ਚੰਡੀਗੜ੍ਹ, 19 ਨਵੰਬਰ 2026 (ਸ਼ਹੀਦ-ਏ-ਆਜ਼ਮ-ਬਿਊਰੋ ): ਚੰਡੀਗੜ੍ਹ ਤੋਂ ਬਠਿੰਡਾ ਜਾਣ ਵਾਲੇ ਵਾਹਨ ਚਾਲਕਾਂ ਲਈ ਅਹਿਮ ਖ਼ਬਰ ਹੈ। ਪਟਿਆਲਾ ਬਾਈਪਾਸ ’ਤੇ ਨੈਸ਼ਨਲ ਹਾਈਵੇਅ-64 (ਨਵਾਂ NH-07) ਉੱਤੇ ਭਾਖੜਾ ਮੇਨ ਲਾਈਨ ਨਹਿਰ ’ਤੇ ਬਣਿਆ ਲਗਭਗ 60 ਮੀਟਰ ਲੰਬਾ ਸਟੀਲ ਟਰੱਸ ਪੁਲ ਅੱਜ ਸਵੇਰੇ ਕਰੀਬ 6 ਵਜੇ ਅਚਾਨਕ ਢਹਿ ਗਿਆ। ਇਹ ਪੁਲ ਸੜਕ ਦੇ ਖੱਬੇ ਪਾਸੇ (LHS) ਸਥਿਤ ਸੀ। ਇਸ ਘਟਨਾ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ।
ਪੁਲ ਡਿੱਗਣ ਦੀ ਘਟਨਾ ਤੋਂ ਬਾਅਦ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਅਥਾਰਟੀ ਅਨੁਸਾਰ ਘਟਨਾ ਤੋਂ ਤੁਰੰਤ ਬਾਅਦ NHAI ਦੀ ਇਨਸੀਡੈਂਟ ਮੈਨੇਜਮੈਂਟ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਖੱਬੇ ਪਾਸੇ ਤੋਂ ਲੰਘਣ ਵਾਲੀ ਆਵਾਜਾਈ ਨੂੰ ਸਰਵਿਸ ਰੋਡ ਰਾਹੀਂ ਮੋੜ ਦਿੱਤਾ ਗਿਆ। ਸੁਰੱਖਿਆ ਪ੍ਰਬੰਧਾਂ ਤਹਿਤ ਘਟਨਾ ਸਥਾਨ ’ਤੇ 24 ਘੰਟੇ ਰੋਡ ਸੇਫਟੀ ਮਾਰਸ਼ਲ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਟ੍ਰੈਫਿਕ ਪੁਲਿਸ ਵੱਲੋਂ ਬੈਰੀਕੇਡਿੰਗ ਕਰਕੇ ਵਾਹਨਾਂ ਦੀ ਆਵਾਜਾਈ ਨੂੰ ਨਿਯਮਤ ਕੀਤਾ ਜਾ ਰਿਹਾ ਹੈ। ਵਾਹਨ ਚਾਲਕਾਂ ਨੂੰ ਖ਼ਤਰੇ ਤੋਂ ਸੁਚੇਤ ਕਰਨ ਲਈ ਲੋੜੀਂਦੇ ਸਾਈਨ ਬੋਰਡ ਅਤੇ ਰੌਸ਼ਨੀ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਡਿੱਗੇ ਹੋਏ ਪੁਲ ਦੇ ਹਿੱਸੇ ਦੇ ਆਲੇ-ਦੁਆਲੇ ਵਿਊ ਕਰਟੇਨ ਵੀ ਲਗਾਏ ਜਾ ਰਹੇ ਹਨ ਤਾਂ ਜੋ ਪ੍ਰਭਾਵਿਤ ਖੇਤਰ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
NHAI ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਪਟਿਆਲਾ ਬਾਈਪਾਸ ਦਾ ਚਾਰ ਮਾਰਗੀ ਸੜਕ ਹਿੱਸਾ ਸਾਲ 2018 ਵਿੱਚ ਅਥਾਰਟੀ ਨੂੰ ਸੌਂਪਿਆ ਗਿਆ ਸੀ। ਇਸ ਦੇ ਨਿਰਮਾਣ ਦਾ ਕੰਮ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ (PWD) ਵੱਲੋਂ ਕਰਵਾਇਆ ਗਿਆ ਸੀ। ਮੌਜੂਦਾ ਸਮੇਂ ਇਹ ਸੜਕ ਹਿੱਸਾ NHAI ਦੇ ਸ਼ਾਰਟ-ਟਰਮ ਮੇਨਟੀਨੈਂਸ ਕੰਟਰੈਕਟ ਅਧੀਨ ਹੈ। ਅਥਾਰਟੀ ਅਨੁਸਾਰ ਡਿੱਗਿਆ ਹੋਇਆ ਖੱਬੇ ਪਾਸੇ ਦਾ ਪੁਲ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (BRO) ਵੱਲੋਂ ਪੰਜਾਬ ਸਰਕਾਰ ਦੇ PWD ਦੀ ਨਿਗਰਾਨੀ ਹੇਠ ਬਣਾਇਆ ਗਿਆ ਸੀ। NHAI ਨੇ ਭਰੋਸਾ ਦਿੱਤਾ ਹੈ ਕਿ ਸੜਕ ਉਪਭੋਗਤਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਆਵਾਜਾਈ ਨੂੰ ਸੁਚਾਰੂ ਰੱਖਣ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।
ਵਾਹਨ ਚਾਲਕਾਂ ਲਈ ਸਲਾਹ: ਚੰਡੀਗੜ੍ਹ-ਬਠਿੰਡਾ ਮਾਰਗ ’ਤੇ ਸਫ਼ਰ ਕਰਨ ਵਾਲੇ ਲੋਕ ਪਟਿਆਲਾ ਬਾਈਪਾਸ ਨੇੜੇ ਸਾਵਧਾਨੀ ਵਰਤਣ, ਟ੍ਰੈਫਿਕ ਪੁਲਿਸ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਸਰਵਿਸ ਰੋਡ ਰਾਹੀਂ ਕੀਤੇ ਗਏ ਡਾਇਵਰਸ਼ਨ ਦੀ ਵਰਤੋਂ ਕਰਨ।
