ਮੋਹਾਲੀ, 29 ਸਤੰਬਰ, 2026 (ਹਰਸ਼ਪ੍ਰੀਤ ਕੌਰ) : ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਕਥਿਤ ਤੌਰ ’ਤੇ PR-6 ਸੜਕ ਪ੍ਰਾਜੈਕਟ ਲਈ ਜ਼ਮੀਨ ਦੇ ਮੁਆਵਜ਼ੇ ਵਿੱਚ ਹੋਈਆਂ ਬੇਨਿਯਮੀਆਂ ਨਾਲ ਸਬੰਧਤ ਮਾਮਲੇ ਵਿੱਚ ਰੀਅਲ ਅਸਟੇਟ ਡਿਵੈਲਪਰ TDI Infratech Ltd. ਦੇ ਮੋਹਾਲੀ ਸਥਿਤ ਦਫ਼ਤਰ ਵਿੱਚ ਦੇਰ ਰਾਤ ਤੱਕ ਜਾਂਚ ਕੀਤੀ ਗਈ। ਜਾਣਕਾਰੀ ਮੁਤਾਬਕ ED ਦੀ ਕਰੀਬ 15 ਮੈਂਬਰੀ ਟੀਮ ਸਵੇਰੇ ਸੈਕਟਰ-119 ਸਥਿਤ ਕੰਪਨੀ ਦੇ ਦਫ਼ਤਰ ਪਹੁੰਚੀ ਸੀ। ਅਧਿਕਾਰੀਆਂ ਵੱਲੋਂ ਦਫ਼ਤਰ ਵਿੱਚ ਦਸਤਾਵੇਜ਼ਾਂ ਅਤੇ ਹੋਰ ਰਿਕਾਰਡ ਦੀ ਜਾਂਚ ਕੀਤੀ ਗਈ ਅਤੇ ਇਹ ਕਾਰਵਾਈ ਦੇਰ ਰਾਤ ਤੱਕ ਜਾਰੀ ਰਹੀ। ਦੱਸਿਆ ਜਾ ਰਿਹਾ ਹੈ ਕਿ ਜਾਂਚ PR-6 ਸੜਕ ਪ੍ਰਾਜੈਕਟ ਨਾਲ ਜੁੜੇ ਜ਼ਮੀਨ ਮੁਆਵਜ਼ੇ ਦੇ ਮਾਮਲੇ ’ਤੇ ਕੇਂਦਰਿਤ ਹੈ। PR-6 ਮੋਹਾਲੀ ਵਿੱਚ ਪ੍ਰਸਤਾਵਿਤ ਲਗਭਗ 200 ਫੁੱਟ ਚੌੜੀ ਮੁੱਖ ਸੜਕ ਹੈ, ਜੋ ਏਅਰਪੋਰਟ ਰੋਡ ਸਥਿਤ ਸੈਕਟਰ-117 ਨੂੰ ਬਨੂੜ-ਲਾਂਡਰਾਂ ਰੋਡ ਨਾਲ ਜੋੜਨ ਲਈ ਯੋਜਨਾਬੱਧ ਹੈ।
ED ਵੱਲੋਂ ਕਥਿਤ ਤੌਰ ’ਤੇ ਇਸ ਗੱਲ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ ਕਿ ਜ਼ਮੀਨ ਐਕਵਾਇਰਮੈਂਟ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਜ਼ਮੀਨ ਟਰਾਂਸਫਰ ਕਰਕੇ ਲਗਭਗ 6 ਕਰੋੜ ਰੁਪਏ ਦੇ ਵਾਧੂ ਭੁਗਤਾਨ ਦਾ ਮਾਮਲਾ ਤਾਂ ਨਹੀਂ ਹੋਇਆ। ਇਸ ਤੋਂ ਇਲਾਵਾ ਜਾਂਚ ਵਿੱਚ ਜ਼ਮੀਨ ਦੀ ਵਰਤੋਂ ਬਦਲਣ (Change of Land Use—CLU) ਨਾਲ ਸਬੰਧਤ ਪਹਿਲੂਆਂ ਨੂੰ ਵੀ ਸ਼ਾਮਲ ਕੀਤੇ ਜਾਣ ਦੀ ਜਾਣਕਾਰੀ ਹੈ। ਹਾਲਾਂਕਿ, ED ਦੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮਾਮਲੇ ਨਾਲ ਜੁੜੇ ਤੱਥਾਂ ਅਤੇ ਅਗਲੀ ਕਾਰਵਾਈ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਆ ਸਕੇਗੀ।
