ਚੰਡੀਗੜ੍ਹ, 20 ਅਗਸਤ, 2026 (ਸੰਜੀਵ ਸ਼ਰਮਾ) : ਪੰਚਕੂਲਾ ਵਿੱਚ ਕੱਲ੍ਹ ਹੋਈ ਭਾਰੀ ਬਾਰਿਸ਼ ਦੇ ਬਾਵਜੂਦ ਪੰਚਕੂਲਾ ਮਹਾਨਗਰ ਵਿਕਾਸ ਅਥਾਰਟੀ (PMDA) ਵੱਲੋਂ ਪਹਿਲਾਂ ਤੋਂ ਕੀਤੀਆਂ ਤਿਆਰੀਆਂ ਅਤੇ ਤੁਰੰਤ ਕੀਤੀ ਗਈ ਕਾਰਵਾਈ ਦੇ ਕਾਰਨ ਸ਼ਹਿਰ ਵਿੱਚ ਕਿਤੇ ਵੀ ਵੱਡੇ ਪੱਧਰ ‘ਤੇ ਜਲ-ਭਰਾਅ ਨਹੀਂ ਹੋਇਆ। ਬਾਰਿਸ਼ ਦੇ ਪਾਣੀ ਦੀ ਨਿਕਾਸੀ ਦੀ ਵਿਵਸਥਾ ਸੁਚਾਰੂ ਰਹੀ ਅਤੇ ਲੋਕਾਂ ਨੂੰ ਕਿਸੇ ਵੱਡੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਪੀਐਮਡੀਏ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਕੇ.ਐਮ. ਪਾਂਡੂਰੰਗ ਦੇ ਨਿਰਦੇਸ਼ਾਂ ‘ਤੇ ਅਥਾਰਟੀ ਦੀ ਇੰਜੀਨੀਅਰਿੰਗ ਅਤੇ ਮੈਦਾਨੀ ਟੀਮਾਂ ਪੂਰੀ ਤਰ੍ਹਾਂ ਸੁਚੇਤ ਰਹੀਆਂ। ਪਾਣੀ ਜਮ੍ਹਾਂ ਹੋਣ ਦੀ ਸੰਭਾਵਨਾ ਵਾਲੇ ਸਥਾਨਾਂ ‘ਤੇ ਲਗਾਤਾਰ ਨਜ਼ਰ ਰੱਖੀ ਗਈ। ਜਿੱਥੇ ਵੀ ਪਾਣੀ ਜਮ੍ਹਾਂ ਹੋਣ ਦੀ ਸੂਚਨਾ ਮਿਲੀ ਜਾਂ ਪਾਣੀ ਜਮ੍ਹਾਂ ਹੋਣ ਦਾ ਖ਼ਦਸ਼ਾ ਸੀ, ਉੱਥੇ ਟੀਮਾਂ ਤੁਰੰਤ ਪਹੁੰਚੀਆਂ ਅਤੇ ਪਾਣੀ ਦੀ ਨਿਕਾਸੀ ਕਰਵਾਈ।
ਬਾਰਿਸ਼ ਤੋਂ ਪਹਿਲਾਂ ਹੀ ਪਾਣੀ ਦੀ ਨਿਕਾਸੀ ਦੀ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਸੜਕਾਂ ਦੇ ਕਿਨਾਰੇ ਬਣੇ ਪਾਣੀ ਨਿਕਾਸੀ ਲਾਂਘਿਆਂ ਦੀ ਚੰਗੀ ਤਰ੍ਹਾਂ ਸਫ਼ਾਈ ਅਤੇ ਮੁਰੰਮਤ ਕਰਵਾਈ ਗਈ ਸੀ। ਜਿੱਥੇ ਲੋੜ ਸੀ, ਉੱਥੇ ਨਵੇਂ ਪਾਣੀ ਨਿਕਾਸੀ ਰਸਤੇ ਵੀ ਬਣਾਏ ਗਏ। ਚੌਕ-ਚੌਰਾਹਿਆਂ ਅਤੇ ਪਾਣੀ ਜਮ੍ਹਾਂ ਹੋਣ ਦੇ ਖ਼ਦਸ਼ੇ ਵਾਲੇ ਹੋਰ ਸਥਾਨਾਂ ‘ਤੇ ਵੀ ਜਲ ਨਿਕਾਸੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਸ਼ਹਿਰ ਵਿੱਚ ਬਾਰਿਸ਼ ਦੇ ਪਾਣੀ ਦੀ ਨਿਕਾਸੀ ਲਈ ਬਣੇ ਮੁੱਖ ਨਾਲਿਆਂ ਅਤੇ ਭੂਮੀਗਤ (Underground) ਨਿਕਾਸੀ ਪ੍ਰਣਾਲੀ ਦੀ ਵੀ ਸਫ਼ਾਈ ਕਰਵਾਈ ਗਈ ਸੀ। ਬਾਰਿਸ਼ ਸ਼ੁਰੂ ਹੋਣ ਤੋਂ ਪਹਿਲਾਂ ਨਾਲਿਆਂ ਦੀ ਦੋ ਤੋਂ ਤਿੰਨ ਵਾਰ ਗਾਰ (ਗਾਦ) ਕੱਢ ਕੇ ਸਫ਼ਾਈ ਕੀਤੀ ਗਈ, ਤਾਂ ਜੋ ਤੇਜ਼ ਬਾਰਿਸ਼ ਦੌਰਾਨ ਪਾਣੀ ਆਸਾਨੀ ਨਾਲ ਨਿਕਲ ਸਕੇ। ਭਾਰੀ ਬਾਰਿਸ਼ ਦੌਰਾਨ ਪੀਐੱਮਡੀਏ ਦੀਆਂ ਵੱਖ-ਵੱਖ ਟੀਮਾਂ ਦਿਨ-ਰਾਤ ਮੌਕੇ ‘ਤੇ ਤਾਇਨਾਤ ਰਹੀਆਂ। ਪਾਣੀ ਨਿਕਾਸੀ ਦੇ ਰਸਤਿਆਂ ਵਿੱਚ ਕਿਤੇ ਵੀ ਕਚਰਾ ਜਾਂ ਹੋਰ ਰੁਕਾਵਟ ਮਿਲਣ ‘ਤੇ ਉਸਨੂੰ ਤੁਰੰਤ ਹਟਾਇਆ ਗਿਆ। ਕਿਸੇ ਵੀ ਸਥਾਨ ‘ਤੇ ਪਾਣੀ ਜਮ੍ਹਾਂ ਹੋਣ ਦੀ ਸਥਿਤੀ ਵਿੱਚ ਟੀਮਾਂ ਨੇ ਬਿਨਾਂ ਦੇਰੀ ਦੇ ਕਾਰਵਾਈ ਕੀਤੀ।
ਘੱਗਰ ਨਦੀ ਦੇ ਕਿਨਾਰਿਆਂ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ। ਨਦੀ ਦੇ ਕਿਨਾਰਿਆਂ ਨੂੰ ਪਹਿਲਾਂ ਤੋਂ ਮਜ਼ਬੂਤ ਕੀਤਾ ਗਿਆ ਸੀ, ਤਾਂ ਜੋ ਤੇਜ਼ ਵਹਾਅ ਦੇ ਕਾਰਨ ਮਿੱਟੀ ਦਾ ਖੋਰ (ਕਟਾਅ) ਨਾ ਹੋਵੇ ਅਤੇ ਆਸ-ਪਾਸ ਦੇ ਖੇਤਰਾਂ ਦੀ ਸੁਰੱਖਿਆ ਬਣੀ ਰਹੇ। ਪੀਐੱਮਡੀਏ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਕੇ.ਐਮ. ਪਾਂਡੂਰੰਗ ਨੇ ਖ਼ੁਦ ਇੰਜੀਨੀਅਰਿੰਗ ਟੀਮ ਨਾਲ ਪੰਚਕੂਲਾ ਦੀਆਂ ਵੱਖ-ਵੱਖ ਸੜਕਾਂ ਅਤੇ ਸੰਵੇਦਨਸ਼ੀਲ ਸਥਾਨਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਪਾਣੀ ਨਿਕਾਸੀ ਦੀ ਵਿਵਸਥਾ ਦਾ ਮੌਕੇ ‘ਤੇ ਨਿਰੀਖਣ ਕੀਤਾ ਅਤੇ ਜਿੱਥੇ ਵੀ ਲੋੜ ਸੀ, ਉੱਥੇ ਤੁਰੰਤ ਪਾਣੀ ਕੱਢਣ ਦੇ ਨਿਰਦੇਸ਼ ਦਿੱਤੇ। ਪੀਐਮਡੀਏ ਦੀਆਂ ਪਹਿਲਾਂ ਤੋਂ ਕੀਤੀਆਂ ਤਿਆਰੀਆਂ, ਲਗਾਤਾਰ ਨਿਗਰਾਨੀ ਅਤੇ ਮੌਕੇ ‘ਤੇ ਤੁਰੰਤ ਕਾਰਵਾਈ ਦੇ ਕਾਰਨ ਭਾਰੀ ਬਾਰਿਸ਼ ਦੇ ਬਾਵਜੂਦ ਪੰਚਕੂਲਾ ਵਿੱਚ ਕਿਸੇ ਵੱਡੇ ਜਲ-ਭਰਾਅ ਦੀ ਸਥਿਤੀ ਨਹੀਂ ਬਣੀ ਅਤੇ ਨਾ ਹੀ ਕਿਸੇ ਅਣਸੁਖਾਵੀਂ ਘਟਨਾ ਦੀ ਸੂਚਨਾ ਮਿਲੀ।
