ਵਾਸ਼ਿੰਗਟਨ, 21 ਨਵੰਬਰ 2026 (ਛਤਰਪਾਲ ਸਿੰਘ ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੀ 7 ਫ਼ੀਸਦੀ ਜੀਡੀਪੀ ਵਿਕਾਸ ਦਰ ਅਤੇ ਭਾਰਤੀ ਰਿਜ਼ਰਵ ਬੈਂਕ (RBI) ਦੀਆਂ ਮੁਕਾਬਲਤਨ ਘੱਟ ਵਿਆਜ ਦਰਾਂ ਦਾ ਹਵਾਲਾ ਦਿੰਦਿਆਂ ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੀ ਵਿਆਜ ਦਰ ਨੀਤੀ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅਮਰੀਕਾ ਵਿੱਚ ਵੀ ਵਿਆਜ ਦਰਾਂ ਘਟਾਈਆਂ ਜਾਣ ਤਾਂ ਦੇਸ਼ ਦੀ ਆਰਥਿਕ ਵਿਕਾਸ ਦਰ 15 ਤੋਂ 20 ਫ਼ੀਸਦੀ ਤੱਕ ਪਹੁੰਚ ਸਕਦੀ ਹੈ। ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਫੈਡਰਲ ਰਿਜ਼ਰਵ ’ਤੇ ਸਿਆਸੀ ਪ੍ਰਭਾਵ ਹੇਠ ਕੰਮ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਜਦੋਂ ਵੀ ਅਮਰੀਕਾ ਦੇ ਆਰਥਿਕ ਅੰਕੜੇ ਚੰਗੇ ਆਉਂਦੇ ਹਨ ਤਾਂ ਫੈਡਰਲ ਰਿਜ਼ਰਵ ਵਿਆਜ ਦਰਾਂ ਵਧਾ ਦਿੰਦਾ ਹੈ, ਜਦਕਿ ਅਜਿਹੇ ਸਮੇਂ ਦਰਾਂ ਘਟਾ ਕੇ ਆਰਥਿਕ ਵਿਕਾਸ ਨੂੰ ਹੋਰ ਹੁਲਾਰਾ ਦੇਣਾ ਚਾਹੀਦਾ ਹੈ। ਟਰੰਪ ਮੁਤਾਬਕ ਮਜ਼ਬੂਤ ਆਰਥਿਕ ਪ੍ਰਦਰਸ਼ਨ ਦੇਸ਼ ਦੀ ਕਰਜ਼ਾ ਚੁਕਾਉਣ ਦੀ ਸਮਰੱਥਾ ਨੂੰ ਬਿਹਤਰ ਬਣਾਉਂਦਾ ਹੈ ਅਤੇ ਇਸ ਸਥਿਤੀ ਵਿੱਚ ਵਿਆਜ ਦਰਾਂ ਘੱਟ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਵਿਆਜ ਦਰਾਂ ਘੱਟ ਰੱਖੀਆਂ ਜਾਣ ਤਾਂ ਅਮਰੀਕਾ ਆਪਣਾ ਕਰਜ਼ਾ ਵੀ ਤੇਜ਼ੀ ਨਾਲ ਚੁਕਾ ਸਕਦਾ ਹੈ ਅਤੇ ਆਰਥਿਕ ਵਿਕਾਸ ਦੀ ਰਫ਼ਤਾਰ ਵਿੱਚ ਵੱਡਾ ਵਾਧਾ ਹੋ ਸਕਦਾ ਹੈ।
ਭਾਰਤ ਦੀ ਮਿਸਾਲ ਦਿੰਦਿਆਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਵਿੱਚ ਘੱਟ ਵਿਆਜ ਦਰਾਂ ਦੇ ਨਾਲ ਲਗਭਗ 7 ਫ਼ੀਸਦੀ ਜੀਡੀਪੀ ਵਿਕਾਸ ਦਰ ਦਰਜ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਤਰਕ ਸੀ ਕਿ ਜੇਕਰ ਅਮਰੀਕਾ ਵਿੱਚ ਵੀ ਇਸ ਤਰ੍ਹਾਂ ਦੀ ਨੀਤੀ ਅਪਣਾਈ ਜਾਵੇ ਤਾਂ ਉੱਥੇ ਆਰਥਿਕ ਵਿਕਾਸ ਦਰ 14, 15 ਜਾਂ 20 ਫ਼ੀਸਦੀ ਤੱਕ ਹੋ ਸਕਦੀ ਹੈ। ਟਰੰਪ ਨੇ ਇਹ ਵੀ ਕਿਹਾ ਕਿ ਵਿਸ਼ਵ ਅਰਥਵਿਵਸਥਾ ਵਿੱਚ ਅਮਰੀਕਾ ਦੀ ਅਹਿਮ ਭੂਮਿਕਾ ਹੈ ਅਤੇ ਕਈ ਦੇਸ਼ਾਂ ਦੀ ਆਰਥਿਕ ਤਰੱਕੀ ਵਿੱਚ ਅਮਰੀਕਾ ਦਾ ਯੋਗਦਾਨ ਰਿਹਾ ਹੈ। ਇਸ ਲਈ ਉਨ੍ਹਾਂ ਅਨੁਸਾਰ ਅਮਰੀਕਾ ਵਿੱਚ ਵਿਆਜ ਦਰਾਂ ਦੁਨੀਆ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਘੱਟ ਹੋਣੀਆਂ ਚਾਹੀਦੀਆਂ ਹਨ। ਜ਼ਿਕਰਯੋਗ ਹੈ ਕਿ ਟਰੰਪ ਦੀ ਇਹ ਬਿਆਨਬਾਜ਼ੀ ਅਜਿਹੇ ਸਮੇਂ ਆਈ ਹੈ ਜਦੋਂ ਅਮਰੀਕਾ ਵਿੱਚ ਮਹਿੰਗਾਈ ਦਰ ਫੈਡਰਲ ਰਿਜ਼ਰਵ ਵੱਲੋਂ ਤੈਅ ਕੀਤੇ 2 ਫ਼ੀਸਦੀ ਦੇ ਟੀਚੇ ਤੋਂ ਉੱਪਰ ਬਣੀ ਹੋਈ ਹੈ। ਉਪਲਬਧ ਅੰਕੜਿਆਂ ਅਨੁਸਾਰ ਸਤੰਬਰ ਵਿੱਚ ਸਾਲਾਨਾ ਪਰਸਨਲ ਕੰਜ਼ੰਪਸ਼ਨ ਐਕਸਪੈਂਡੀਚਰਜ਼ (PCE) ਮਹਿੰਗਾਈ ਦਰ 3.6 ਫ਼ੀਸਦੀ ਅਤੇ ਖੁਰਾਕ ਤੇ ਊਰਜਾ ਦੀਆਂ ਕੀਮਤਾਂ ਨੂੰ ਬਾਹਰ ਰੱਖ ਕੇ ਗਿਣੀ ਜਾਣ ਵਾਲੀ ਕੋਰ PCE ਮਹਿੰਗਾਈ ਦਰ 3.1 ਫ਼ੀਸਦੀ ਰਹੀ। ਆਰਥਿਕ ਮਾਹਿਰਾਂ ਲਈ ਇਹ ਮੁੱਦਾ ਅਹਿਮ ਹੈ ਕਿਉਂਕਿ ਵਿਆਜ ਦਰਾਂ ਵਿੱਚ ਕਟੌਤੀ ਨਾਲ ਕਰਜ਼ਾ ਲੈਣਾ ਸਸਤਾ ਹੋ ਸਕਦਾ ਹੈ ਅਤੇ ਨਿਵੇਸ਼ ਤੇ ਖਪਤ ਨੂੰ ਹੁਲਾਰਾ ਮਿਲ ਸਕਦਾ ਹੈ, ਪਰ ਇਸ ਦੇ ਨਾਲ ਮਹਿੰਗਾਈ ਵਧਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਫੈਡਰਲ ਰਿਜ਼ਰਵ ਦੀ ਮੁਦਰਾ ਨੀਤੀ ਵਿੱਚ ਮਹਿੰਗਾਈ ਨੂੰ ਕਾਬੂ ਕਰਨਾ ਵੀ ਇੱਕ ਪ੍ਰਮੁੱਖ ਉਦੇਸ਼ ਹੈ।
