ਚੰਡੀਗੜ੍ਹ, 20 ਅਗਸਤ, 2026 (ਸੰਜੀਵ ਸ਼ਰਮਾ) : ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਬਦਲਦੇ ਮੌਸਮ ਦੇ ਚੱਲਦਿਆਂ ਸਵਾਈਨ ਫਲੂ ਤੋਂ ਬਚਾਅ ਲਈ ਆਮ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ ਅਤੇ ਇਸ ਤੋਂ ਬਚਾਅ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਅਤੇ ਨਾਗਰਿਕਾਂ ਨੂੰ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ। ਇੱਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਅਨੁਸਾਰ ਸਵਾਈਨ ਫਲੂ ਦੇ ਮੁੱਖ ਲੱਛਣਾਂ ਵਿੱਚ ਬੁਖਾਰ, ਖੰਘ, ਗਲੇ ਵਿੱਚ ਖਰਾਸ਼, ਨੱਕ ਵਗਣਾ ਜਾਂ ਬੰਦ ਹੋਣਾ, ਸਾਹ ਲੈਣ ਵਿੱਚ ਪਰੇਸ਼ਾਨੀ, ਸਿਰਦਰਦ, ਸਰੀਰ ਤੇ ਜੋੜਾਂ ਵਿੱਚ ਦਰਦ, ਕਮਜ਼ੋਰੀ ਅਤੇ ਭੁੱਖ ਘੱਟ ਲੱਗਣਾ, ਜੀਅ ਕੱਚਾ ਹੋਣਾ, ਉਲਟੀ ਅਤੇ ਦੱਸ ਸ਼ਾਮਲ ਹਨ। ਬੁਖਾਰ, ਖੰਘ ਜਾਂ ਛਿੱਕ ਵਰਗੇ ਲੱਛਣ ਹੋਣ ਤਾਂ ਜਨਤਕ ਥਾਵਾਂ ਤੋਂ ਦੂਰੀ ਬਣਾ ਕੇ ਰੱਖੋ, ਤਾਂ ਜੋ ਲਾਗ ਫੈਲਣ ਦਾ ਖਤਰਾ ਘੱਟ ਕੀਤਾ ਜਾ ਸਕੇ। ਬਚਾਅ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੋ।
ਉਨ੍ਹਾਂ ਦੱਸਿਆ ਕਿ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਖੰਘਦੇ ਜਾਂ ਛਿੱਕਦੇ ਸਮੇਂ ਮੂੰਹ ਅਤੇ ਨੱਕ ਨੂੰ ਰੁਮਾਲ ਨਾਲ ਢੱਕੋ। ਹੱਥਾਂ ਨੂੰ ਵਾਰ-ਵਾਰ ਸਾਬਣ ਅਤੇ ਪਾਣੀ ਨਾਲ ਧੋਵੋ। ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣ ਦੇ ਨਾਲ ਪੌਸ਼ਟਿਕ ਭੋਜਨ ਲਓ। ਪੂਰੀ ਨੀਂਦ ਲਓ ਅਤੇ ਆਰਾਮ ਕਰੋ। ਜੇਕਰ ਬੁਖਾਰ, ਖੰਘ ਜਾਂ ਛਿੱਕ ਵਰਗੇ ਲੱਛਣ ਹੋਣ ਤਾਂ ਜਨਤਕ ਥਾਵਾਂ ਤੋਂ ਦੂਰੀ ਬਣਾ ਕੇ ਰੱਖੋ, ਤਾਂ ਜੋ ਲਾਗ ਫੈਲਣ ਦਾ ਖਤਰਾ ਘੱਟ ਕੀਤਾ ਜਾ ਸਕੇ। ਬੁਲਾਰੇ ਨੇ ਦੱਸਿਆ ਕਿ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਸਵਾਈਨ ਫਲੂ ਤੋਂ ਬਚਾਅ ਲਈ ਲੋਕਾਂ ਨੂੰ ਹੱਥ ਮਿਲਾਉਣ ਜਾਂ ਹੋਰ ਸੰਪਰਕ ਵਾਲੇ ਸਵਾਗਤ ਤੋਂ ਬਚਣ, ਜਨਤਕ ਥਾਵਾਂ ‘ਤੇ ਨਾ ਥੁੱਕਣ ਅਤੇ ਬਿਨਾਂ ਡਾਕਟਰੀ ਸਲਾਹ ਦੇ ਦਵਾਈਆਂ ਨਾ ਲੈਣ ਦੀ ਸਲਾਹ ਦਿੱਤੀ ਗਈ ਹੈ। ਸਿਹਤ ਵਿਭਾਗ ਨੇ ਕਿਹਾ ਕਿ ਸਵਾਈਨ ਫਲੂ ਨਾਲ ਸਬੰਧਤ ਲੱਛਣ ਦਿਖਾਈ ਦੇਣ ‘ਤੇ ਲਾਪਰਵਾਹੀ ਨਾ ਵਰਤੋ। ਤੁਰੰਤ ਡਾਕਟਰ ਨਾਲ ਸੰਪਰਕ ਕਰਕੇ ਉਚਿਤ ਜਾਂਚ ਅਤੇ ਇਲਾਜ ਕਰਵਾਓ। ਨਿੱਜੀ ਸਾਫ਼-ਸਫ਼ਾਈ ਦਾ ਧਿਆਨ ਰੱਖੋ ਅਤੇ ਬਚਾਅ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੋ।
