ਹਰਿਆਣਾ, 24 ਅਗਸਤ 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੁੰਬਈ ਵਿੱਚ ਹੋਏ ‘ਹਰਿਆਣਾ 2.0 ਇਨਵੈਸਟਮੈਂਟ ਸਮਿਟ’ ਦੌਰਾਨ ਸੂਬੇ ਦੇ ਲੋਕਾਂ ਦੀ ਮਿਹਨਤ, ਇਮਾਨਦਾਰੀ ਅਤੇ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਦੀ ਸ਼ਲਾਘਾ ਕੀਤੀ। CM ਸੈਣੀ ਨੇ ਕਿਹਾ ਕਿ ਹਰਿਆਣਾ ਦੇ ਲੋਕਾਂ ਨੇ ਉਦਯੋਗ, ਖੇਡਾਂ ਅਤੇ ਦੇਸ਼ ਦੀ ਰੱਖਿਆ ਸਮੇਤ ਹਰ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਦੀ ਫੌਜ ਵਿੱਚ ਹਰ ਦਸਵਾਂ ਜਵਾਨ ਹਰਿਆਣਾ ਤੋਂ ਹੈ। ਖੇਡਾਂ ਵਿੱਚ ਹਰਿਆਣਾ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਸੈਣੀ ਨੇ ਕਿਹਾ ਕਿ ਓਲੰਪਿਕ, ਪੈਰਾਲੰਪਿਕ ਅਤੇ ਕਾਮਨਵੈਲਥ ਖੇਡਾਂ ਵਿੱਚ ਸੂਬੇ ਦੇ ਖਿਡਾਰੀ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਸੋਨ ਤਮਗਿਆਂ ਵਿੱਚ ਹਰਿਆਣਾ ਦੀ ਹਿੱਸੇਦਾਰੀ ਲਗਾਤਾਰ ਮਜ਼ਬੂਤ ਰਹੀ ਹੈ। ਸੈਣੀ ਨੇ ਮੁੰਬਈ ਵਿੱਚ ਹਰਿਆਣਾ ਤੋਂ ਆ ਕੇ ਉਦਯੋਗ ਸਥਾਪਤ ਕਰਨ ਵਾਲੇ ਉਦਯੋਗਪਤੀਆਂ ’ਤੇ ਵੀ ਮਾਣ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਲੋਕਾਂ ਨੇ ਆਪਣੀ ਮਿਹਨਤ ਅਤੇ ਉੱਦਮੀ ਸੋਚ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪਛਾਣ ਬਣਾਈ ਹੈ। ਇਸ ਤੋਂ ਬਾਅਦ CM ਸੈਣੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਵਿਚਕਾਰ ਤੀਜੀ ਪਾਣੀਪਤ ਦੀ ਲੜਾਈ ਨਾਲ ਜੁੜੇ ‘ਸ਼ੌਰਿਆ ਸਮਾਰਕ’ ਸਮੇਤ ਕਈ ਅਹਿਮ ਮੁੱਦਿਆਂ ’ਤੇ ਚਰਚਾ ਹੋਈ। ਇਹ ਸਮਾਰਕ ਕਾਲਾ ਅੰਬ ਵਿੱਚ 16 ਏਕੜ ਜ਼ਮੀਨ ’ਤੇ ਬਣਾਉਣ ਦੀ ਯੋਜਨਾ ਹੈ, ਜਿਸ ਲਈ ਹਰਿਆਣਾ ਅਤੇ ਮਹਾਰਾਸ਼ਟਰ ਸਰਕਾਰਾਂ ਮਿਲ ਕੇ ਕੰਮ ਕਰ ਰਹੀਆਂ ਹਨ।







