ਨਵੀਂ ਦਿੱਲੀ, 4 ਨਵੰਬਰ 2026 (ਛਤਰਪਾਲ ਸਿੰਘ): ਕਾਂਗਰਸ ਪਾਰਟੀ ਦੇ ਯੂਥ ਵਿੰਗ ਨੇ ਸੰਗਠਨਾਤਮਕ ਅਨੁਸ਼ਾਸਨ ਨੂੰ ਲੈ ਕੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਆਪਣੇ 83 ਅਹੁਦੇਦਾਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ 1 ਨਵੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇੰਡੀਆ ਗਠਜੋੜ ਵੱਲੋਂ ਕਰਵਾਈ ਗਈ ‘ਵੋਟ ਬਚਾਓ, ਦੇਸ਼ ਬਚਾਓ’ ਮਹਾਰੈਲੀ ਵਿੱਚ ਸ਼ਾਮਲ ਨਾ ਹੋਣ ਕਾਰਨ ਕੀਤੀ ਗਈ ਹੈ। ਯੂਥ ਕਾਂਗਰਸ ਵੱਲੋਂ ਕੀਤੀ ਗਈ ਇਸ ਕਾਰਵਾਈ ਦੀ ਲਪੇਟ ਵਿੱਚ ਤਿੰਨ ਸੂਬਿਆਂ ਦੇ ਅਹੁਦੇਦਾਰ ਆਏ ਹਨ। ਇਨ੍ਹਾਂ ਵਿੱਚ ਮੱਧ ਪ੍ਰਦੇਸ਼ ਦੇ 60, ਹਰਿਆਣਾ ਦੇ 10 ਅਤੇ ਹਿਮਾਚਲ ਪ੍ਰਦੇਸ਼ ਦੇ 13 ਆਗੂ ਸ਼ਾਮਲ ਹਨ। ਮੁਅੱਤਲ ਕੀਤੇ ਗਏ ਆਗੂਆਂ ਵਿੱਚ ਸੂਬਾ ਯੂਥ ਕਾਂਗਰਸ ਦੇ ਉਪ ਪ੍ਰਧਾਨਾਂ, ਜਨਰਲ ਸਕੱਤਰਾਂ ਅਤੇ ਸਕੱਤਰਾਂ ਸਮੇਤ ਸੀਨੀਅਰ ਅਹੁਦਿਆਂ ’ਤੇ ਤਾਇਨਾਤ ਆਗੂ ਵੀ ਹਨ। ਮੱਧ ਪ੍ਰਦੇਸ਼ ਯੂਥ ਕਾਂਗਰਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਹ ਫੈਸਲਾ ਭਾਰਤੀ ਯੂਥ ਕਾਂਗਰਸ ਦੀ ਕੌਮੀ ਲੀਡਰਸ਼ਿਪ ਦੇ ਨਿਰਦੇਸ਼ਾਂ ਅਨੁਸਾਰ ਲਿਆ ਗਿਆ ਹੈ। ਜਥੇਬੰਦੀ ਮੁਤਾਬਕ ਮਹਾਰੈਲੀ ਵਿੱਚ ਗੈਰ-ਹਾਜ਼ਰ ਰਹਿਣ ਨੂੰ ਗੰਭੀਰ ਸੰਗਠਨਾਤਮਕ ਅਨੁਸ਼ਾਸਨਹੀਣਤਾ ਮੰਨਿਆ ਗਿਆ ਹੈ। ਬਿਆਨ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਸਬੰਧਤ ਅਹੁਦੇਦਾਰਾਂ ਨੂੰ ਅਗਲੇ ਹੁਕਮਾਂ ਤੱਕ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ। ਯੂਥ ਕਾਂਗਰਸ ਦੀ ਇਸ ਕਾਰਵਾਈ ਨੂੰ ਸੰਗਠਨ ਵਿੱਚ ਅਨੁਸ਼ਾਸਨ ਕਾਇਮ ਰੱਖਣ ਅਤੇ ਕੌਮੀ ਲੀਡਰਸ਼ਿਪ ਦੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।
