਗੂਆਂ ਨੇ ਮੰਤਰੀ ਸ੍ਰੀ ਅਮਨ ਅਰੋੜਾ ਵੱਲੋਂ ਖੁਦ ਧਰਨਾ ਸਥਾਨ ’ਤੇ ਪਹੁੰਚ ਕੇ ਗੱਲਬਾਤ ਕਰਨ ਅਤੇ ਉਨ੍ਹਾਂ ਦੀਆਂ ਮੰਗਾਂ ਸੁਣਨ ਦੀ ਪਹਿਲ ਨੂੰ ਸਕਾਰਾਤਮਕ ਕਦਮ ਦੱਸਿਆ।

ਇਸ ਮੌਕੇ ਮੌਜੂਦ ਪੁਲਿਸ ਕਰਮਚਾਰੀਆਂ ਵੱਲੋਂ ਵੀ ਮੰਤਰੀ ਦੇ ਇਸ ਰਵੱਈਏ ਦੀ ਸ਼ਲਾਘਾ ਕੀਤੀ ਗਈ। ਪੁਲਿਸ ਨਾਲ ਜੁੜੇ ਕੁਝ ਲੋਕਾਂ ਨੇ ਕਿਹਾ ਕਿ ਮੰਤਰੀ ਵੱਲੋਂ ਖੁਦ ਅੱਗੇ ਆ ਕੇ ਧਰਨਾਕਾਰੀਆਂ ਨਾਲ ਗੱਲਬਾਤ ਕਰਨਾ ਇੱਕ ਚੰਗੀ ਪਹਿਲ ਸੀ, ਜਿਸ ਨਾਲ ਸਥਿਤੀ ਨੂੰ ਸੁਹਿਰਦ ਢੰਗ ਨਾਲ ਸੰਭਾਲਣ ਵਿੱਚ ਮਦਦ ਮਿਲੀ ਅਤੇ ਕਿਸੇ ਵੀ ਤਰ੍ਹਾਂ ਦੇ ਤਣਾਅ ਦੀ ਸੰਭਾਵਨਾ ਨੂੰ ਟਾਲਿਆ ਜਾ ਸਕਿਆ। ਧਰਨਾ ਸਥਾਨ ’ਤੇ ਮੌਜੂਦ ਆਮ ਲੋਕਾਂ ਨੇ ਵੀ ਸ੍ਰੀ ਅਮਨ ਅਰੋੜਾ ਦੀ ਇਸ ਪਹਿਲ ਨੂੰ ਸ਼ਲਾਘਾਯੋਗ ਦੱਸਦਿਆਂ ਕਿਹਾ ਕਿ ਜਨਤਕ ਮੁੱਦਿਆਂ ਨੂੰ ਟਕਰਾਅ ਦੀ ਬਜਾਏ ਗੱਲਬਾਤ ਰਾਹੀਂ ਹੱਲ ਕਰਨ ਦੀ ਪਰੰਪਰਾ ਸਿਆਸੀ ਅਤੇ ਸਮਾਜਿਕ ਮਾਹੌਲ ਨੂੰ ਹੋਰ ਸੁਖਦ ਬਣਾਉਣ ਵਿੱਚ ਸਹਾਇਕ ਹੋ ਸਕਦੀ ਹੈ। ਲੋਕਾਂ ਦਾ ਕਹਿਣਾ ਸੀ ਕਿ ਇੱਕ ਮੰਤਰੀ ਵੱਲੋਂ ਆਪਣੇ ਹੀ ਧਰਨੇ ’ਤੇ ਬੈਠੇ ਕਰਮਚਾਰੀਆਂ ਨੂੰ ਵਿਰੋਧੀ ਧਿਰ ਵਜੋਂ ਨਾ ਦੇਖਦੇ ਹੋਏ “ਆਪਣੇ ਭਰਾ” ਕਹਿ ਕੇ ਉਨ੍ਹਾਂ ਕੋਲ ਖੁਦ ਜਾਣਾ ਅਤੇ ਬੈਠ ਕੇ ਉਨ੍ਹਾਂ ਦੀ ਸਮੱਸਿਆ ਸੁਣਨਾ ਲੋਕਤੰਤਰ ਵਿੱਚ ਸਿੱਧੇ ਸੰਵਾਦ ਦੀ ਇੱਕ ਚੰਗੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਅਜਿਹੀ ਪਹਿਲ ਨਾਲ ਸਿਆਸੀ ਖੇਤਰ ਵਿੱਚ ਵੀ ਆਪਸੀ ਸਤਿਕਾਰ ਅਤੇ ਸੁਹਿਰਦ ਮਾਹੌਲ ਨੂੰ ਉਤਸ਼ਾਹ ਮਿਲ ਸਕਦਾ ਹੈ। ਇਸ ਦੌਰਾਨ ਸ੍ਰੀ ਅਮਨ ਅਰੋੜਾ ਵੱਲੋਂ ਧਰਨੇ ’ਤੇ ਬੈਠੇ ਕਰਮਚਾਰੀਆਂ ਲਈ ਠੰਡੇ ਪਾਣੀ ਦੀ ਛਬੀਲ ਅਤੇ ਚਾਹ ਦਾ ਲੰਗਰ ਵੀ ਲਗਾਇਆ ਗਿਆ। ਇਸ ਪਹਿਲ ਨੇ ਧਰਨੇ ਦੌਰਾਨ ਆਪਸੀ ਸਤਿਕਾਰ, ਸਦਭਾਵਨਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ।

ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਲੋਕਤੰਤਰ ਵਿੱਚ ਆਪਣੀ ਗੱਲ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਾਉਣਾ ਹਰੇਕ ਨਾਗਰਿਕ ਅਤੇ ਕਰਮਚਾਰੀ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਹਰ ਸਮੱਸਿਆ ਦਾ ਹੱਲ ਗੱਲਬਾਤ, ਸਹਿਯੋਗ ਅਤੇ ਆਪਸੀ ਵਿਸ਼ਵਾਸ ਰਾਹੀਂ ਕੱਢਿਆ ਜਾ ਸਕਦਾ ਹੈ। ਕਰਮਚਾਰੀ ਪੰਜਾਬ ਸਰਕਾਰ ਅਤੇ ਸੂਬੇ ਦੀ ਪ੍ਰਸ਼ਾਸਨਿਕ ਵਿਵਸਥਾ ਦਾ ਅਹਿਮ ਹਿੱਸਾ ਹਨ ਅਤੇ ਉਨ੍ਹਾਂ ਨਾਲ ਸਬੰਧਤ ਮੁੱਦਿਆਂ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ। ਸ੍ਰੀ ਅਮਨ ਅਰੋੜਾ ਵੱਲੋਂ ਖੁਦ ਧਰਨਾ ਸਥਾਨ ’ਤੇ ਪਹੁੰਚ ਕੇ ਕਰਮਚਾਰੀਆਂ ਨਾਲ ਗੱਲਬਾਤ ਕਰਨ, ਬੈਰੀਕੇਡਿੰਗ ਅਤੇ ਪਾਣੀ ਦੀਆਂ ਬੌਛਾਰਾਂ ਦੀ ਬਜਾਏ ਸੰਵਾਦ ਨੂੰ ਤਰਜੀਹ ਦੇਣ ਅਤੇ ਬਾਅਦ ਵਿੱਚ ਵਫ਼ਦ ਨਾਲ ਵਿਸਥਾਰਪੂਰਵਕ ਮੀਟਿੰਗ ਕਰਨ ਦੀ ਪਹਿਲ ਨੂੰ ਗੱਲਬਾਤ ਰਾਹੀਂ ਸਮੱਸਿਆਵਾਂ ਦੇ ਹੱਲ ਅਤੇ ਸਿਆਸੀ ਸਦਭਾਵਨਾ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments