ਮੁੰਬਈ, 2 ਨਵੰਬਰ, 2026 (ਛਤਰਪਾਲ ਸਿੰਘ ) : ਟੈਲੀਵਿਜ਼ਨ ਇੰਡਸਟਰੀ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਟੀਵੀ ਸੀਰੀਅਲ ‘ਬੰਧਨ ਸੱਤ ਜਨਮਾਂ ਕਾ’ ਵਿੱਚ ਨਜ਼ਰ ਆਏ ਅਦਾਕਾਰ ਅਨੁਜ ਠਾਕੁਰ ਦਾ 30 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਅਚਾਨਕ ਵਿਛੋੜੇ ਦੀ ਖ਼ਬਰ ਨਾਲ ਪ੍ਰਸ਼ੰਸਕਾਂ, ਦੋਸਤਾਂ ਅਤੇ ਮਨੋਰੰਜਨ ਜਗਤ ਨਾਲ ਜੁੜੇ ਲੋਕਾਂ ਵਿੱਚ ਸੋਗ ਪਾਇਆ ਜਾ ਰਿਹਾ ਹੈ।
ਸਵੇਰੇ ਅਲਾਰਮ ਵੱਜਣ ਦੇ ਬਾਵਜੂਦ ਨਹੀਂ ਉੱਠੇ ਅਨੁਜ
ਅਨੁਜ ਠਾਕੁਰ ਆਪਣੀ ਅਨੁਸ਼ਾਸਿਤ ਜੀਵਨ ਸ਼ੈਲੀ ਅਤੇ ਫਿਟਨੈੱਸ ਪ੍ਰਤੀ ਸਮਰਪਣ ਲਈ ਜਾਣੇ ਜਾਂਦੇ ਸਨ। ਉਹ ਹਰ ਰੋਜ਼ ਸਵੇਰੇ 4:30 ਵਜੇ ਉੱਠ ਕੇ ਜੌਗਿੰਗ ਅਤੇ ਕਸਰਤ ਕਰਦੇ ਸਨ। ਜਾਣਕਾਰੀ ਮੁਤਾਬਕ, ਘਟਨਾ ਵਾਲੇ ਦਿਨ ਸਵੇਰੇ ਉਨ੍ਹਾਂ ਦਾ ਅਲਾਰਮ ਲਗਾਤਾਰ ਵੱਜਦਾ ਰਿਹਾ, ਪਰ ਉਹ ਨਹੀਂ ਉੱਠੇ। ਇਸ ਤੋਂ ਬਾਅਦ ਉਨ੍ਹਾਂ ਦੀ ਮਾਂ ਜਦੋਂ ਉਨ੍ਹਾਂ ਨੂੰ ਜਗਾਉਣ ਲਈ ਕਮਰੇ ਵਿੱਚ ਗਈ ਤਾਂ ਉਨ੍ਹਾਂ ਦੀ ਹਾਲਤ ਦੇਖ ਕੇ ਹੈਰਾਨ ਰਹਿ ਗਈ। ਦੱਸਿਆ ਗਿਆ ਹੈ ਕਿ ਉਸ ਸਮੇਂ ਤੱਕ ਉਨ੍ਹਾਂ ਦੇ ਸਾਹ ਰੁਕ ਚੁੱਕੇ ਸਨ।
ਕਾਸਟਿੰਗ ਡਾਇਰੈਕਟਰ ਰੁਪੇਸ਼ ਸੋਨਾਰ ਨੇ ਸਾਂਝੀਆਂ ਕੀਤੀਆਂ ਯਾਦਾਂ
ਅਨੁਜ ਦੇ ਕਰੀਬੀ ਦੋਸਤ ਅਤੇ ਕਾਸਟਿੰਗ ਡਾਇਰੈਕਟਰ ਰੁਪੇਸ਼ ਸੋਨਾਰ ਨੇ ਉਨ੍ਹਾਂ ਦੇ ਦੇਹਾਂਤ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ 30 ਅਕਤੂਬਰ ਦੀ ਰਾਤ ਕਰੀਬ 8:30 ਵਜੇ ਇੱਕ ਦੋਸਤ ਰਾਹੀਂ ਇਸ ਘਟਨਾ ਬਾਰੇ ਪਤਾ ਲੱਗਾ। ਇਸ ਤੋਂ ਬਾਅਦ ਉਨ੍ਹਾਂ ਨੇ ਅਨੁਜ ਦੇ ਭਰਾ ਨਾਲ ਗੱਲ ਕਰਕੇ ਖ਼ਬਰ ਦੀ ਪੁਸ਼ਟੀ ਕੀਤੀ। ਰੁਪੇਸ਼ ਸੋਨਾਰ ਮੁਤਾਬਕ, ਉਨ੍ਹਾਂ ਦੀ ਅਨੁਜ ਨਾਲ ਦੋਸਤੀ ਸਾਲ 2008 ਵਿੱਚ ਸੀਰੀਅਲ ‘ਬੰਧਨ ਸੱਤ ਜਨਮਾਂ ਕਾ’ ਦੇ ਸੈੱਟ ’ਤੇ ਹੋਈ ਸੀ। ਦੋਵਾਂ ਵਿਚਕਾਰ ਭਰਾਵਾਂ ਵਰਗਾ ਪਿਆਰ ਅਤੇ ਰਿਸ਼ਤਾ ਸੀ। ਉਨ੍ਹਾਂ ਨੇ ਦੱਸਿਆ ਕਿ ਅਨੁਜ ਨਾਲ ਉਨ੍ਹਾਂ ਦੀ ਆਖਰੀ ਮੁਲਾਕਾਤ ਦੇਹਾਂਤ ਤੋਂ ਲਗਭਗ 10 ਦਿਨ ਪਹਿਲਾਂ ਹੋਈ ਸੀ। ਉਸ ਸਮੇਂ ਅਨੁਜ ਕਾਫ਼ੀ ਖੁਸ਼ ਸਨ ਅਤੇ ਮੁੜ ਅਦਾਕਾਰੀ ਦੀ ਦੁਨੀਆ ਵਿੱਚ ਵਾਪਸੀ ਕਰਨ ਦੀਆਂ ਤਿਆਰੀਆਂ ਕਰ ਰਹੇ ਸਨ। ਪਰਿਵਾਰਕ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਅਨੁਜ ਨੂੰ ਨੀਂਦ ਦੌਰਾਨ ਦੌਰਾ ਪਿਆ ਸੀ, ਜੋ ਉਨ੍ਹਾਂ ਲਈ ਘਾਤਕ ਸਾਬਤ ਹੋਇਆ।
ਕਈ ਮਸ਼ਹੂਰ ਟੀਵੀ ਸੀਰੀਅਲਾਂ ਵਿੱਚ ਕਰ ਚੁੱਕੇ ਸਨ ਕੰਮ
ਅਨੁਜ ਠਾਕੁਰ ਨੇ ਆਪਣੇ ਕਰੀਅਰ ਦੌਰਾਨ ਕਈ ਟੈਲੀਵਿਜ਼ਨ ਸੀਰੀਅਲਾਂ ਵਿੱਚ ਅਦਾਕਾਰੀ ਕੀਤੀ ਅਤੇ ਦਰਸ਼ਕਾਂ ਵਿੱਚ ਆਪਣੀ ਪਛਾਣ ਬਣਾਈ। ਉਨ੍ਹਾਂ ਦੇ ਪ੍ਰਮੁੱਖ ਸ਼ੋਅਜ਼ ਵਿੱਚ ‘ਧੂਮ ਮਚਾਓ ਧੂਮ’, ‘ਬੰਧਨ ਸੱਤ ਜਨਮਾਂ ਕਾ’, ‘ਬੇਂਦ ਬਨੂੰੰਗਾ ਘੋੜੀ ਚੜੂੰਗਾ’ ਅਤੇ ‘ਮਹਿਸਾਗਰ’ ਸ਼ਾਮਲ ਹਨ। ਉਨ੍ਹਾਂ ਦੇ ਬੇਵਕਤੀ ਦੇਹਾਂਤ ਨਾਲ ਟੀਵੀ ਇੰਡਸਟਰੀ ਨੇ ਇੱਕ ਅਜਿਹੇ ਕਲਾਕਾਰ ਨੂੰ ਗੁਆ ਦਿੱਤਾ ਹੈ, ਜੋ ਅਦਾਕਾਰੀ ਦੇ ਖੇਤਰ ਵਿੱਚ ਮੁੜ ਨਵੀਂ ਸ਼ੁਰੂਆਤ ਕਰਨ ਦੀਆਂ ਉਮੀਦਾਂ ਰੱਖਦੇ ਸਨ।
