ਟਰੰਪ ਨੇ ਨਵੀਂ ਨਿਯੁਕਤੀ ’ਤੇ ਜਤਾਇਆ ਭਰੋਸਾ; ਕੇਟੀ ਜ਼ਖਾਰੀਆ ਪਹਿਲਾਂ ਟਰੰਪ ਮੀਡੀਆ ਐਂਡ ਟੈਕਨਾਲੋਜੀ ਗਰੁੱਪ ਵਿੱਚ ਸੀਨੀਅਰ ਸੰਚਾਰ ਸਲਾਹਕਾਰ ਵਜੋਂ ਨਿਭਾ ਰਹੀ ਸੀ ਜ਼ਿੰਮੇਵਾਰੀ
ਵਾਸ਼ਿੰਗਟਨ ਡੀ.ਸੀ., 10 ਅਕਤੂਬਰ, 2026 (ਹਰਸ਼ਪ੍ਰੀਤ ਕੌਰ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੇਟੀ ਜ਼ਖਾਰੀਆ ਨੂੰ ਵ੍ਹਾਈਟ ਹਾਊਸ ਦੀ ਨਵੀਂ ਪ੍ਰੈੱਸ ਸਕੱਤਰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਉਹ ਇਸ ਅਹੁਦੇ ’ਤੇ ਕੈਰੋਲਿਨ ਲੀਵਿਟ ਦੀ ਥਾਂ ਲੈਣਗੇ, ਜਿਨ੍ਹਾਂ ਨੇ ਅਗਸਤ ਵਿੱਚ ਇਹ ਅਹੁਦਾ ਛੱਡ ਦਿੱਤਾ ਸੀ। ਟਰੰਪ ਨੇ ਨਵੀਂ ਨਿਯੁਕਤੀ ’ਤੇ ਭਰੋਸਾ ਪ੍ਰਗਟ ਕਰਦਿਆਂ ਕਿਹਾ ਕਿ ਜ਼ਖਾਰੀਆ ਆਪਣੀ ਜ਼ਿੰਮੇਵਾਰੀ ਸ਼ਾਨਦਾਰ ਢੰਗ ਨਾਲ ਨਿਭਾਉਣਗੇ। ਵ੍ਹਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਜ਼ਖਾਰੀਆ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਇੱਕ ਚੰਗੀ ਸ਼ਖ਼ਸੀਅਤ ਦੱਸਿਆ। ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ’ਤੇ ਵੀ ਉਨ੍ਹਾਂ ਨੇ ਇਸ ਨਿਯੁਕਤੀ ਦਾ ਐਲਾਨ ਕਰਦਿਆਂ ਕਿਹਾ ਕਿ ਜ਼ਖਾਰੀਆ ਨੇ ਟਰੰਪ ਮੀਡੀਆ ਐਂਡ ਟੈਕਨਾਲੋਜੀ ਗਰੁੱਪ ਵਿੱਚ ਸੀਨੀਅਰ ਸੰਚਾਰ ਸਲਾਹਕਾਰ ਵਜੋਂ ਸ਼ਾਨਦਾਰ ਕੰਮ ਕੀਤਾ ਹੈ।
ਕੌਣ ਹਨ ਕੇਟੀ ਜ਼ਖਾਰੀਆ?
ਕੇਟੀ ਜ਼ਖਾਰੀਆ ਮੂਲ ਰੂਪ ਵਿੱਚ ਕੈਲੀਫੋਰਨੀਆ ਨਾਲ ਸਬੰਧਤ ਹਨ। ਉਨ੍ਹਾਂ ਨੇ ਪੈਪਰਡਾਈਨ ਯੂਨੀਵਰਸਿਟੀ ਅਤੇ ਪੈਪਰਡਾਈਨ ਕਾਰੂਸੋ ਸਕੂਲ ਆਫ਼ ਲਾਅ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ ਅਤੇ ਉਹ ਪੇਸ਼ੇ ਤੋਂ ਵਕੀਲ ਹਨ। ਟਰੰਪ ਅਨੁਸਾਰ, ਜ਼ਖਾਰੀਆ ਪਹਿਲਾਂ ਅਮਰੀਕਾ ਦੇ ਹੋਮਲੈਂਡ ਸਕਿਓਰਿਟੀ ਵਿਭਾਗ ਵਿੱਚ ਬੁਲਾਰੇ ਅਤੇ ਜਨਤਕ ਮਾਮਲਿਆਂ ਦੀ ਡਿਪਟੀ ਅਸਿਸਟੈਂਟ ਸਕੱਤਰ ਵਜੋਂ ਵੀ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ, ਉਹ ਫੌਕਸ ਨਿਊਜ਼ ਅਤੇ ਨਿਊਜ਼ਮੈਕਸ ਵਰਗੇ ਮੀਡੀਆ ਚੈਨਲਾਂ ’ਤੇ ਅਕਸਰ ਰਾਜਨੀਤਿਕ ਟਿੱਪਣੀਕਾਰ ਵਜੋਂ ਨਜ਼ਰ ਆਉਂਦੇ ਰਹੇ , ਜ਼ਖਾਰੀਆ ਨੇ ਪਹਿਲਾਂ ਟਰੰਪ ਦੇ ਸਹਿਯੋਗੀ ਰਿਚ ਗ੍ਰੇਨੇਲ ਵੱਲੋਂ ਸਥਾਪਿਤ ਗੈਰ-ਮੁਨਾਫ਼ਾ ਸੰਸਥਾ ‘ਫਿਕਸ ਕੈਲੀਫੋਰਨੀਆ’ ਵਿੱਚ ਜਨਰਲ ਕੌਂਸਲ ਵਜੋਂ ਕੰਮ ਕੀਤਾ ਹੈ। ਉਹ ‘ਵ੍ਹਾਈਟ ਰੋਜ਼ ਰੇਜ਼ਿਸਟੈਂਸ’ ਨਾਮਕ ਗਰੁੱਪ ਨਾਲ ਵੀ ਜੁੜੇ ਰਹੇ ਹਨ, ਜੋ ਗਰਭਪਾਤ ਵਿਰੋਧੀ ਮੁਹਿੰਮਾਂ ਨਾਲ ਸਬੰਧਤ ਹੈ। ਰਿਪੋਰਟ ਮੁਤਾਬਕ, ਉਨ੍ਹਾਂ ਨੇ ਬੀਜਿੰਗ ਵਿੱਚ ਵੀ ਕੁਝ ਸਾਲ ਕੰਮ ਕੀਤਾ ਅਤੇ ਚੀਨੀ ਭਾਸ਼ਾ ਦੀ ਮੁੱਢਲੀ ਜਾਣਕਾਰੀ ਹੋਣ ਦਾ ਦਾਅਵਾ ਕੀਤਾ ਹੈ।
ਟਰੰਪ ਨੇ ਕੈਰੋਲਿਨ ਲੀਵਿਟ ਦੀ ਵੀ ਕੀਤੀ ਪ੍ਰਸ਼ੰਸਾ
ਨਵੀਂ ਨਿਯੁਕਤੀ ਦਾ ਐਲਾਨ ਕਰਦਿਆਂ ਟਰੰਪ ਨੇ ਸਾਬਕਾ ਪ੍ਰੈੱਸ ਸਕੱਤਰ ਕੈਰੋਲਿਨ ਲੀਵਿਟ ਦੀ ਕਾਰਗੁਜ਼ਾਰੀ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਲੀਵਿਟ ਨੂੰ ਸ਼ਾਨਦਾਰ ਪ੍ਰੈੱਸ ਸਕੱਤਰ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਵਧੀਆ ਕੰਮ ਕੀਤਾ। ਲੀਵਿਟ ਟਰੰਪ ਦੀਆਂ ਭਰੋਸੇਮੰਦ ਸਲਾਹਕਾਰਾਂ ਵਿੱਚ ਸ਼ਾਮਲ ਰਹੇ ਹਨ ਅਤੇ ਕਈ ਵਾਰ ਮੁੱਖ ਧਾਰਾ ਦੇ ਮੀਡੀਆ ਅਦਾਰਿਆਂ ਨਾਲ ਤਿੱਖੀ ਬਹਿਸ ਕਾਰਨ ਸੁਰਖ਼ੀਆਂ ਵਿੱਚ ਰਹੇ ਹਨ। ਟਰੰਪ ਵੱਲੋਂ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਜਨਤਕ ਤੌਰ ’ਤੇ ਕਈ ਵਾਰ ਪ੍ਰਸ਼ੰਸਾ ਕੀਤੀ ਗਈ ਸੀ।
ਜ਼ਖਾਰੀਆ ਨੇ ਕਿਹਾ—ਲੀਵਿਟ ਵੱਲੋਂ ਕਾਇਮ ਕੀਤੇ ਮਿਆਰ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੀ
ਨਿਯੁਕਤੀ ਤੋਂ ਬਾਅਦ ਕੇਟੀ ਜ਼ਖਾਰੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਟਰੰਪ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਅਤੇ ਅਮਰੀਕੀ ਲੋਕਾਂ ਦੀ ਸੇਵਾ ਕਰਨਾ ਉਨ੍ਹਾਂ ਲਈ ਵੱਡੇ ਮਾਣ ਵਾਲੀ ਗੱਲ ਹੈ। ਜ਼ਖਾਰੀਆ ਨੇ ਕਿਹਾ ਕਿ ਉਨ੍ਹਾਂ ਦੀ ਤਰਜੀਹ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਅਮਰੀਕੀ ਲੋਕਾਂ ਤੱਕ ਪਹੁੰਚਾਉਣਾ ਅਤੇ ਪ੍ਰਸ਼ਾਸਨ ਦੇ ਕੰਮਕਾਜ ਬਾਰੇ ਜਾਣਕਾਰੀ ਦੇਣਾ ਹੋਵੇਗੀ। ਉਨ੍ਹਾਂ ਨੇ ਵ੍ਹਾਈਟ ਹਾਊਸ ਦੇ ਪੱਤਰਕਾਰਾਂ ਅਤੇ ਦੇਸ਼ ਭਰ ਦੇ ਰਿਪੋਰਟਰਾਂ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਕੈਰੋਲਿਨ ਲੀਵਿਟ ਨੇ ਇਸ ਅਹੁਦੇ ਲਈ ਉੱਚੇ ਮਿਆਰ ਕਾਇਮ ਕੀਤੇ ਹਨ ਅਤੇ ਉਨ੍ਹਾਂ ਦੀ ਥਾਂ ਕੰਮ ਕਰਨਾ ਇੱਕ ਵੱਡੀ ਜ਼ਿੰਮੇਵਾਰੀ ਹੋਵੇਗੀ।
ਮੱਧਕਾਲੀ ਚੋਣਾਂ ਤੋਂ ਪਹਿਲਾਂ ਅਹਿਮ ਨਿਯੁਕਤੀ
ਕੇਟੀ ਜ਼ਖਾਰੀਆ ਦੀ ਨਿਯੁਕਤੀ ਅਜਿਹੇ ਸਮੇਂ ਹੋਈ ਹੈ, ਜਦੋਂ ਟਰੰਪ ਪ੍ਰਸ਼ਾਸਨ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਦੀ ਤਿਆਰੀ ਵਿੱਚ ਰੁੱਝਿਆ ਹੋਇਆ ਹੈ। ਇਸ ਦੇ ਨਾਲ ਹੀ ਵ੍ਹਾਈਟ ਹਾਊਸ ਦੇ ਅੰਦਰ ਕੁਝ ਮੀਡੀਆ ਸੰਸਥਾਵਾਂ ਦੀ ਪਹੁੰਚ ’ਤੇ ਪਾਬੰਦੀ ਲਗਾਉਣ ਦੇ ਕਦਮਾਂ ਨੂੰ ਲੈ ਕੇ ਕਾਨੂੰਨੀ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਹਾਲਾਤ ਵਿੱਚ ਨਵੀਂ ਪ੍ਰੈੱਸ ਸਕੱਤਰ ਦੀ ਭੂਮਿਕਾ ਸਰਕਾਰ ਦੇ ਫ਼ੈਸਲਿਆਂ, ਨੀਤੀਆਂ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਵ੍ਹਾਈਟ ਹਾਊਸ ਅਤੇ ਮੀਡੀਆ ਵਿਚਕਾਰ ਸੰਚਾਰ ਨੂੰ ਸੰਭਾਲਣ ਲਈ ਅਹਿਮ ਰਹਿਣ ਦੀ ਉਮੀਦ ਹੈ।







