Home ਪੰਜਾਬ ਪੰਜਾਬੀ ਮਾਹ ਦੌਰਾਨ ਡਾ. ਸੁਖਵਿੰਦਰ ਸਿੰਘ ਪਰਮਾਰ ਦੀ ਪੁਸਤਕ ਦਾ ਅੱਠਵਾਂ ਐਡੀਸ਼ਨ...

ਪੰਜਾਬੀ ਮਾਹ ਦੌਰਾਨ ਡਾ. ਸੁਖਵਿੰਦਰ ਸਿੰਘ ਪਰਮਾਰ ਦੀ ਪੁਸਤਕ ਦਾ ਅੱਠਵਾਂ ਐਡੀਸ਼ਨ ਲੋਕ ਅਰਪਣ

Dr. Sukhwinder Singh Parmar’s book on Punjabi language, literature and culture released in its eighth edition during Punjabi Month in Sangrur.

0

ਸੰਗਰੂਰ, 19 ਨਵੰਬਰ, 2026  (ਗੁਰਮੀਤ ਸਿੰਘ ਤੁੰਗ ) : ਪੰਜਾਬ ਸਰਕਾਰ ਵੱਲੋਂ ਮਾਤ ਭਾਸ਼ਾ ਪੰਜਾਬੀ ਨੂੰ ਸਮਰਪਿਤ ਮਨਾਏ ਜਾ ਰਹੇ ‘ਪੰਜਾਬੀ ਮਾਹ’ ਤਹਿਤ ਜ਼ਿਲ੍ਹਾ ਭਾਸ਼ਾ ਅਫ਼ਸਰ ਮੈਡਮ ਰਾਬੀਆ ਦੀ ਅਗਵਾਈ ਅਤੇ ਸ. ਸੁਖਵਿੰਦਰ ਸਿੰਘ ਫੁੱਲ ਦੀ ਰਹਿਨੁਮਾਈ ਹੇਠ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਡਾ. ਸੁਖਵਿੰਦਰ ਸਿੰਘ ਪਰਮਾਰ ਦੀ ਪੁਸਤਕ ‘ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ: ਸੂਖਮ ਅਧਿਐਨ’ ਦਾ ਅੱਠਵਾਂ ਐਡੀਸ਼ਨ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਇੱਕ ਦਰਜਨ ਤੋਂ ਵੱਧ ਪੁਸਤਕਾਂ ਦੇ ਲੇਖਕ ਡਾ. ਸੁਖਵਿੰਦਰ ਸਿੰਘ ਪਰਮਾਰ ਨੇ ਪੁਸਤਕ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਪੁਸਤਕ ਪੰਜਾਬੀ ਭਾਸ਼ਾ ਨਾਲ ਸਬੰਧਤ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਈ ਹੈ। ਇਸ ਪੁਸਤਕ ਦੀ ਮਦਦ ਨਾਲ ਕਈ ਵਿਦਿਆਰਥੀਆਂ ਨੇ ਯੂ.ਜੀ.ਸੀ./ਐਨ.ਟੀ.ਏ. ਨੈੱਟ ਪੰਜਾਬੀ ਅਤੇ ਲੈਕਚਰਾਰ ਪੰਜਾਬੀ ਦੀਆਂ ਪ੍ਰੀਖਿਆਵਾਂ ਪਾਸ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀਆਂ ਮੌਜੂਦਾ ਲੋੜਾਂ ਅਤੇ ਨਵੇਂ ਸਿਲੇਬਸ ਨੂੰ ਧਿਆਨ ਵਿੱਚ ਰੱਖਦਿਆਂ ਇਸ ਨਵੇਂ ਐਡੀਸ਼ਨ ਵਿੱਚ ਹੋਰ ਸਮੱਗਰੀ ਸ਼ਾਮਲ ਕੀਤੀ ਗਈ ਹੈ।

ਪੁਸਤਕ ਲੋਕ ਅਰਪਣ ਕਰਨ ਮੌਕੇ ਪ੍ਰਧਾਨਗੀ ਮੰਡਲ ਵਿੱਚ ਐਸ.ਡੀ.ਐਮ. ਸੰਗਰੂਰ ਸ੍ਰੀ ਸਤੀਸ਼ ਚੰਦਰ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਪਵਨ ਹਰਚੰਦਪੁਰੀ, ਉੱਘੇ ਲੋਕ ਗਾਇਕ ਗੁਰਦਿਆਲ ਨਿਰਮਾਣ, ਪ੍ਰਸਿੱਧ ਕਹਾਣੀਕਾਰ ਜਸਵੀਰ ਰਾਣਾ, ਸ. ਗੁਰਤੇਜ ਸਿੰਘ ਰਣੀਕੇ, ਜ਼ਿਲ੍ਹਾ ਭਾਸ਼ਾ ਅਫ਼ਸਰ ਮੈਡਮ ਰਾਬੀਆ, ਸਕੱਤਰ ਜਸਵੰਤ ਸਿੰਘ ਖਹਿਰਾ, ਜਸਵਿੰਦਰ ਪ੍ਰਿੰਸ ਅਤੇ ਡਾ. ਭਗਵੰਤ ਸਿੰਘ ਸਮੇਤ ਹੋਰ ਸਾਹਿਤਕ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਮੌਕੇ ਖੋਜ ਅਤੇ ਚਿੰਤਨ ਆਧਾਰਿਤ ਸਾਹਿਤਕ ਕਾਰਜ ਲਈ ਡਾ. ਪਰਮਾਰ ਨੂੰ ਨਵੀਆਂ ਕਲਮਾਂ ਨੂੰ ਪ੍ਰੇਰਿਤ ਕਰਨ ਵਾਲੇ ਲੇਖਕਾਂ ਜੀਤ ਹਰਜੀਤ, ਨੂਰਦੀਪ ਕੋਮਲ, ਸੰਜੇ ਲਹਿਰੀ, ਕੁਲਵੰਤ ਖਨੌਰੀ, ਬਲਰਾਜ ਓਬਰਾਏ ਬਾਜੀ, ਪਰਮਜੀਤ ਢੀਂਗਰਾ ਅਤੇ ਪ੍ਰੋ. ਇਕਬਾਲ ਸਿੰਘ ਸਮੇਤ ਹੋਰ ਸਾਹਿਤਕਾਰਾਂ ਨੇ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ। ਸਮਾਗਮ ਦੌਰਾਨ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ-ਪ੍ਰਸਾਰ ਦੇ ਨਾਲ-ਨਾਲ ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਰੁਚੀ ਪੈਦਾ ਕਰਨ ਅਤੇ ਖੋਜਮਈ ਸਾਹਿਤਕ ਕਾਰਜਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ।

 

Exit mobile version