ਚੰਡੀਗੜ੍ਹ, 20 ਅਗਸਤ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ 21 ਅਗਸਤ ਨੂੰ ਗੁਰੂਗ੍ਰਾਮ ਯੂਨੀਵਰਸਿਟੀ ਵਿੱਚ ਜੇਨ-ਜ਼ੀ ਉੱਦਮੀਆਂ ਨਾਲ ਸਿੱਧਾ ਸੰਵਾਦ ਕਰਨਗੇ। ਇਸ ਦੌਰਾਨ ਸਫ਼ਲ ਨੌਜਵਾਨ ਉੱਦਮੀਆਂ ਵੱਲੋਂ ਆਪਣਾ ਸਟਾਰਟਅੱਪ ਸ਼ੁਰੂ ਕਰਨ ਦੇ ਚਾਹਵਾਨ ਨੌਜਵਾਨਾਂ ਨੂੰ ਨਾ ਸਿਰਫ਼ ਸਟਾਰਟਅੱਪ ਦੀ ਸਥਾਪਨਾ ਸਬੰਧੀ ਅਗਵਾਈ ਦਿੱਤੀ ਜਾਵੇਗੀ, ਸਗੋਂ ਸਟਾਰਟਅੱਪ ਲਈ ਧਨ-ਰਾਸ਼ੀ, ਤਕਨੀਕੀ ਸਹਾਇਤਾ ਪ੍ਰਾਪਤ ਕਰਨ ਸਮੇਤ ਹੋਰ ਪੱਖਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਬੁੱਧਵਾਰ ਨੂੰ ਮੁੱਖ ਮੰਤਰੀ ਨਿਵਾਸ ਵਿਖੇ ਆਯੋਜਿਤ ਮੀਟਿੰਗ ਦੌਰਾਨ ਅਧਿਕਾਰੀਆਂ ਨੇ ਇਸ ਪ੍ਰੋਗਰਾਮ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ। ਇਸ ਦੌਰਾਨ ਮੁੱਖ ਮੰਤਰੀ ਦੇ ਓ.ਐੱਸ.ਡੀ. ਸ੍ਰੀ ਵੀਰੇਂਦਰ ਬੜਖਾਲਸਾ, ਡਾ. ਰਾਜ ਨਹਿਰੂ, ਵਧੀਕ ਮੁੱਖ ਸਕੱਤਰ ਡਾ. ਜੀ. ਅਨੁਪਮਾ, ਸ੍ਰੀ ਏ.ਕੇ. ਸਿੰਘ ਅਤੇ ਓ.ਐੱਸ.ਡੀ. ਸ੍ਰੀ ਵਿਵੇਕ ਕਾਲੀਆ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਕਿਹਾ ਕਿ ਜੇਨ-ਜ਼ੀ ਨਾਲ ਕੀਤੇ ਜਾਣ ਵਾਲੇ ਇਸ ਪ੍ਰੋਗਰਾਮ ਵਿੱਚ ਕਿਸੇ ਵੀ ਔਪਚਾਰਿਕਤਾ ਤੋਂ ਬਿਨਾਂ ਨੌਜਵਾਨਾਂ ਨਾਲ ਸਿੱਧਾ ਸੰਵਾਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਲੈ ਕੇ ਸਮਾਪਤੀ ਤੱਕ ਉਹ ਬਿਨਾਂ ਔਪਚਾਰਿਕਤਾ, ਨੌਜਵਾਨਾਂ ਨਾਲ ਰਹਿਣਾ ਅਤੇ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਪ੍ਰੋਗਰਾਮ ਵਿੱਚ 6 ਮਾਸਟਰ ਕਲਾਸ ਰੂਮ ਸਥਾਪਿਤ ਕੀਤੇ ਜਾਣਗੇ ਜਿਨ੍ਹਾਂ ਵਿੱਚ ਸਫ਼ਲ ਉੱਦਮੀ ਮਾਹਿਰਾਂ ਵਜੋਂ 50-50 ਬੱਚਿਆਂ ਦੇ ਗਰੁੱਪ ਨੂੰ ਸਟਾਰਟਅੱਪ ਦੀ ਸਥਾਪਨਾ ਅਤੇ ਹੋਰ ਪੱਖਾਂ ਬਾਰੇ ਸਿਖਲਾਈ ਦੇਣਗੇ ਅਤੇ ਉਨ੍ਹਾਂ ਨੂੰ ਦੱਸਣਗੇ ਕਿ ਕਿਸ ਤਰ੍ਹਾਂ ਕਿਸੇ ਸਟਾਰਟਅੱਪ ਨੂੰ ਜ਼ੀਰੋ ਤੋਂ ਲੈ ਕੇ ਨਵੀਆਂ ਬੁਲੰਦੀਆਂ ਤੱਕ ਪਹੁੰਚਾਇਆ ਜਾ ਸਕਦਾ ਹੈ। ਸਿਖਲਾਈ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਜਾਣਗੇ। ਬਾਅਦ ਵਿੱਚ ਇਨ੍ਹਾਂ ਨੌਜਵਾਨਾਂ ਨੂੰ ਐੱਮ.ਐੱਸ.ਐੱਮ.ਈ. ਨਾਲ ਲਿੰਕ ਕੀਤਾ ਜਾਵੇਗਾ ਜਿੱਥੇ ਇਹ ਸਟਾਰਟਅੱਪ ਦਾ ਵਿਹਾਰਕ ਗਿਆਨ ਪ੍ਰਾਪਤ ਕਰਨਗੇ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਇੱਕ ਸਟਾਰਟਅੱਪ ਰੂਮ ਵੀ ਸਥਾਪਿਤ ਕੀਤਾ ਜਾਵੇਗਾ ਜਿੱਥੇ 60 ਸਫ਼ਲ ਉੱਦਮੀ ਨੌਜਵਾਨਾਂ ਨੂੰ ਸਟਾਰਟਅੱਪ ਸ਼ੁਰੂ ਕਰਨ ਦੇ ਗੁਰ ਸਿਖਾਉਣਗੇ। ਇਸ ਦੌਰਾਨ ਬੈਂਕਾਂ ਵੱਲੋਂ ਕਰਜ਼ੇ ਸਬੰਧੀ ਅਤੇ ਹੁਨਰ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਵੀ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਇਸ ਪ੍ਰੋਗਰਾਮ ਦਾ ਆਯੋਜਨ ਉੱਚ ਸਿੱਖਿਆ ਵਿਭਾਗ, ਹੁਨਰ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਅਤੇ ਉਦਯੋਗ ਤੇ ਵਣਜ ਵਿਭਾਗ ਵੱਲੋਂ ਸਾਂਝੇ ਤੌਰ ‘ਤੇ ਕੀਤਾ ਜਾਵੇਗਾ।
ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ‘ਯੁਵਾ ਉੱਦਮੀ ਯਾਤਰਾ’ ਤਹਿਤ 2 ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਹ ਬੱਸਾਂ ਗੁਰੂਗ੍ਰਾਮ ਤੋਂ ਚੱਲ ਕੇ ਪ੍ਰਦੇਸ਼ ਦੇ ਹਰੇਕ ਜ਼ਿਲ੍ਹੇ ਵਿੱਚ ਕਾਲਜਾਂ, ਯੂਨੀਵਰਸਿਟੀਆਂ, ਆਈ.ਟੀ.ਆਈ., ਕੋਚਿੰਗ ਸੰਸਥਾਵਾਂ ਆਦਿ ਦੇ ਵਿਦਿਆਰਥੀਆਂ ਨੂੰ ਸਟਾਰਟਅੱਪ ਅਤੇ ਐਂਟਰਪ੍ਰੋਨਿਓਸ਼ਿਪ ਬਾਰੇ ਜਾਗਰੂਕ ਕਰੇਗੀ ਅਤੇ ਸਟਾਰਟਅੱਪ ਸ਼ੁਰੂ ਕਰਨ ਵਾਲੇ ਵਿਦਿਆਰਥੀਆਂ ਦੀਆਂ ਜਿਗਿਆਸਾਵਾਂ ਦਾ ਹੱਲ ਕਰਦਿਆਂ ਉਨ੍ਹਾਂ ਦੀ ਵਿਸ਼ੇਸ਼ ਤੌਰ ‘ਤੇ ਮਦਦ ਕਰਨਗੀਆਂ। ਇਹ ਯਾਤਰਾ ਦਸੰਬਰ ਤੱਕ ਚੱਲੇਗੀ। ਯਾਤਰਾ ਦੇ ਸਮਾਪਤ ਹੋਣ ‘ਤੇ ਦਸੰਬਰ ਵਿੱਚ ਜੇਨ-ਜ਼ੀ ਲਈ ਇੱਕ ਵੱਡਾ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ ਜਿਸ ਵਿੱਚ ‘ਯੁਵਾ ਉੱਦਮੀ ਯਾਤਰਾ’ ਤੋਂ ਲਾਭਪਾਤਰੀ ਹੋਏ ਨੌਜਵਾਨ ਭਾਗ ਲੈਣਗੇ।
ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ‘ਯੁਵਾ ਉੱਦਮੀ ਯਾਤਰਾ’ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੱਸਾਂ ਦਾ ਰੂਟ ਤੈਅ ਕਰਕੇ ਯਾਤਰਾ ਸਬੰਧੀ ਸਾਰੇ ਜ਼ਿਲ੍ਹਿਆਂ ਦੇ ਸਿੱਖਿਆ ਸੰਸਥਾਵਾਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾਵੇ ਅਤੇ ਜਿਸ ਸਿੱਖਿਆ ਸੰਸਥਾ ਵਿੱਚ ਬੱਸ ਜਾਵੇ ਉੱਥੋਂ ਦੇ ਵਿਦਿਆਰਥੀਆਂ ਨੂੰ ਵੀ ਇਹ ਜਾਣਕਾਰੀ ਦਿੱਤੀ ਜਾਵੇ ਕਿ ਉਹ ਆਪਣੇ ਸਟਾਰਟਅੱਪ ਦੇ ਆਈਡੀਆ ਨੂੰ ਮੂਰਤ ਰੂਪ ਦੇਣ ਲਈ ਕਿਸ ਤਰ੍ਹਾਂ ਇਸ ਯਾਤਰਾ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ। ਯਾਤਰਾ ਤੋਂ ਲਾਭਪਾਤਰੀ ਹੋਣ ਵਾਲੇ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿੱਥੇ ਵੀ ਯੁਵਾ ਉੱਦਮੀ ਯਾਤਰਾ ਦਾ ਪ੍ਰੋਗਰਾਮ ਹੋਵੇ ਉੱਥੇ ਪ੍ਰਦਰਸ਼ਨੀ ਲਗਾਈ ਜਾਵੇ, ਕਰਜ਼ਾ ਆਦਿ ਦੀ ਜਾਣਕਾਰੀ ਦੇਣ ਲਈ ਬੈਂਕਾਂ ਦਾ ਸਟਾਲ ਲਗਵਾਇਆ ਜਾਵੇ ਅਤੇ ਨੌਜਵਾਨਾਂ ਨੂੰ ਇਹ ਜਾਣਕਾਰੀ ਵੀ ਦਿੱਤੀ ਜਾਵੇ ਕਿ ਜੇਕਰ ਬਾਅਦ ਵਿੱਚ ਵੀ ਉਹ ਕਿਸੇ ਪ੍ਰਕਾਰ ਦੀ ਜਾਣਕਾਰੀ ਲੈਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕਿੱਥੇ ਸੰਪਰਕ ਕਰਨਾ ਹੋਵੇਗਾ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਆਉਣ ਵਾਲਾ ਸਮਾਂ ਨਵੀਂ ਤਕਨੀਕ, ਨਵੀਂ ਤਕਨਾਲੋਜੀ ਅਤੇ ਨਵੀਂ ਸੋਚ ਦਾ ਸਮਾਂ ਹੈ ਅਤੇ ਸਾਡਾ ਨੌਜਵਾਨ ਵਰਗ ਨੌਕਰੀ ਮੰਗਣ ਨਾਲੋਂ ਆਪਣਾ ਉੱਦਮ ਸਥਾਪਿਤ ਕਰਕੇ ਨੌਕਰੀਆਂ ਪੈਦਾ ਕਰਨ ਦੀ ਸੋਚ ਰੱਖਦਾ ਹੈ। ਨੌਜਵਾਨਾਂ ਦੀ ਇਸ ਸੋਚ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੇਂਦਰ ਅਤੇ ਪ੍ਰਦੇਸ਼ ਸਰਕਾਰ ਉਨ੍ਹਾਂ ਦੀ ਹਰ ਸੰਭਵ ਮਦਦ ਕਰੇਗੀ। ਇਸ ਦਿਸ਼ਾ ਵਿੱਚ ਜੇਨ-ਜ਼ੀ ਨਾਲ ਆਯੋਜਿਤ ਕੀਤਾ ਜਾਣ ਵਾਲਾ ਇਹ ਪ੍ਰੋਗਰਾਮ ਆਪਣਾ ਸਟਾਰਟਅੱਪ ਸ਼ੁਰੂ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਬਹੁਤ ਮਹੱਤਵਪੂਰਨ ਹੋਵੇਗਾ।
