ਫਰੀਦਕੋਟ, 4 ਨਵੰਬਰ 2026 (ਚੌਧਰੀ ਪ੍ਰਭਜੀਤ ਸਿੰਘ): ਸਾਈਬਰ ਠੱਗਾਂ ਵੱਲੋਂ ਲੋਕਾਂ ਦੇ ਬੈਂਕ ਖਾਤਿਆਂ ਨੂੰ ਨਿਸ਼ਾਨਾ ਬਣਾਉਣ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਹੁਣ ਇਨ੍ਹਾਂ ਠੱਗਾਂ ਨੇ ਪੰਜਾਬ ਪੁਲਿਸ ਦੇ ਸੀ.ਆਈ.ਡੀ. ਵਿਭਾਗ ਵਿੱਚ ਤਾਇਨਾਤ ਇੱਕ ਮੁਲਾਜ਼ਮ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਫਰੀਦਕੋਟ ਵਿੱਚ ਵਾਪਰੀ ਇਸ ਘਟਨਾ ਦੌਰਾਨ ਅਣਪਛਾਤੇ ਸਾਈਬਰ ਅਪਰਾਧੀਆਂ ਨੇ ਮੁਲਾਜ਼ਮ ਦਾ ਮੋਬਾਈਲ ਫੋਨ ਹੈਕ ਕਰਕੇ ਉਸ ਦੇ ਐੱਚ.ਡੀ.ਐੱਫ.ਸੀ. ਬੈਂਕ ਖਾਤੇ ਵਿੱਚੋਂ 1 ਲੱਖ 90 ਹਜ਼ਾਰ ਰੁਪਏ ਕੱਢ ਲਏ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਡੋਗਰ ਬਸਤੀ, ਫਰੀਦਕੋਟ ਦੇ ਵਸਨੀਕ ਗੁਰਮੀਤ ਸਿੰਘ ਕੈਂਥ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਦੇ ਸੀ.ਆਈ.ਡੀ. ਵਿਭਾਗ ਵਿੱਚ ਤਾਇਨਾਤ ਹੈ। ਉਸ ਅਨੁਸਾਰ 17 ਅਕਤੂਬਰ ਨੂੰ ਦੁਪਹਿਰ ਕਰੀਬ 1 ਵਜੇ ਜਦੋਂ ਉਹ ਦਫ਼ਤਰ ਵਿੱਚ ਕੰਮ ਕਰ ਰਿਹਾ ਸੀ ਤਾਂ ਉਸ ਦਾ ਮੋਬਾਈਲ ਫੋਨ ਅਚਾਨਕ ਆਪਣੇ ਆਪ ਅਪਡੇਟ ਹੋਣ ਲੱਗ ਪਿਆ। ਅਪਡੇਟ ਪੂਰੀ ਹੋਣ ਮਗਰੋਂ ਫੋਨ ਆਪਣੇ ਆਪ ਚੱਲਣ ਲੱਗਾ। ਅਗਲੇ ਦਿਨ 18 ਅਕਤੂਬਰ ਨੂੰ ਵੀ ਲਗਭਗ ਇਸੇ ਸਮੇਂ ਮੋਬਾਈਲ ਫੋਨ ਦੁਬਾਰਾ ਅਪਡੇਟ ਹੋਇਆ ਅਤੇ ਫਿਰ ਆਪਣੇ ਆਪ ਕੰਮ ਕਰਨ ਲੱਗ ਪਿਆ। ਪੀੜਤ ਨੂੰ ਕੁਝ ਸਮੇਂ ਬਾਅਦ ਬੈਂਕ ਵੱਲੋਂ ਮੈਸੇਜ ਪ੍ਰਾਪਤ ਹੋਏ ਕਿ ਉਸ ਦੇ ਖਾਤੇ ਵਿੱਚੋਂ ਪਹਿਲਾਂ 45 ਹਜ਼ਾਰ ਅਤੇ ਫਿਰ 50 ਹਜ਼ਾਰ ਰੁਪਏ ਕੱਢੇ ਗਏ ਹਨ। ਜਦੋਂ ਉਸ ਨੇ ਗੂਗਲ ਪੇਅ ਰਾਹੀਂ ਖਾਤੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ 17 ਅਕਤੂਬਰ ਨੂੰ ਵੀ ਉਸ ਦੇ ਖਾਤੇ ਵਿੱਚੋਂ 95 ਹਜ਼ਾਰ ਰੁਪਏ ਦੀ ਨਿਕਾਸੀ ਹੋ ਚੁੱਕੀ ਸੀ। ਇਸ ਤਰ੍ਹਾਂ ਦੋ ਦਿਨਾਂ ਵਿੱਚ ਉਸ ਦੇ ਖਾਤੇ ਵਿੱਚੋਂ ਕੁੱਲ 1.90 ਲੱਖ ਰੁਪਏ ਗਾਇਬ ਹੋ ਗਏ।
ਘਟਨਾ ਦਾ ਪਤਾ ਲੱਗਣ ’ਤੇ ਗੁਰਮੀਤ ਸਿੰਘ ਨੇ ਤੁਰੰਤ ਸਾਈਬਰ ਅਪਰਾਧ ਹੈਲਪਲਾਈਨ ਨੰਬਰ 1930 ’ਤੇ ਸੰਪਰਕ ਕਰਕੇ ਸ਼ਿਕਾਇਤ ਦਰਜ ਕਰਵਾਈ। ਮੁੱਢਲੀ ਜਾਂਚ ਵਿੱਚ ਮੋਬਾਈਲ ਫੋਨ ਹੈਕ ਕਰਕੇ ਬੈਂਕ ਖਾਤੇ ਵਿੱਚੋਂ ਪੈਸੇ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ, ਕ੍ਰਾਈਮ ਵਿੰਗ ਮੋਹਾਲੀ ਵੱਲੋਂ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਜ਼ੀਰੋ ਐੱਫ.ਆਈ.ਆਰ. ਦਰਜ ਕੀਤੀ ਗਈ। ਬਾਅਦ ਵਿੱਚ ਥਾਣਾ ਸਾਈਬਰ ਕ੍ਰਾਈਮ ਫਰੀਦਕੋਟ ਵਿਖੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਠੱਗੀ ਰਾਹੀਂ ਕੱਢੀ ਗਈ ਰਕਮ ਕਿਹੜੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਗਈ। ਇਸ ਲਈ ਸਬੰਧਤ ਖਾਤਿਆਂ ਦੇ ਲੈਣ-ਦੇਣ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਦੇ ਯਤਨ ਜਾਰੀ ਹਨ।
