ਚੰਡੀਗੜ੍ਹ, 24 ਅਗਸਤ 2026 (ਹਰਸ਼ਪ੍ਰੀਤ ਕੌਰ) : ਭਾਜਪਾ ਦੇ ਕੌਮੀ ਜਨਰਲ ਸਕੱਤਰ (ਸੰਗਠਨ) BL ਸੰਤੋਸ਼ ਅੱਜ ਤੋਂ ਪੰਜਾਬ ਦੇ ਦੋ ਦਿਨਾਂ ਦੌਰੇ ’ਤੇ ਰਹਿਣਗੇ। ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਦਾ ਇਹ ਦੌਰਾ ਪਾਰਟੀ ਲਈ ਅਹਿਮ ਮੰਨਿਆ ਜਾ ਰਿਹਾ ਹੈ। ਆਪਣੇ ਦੌਰੇ ਦੌਰਾਨ BL ਸੰਤੋਸ਼ ਪਟਿਆਲਾ, ਜਲੰਧਰ, ਅੰਮ੍ਰਿਤਸਰ, ਬਠਿੰਡਾ ਅਤੇ ਲੁਧਿਆਣਾ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਸਾਬਕਾ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨਾਲ ਮੀਟਿੰਗਾਂ ਕਰਕੇ ਚੋਣੀ ਤਿਆਰੀਆਂ ਦਾ ਜਾਇਜ਼ਾ ਲੈਣਗੇ। ਮੀਟਿੰਗਾਂ ਵਿੱਚ ਸੂਬੇ ਦੀ ਮੌਜੂਦਾ ਸਿਆਸੀ ਸਥਿਤੀ, ਪਾਰਟੀ ਦੇ ਸੰਗਠਨ ਅਤੇ ਆਉਣ ਵਾਲੀਆਂ ਚੋਣਾਂ ਲਈ ਰਣਨੀਤੀ ’ਤੇ ਵੀ ਚਰਚਾ ਹੋਣ ਦੀ ਉਮੀਦ ਹੈ। ਦੌਰੇ ਤੋਂ ਬਾਅਦ BL ਸੰਤੋਸ਼ ਆਪਣੀ ਰਿਪੋਰਟ ਭਾਜਪਾ ਹਾਈਕਮਾਂਡ ਨੂੰ ਸੌਂਪਣਗੇ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੀ ਉਨ੍ਹਾਂ ਦੇ ਨਾਲ ਰਹਿਣਗੇ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ BL ਸੰਤੋਸ਼ ਦਾ ਪੰਜਾਬ ਪਹੁੰਚਣ ’ਤੇ ਸਵਾਗਤ ਕੀਤਾ ਹੈ।







