ਸੋਮਨਾਥ ਮੰਦਰ ਤੋਂ ਬਾਅਦ ਥਾਨੇਸਰ ਦਾ ਇਤਿਹਾਸਕ ਚੱਕਰ ਸਵਾਮੀ ਮੰਦਰ ਸੀ ਸਭ ਤੋਂ ਵੱਡੇ ਮੰਦਰਾਂ ਵਿੱਚੋਂ ਇੱਕ; 1014 ਵਿੱਚ ਮਹਿਮੂਦ ਗਜ਼ਨਵੀ ਨੇ ਮੰਦਰ ਨੂੰ ਲੁੱਟਿਆ ਸੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਯਤਨਾਂ ਸਦਕਾ ਚੱਕਰ ਸਵਾਮੀ ਦੀ ਮੂਲ ਮੂਰਤੀ ਅਫ਼ਗਾਨਿਸਤਾਨ ਤੋਂ ਵਾਪਸ ਲਿਆਉਣ ਦੀ ਕੋਸ਼ਿਸ਼ ਸ਼ੁਰੂ।
ਕੁਰੂਕਸ਼ੇਤਰ, 18 ਨਵੰਬਰ (ਸੰਜੀਵ ਸ਼ਰਮਾ): ਹਰਿਆਣਾ ਸਰਸਵਤੀ ਬੋਰਡ ਦੇ ਉਪ ਚੇਅਰਮੈਨ ਧੂਮਨ ਸਿੰਘ ਕਿਰਮਚ ਨੇ ਕਿਹਾ ਕਿ ਸਾਡੇ ਦੇਸ਼ ਦੀ ਸਰਸਵਤੀ-ਸਿੰਧੂ ਘਾਟੀ ਦੀ ਸਭਿਅਤਾ ਮੇਸੋਪੋਟਾਮੀਆ ਅਤੇ ਮਿਸਰ ਦੀਆਂ ਸਭਿਅਤਾਵਾਂ ਤੋਂ ਵੀ ਪੁਰਾਣੀ ਹੈ। ਇਸ ਮਹਾਨ ਸਭਿਅਤਾ ਨਾਲ ਆਮ ਲੋਕਾਂ ਨੂੰ ਜਾਣੂ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕਰਕੇ ਇੱਕ ਵਿਸ਼ੇਸ਼ ਸੁਝਾਅ ਰੱਖਿਆ ਗਿਆ ਹੈ। ਇਸ ਯੋਜਨਾ ਤਹਿਤ ਸਰਸਵਤੀ ਨਦੀ ਦੇ ਕੰਢੇ ਸਥਿਤ ਸਾਰੀਆਂ ਪ੍ਰਾਚੀਨ ਇਤਿਹਾਸਕ ਧਰੋਹਰਾਂ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਤਾਂ ਜੋ ਲੋਕ ਸਰਸਵਤੀ-ਸਿੰਧੂ ਘਾਟੀ ਦੀ ਸਭਿਅਤਾ ਦੀ ਅਮੀਰ ਵਿਰਾਸਤ ਤੋਂ ਜਾਣੂ ਹੋ ਸਕਣ।
ਉਨ੍ਹਾਂ ਦੱਸਿਆ ਕਿ ਕੁਰੂਕਸ਼ੇਤਰ ਵਿੱਚ ਭਗਵਾਨ ਚੱਕਰ ਸਵਾਮੀ ਦਾ ਇੱਕ ਬਹੁਤ ਹੀ ਪ੍ਰਾਚੀਨ ਮੰਦਰ ਹੁੰਦਾ ਸੀ। ਇਸ ਮੰਦਰ ਵਿੱਚ ਸਥਾਪਿਤ ਭਗਵਾਨ ਦੀ ਮੂਲ ਮੂਰਤੀ ਦੇ ਅਫ਼ਗਾਨਿਸਤਾਨ ਵਿੱਚ ਮੌਜੂਦ ਹੋਣ ਦੇ ਇਤਿਹਾਸਕ ਸਬੂਤ ਮਿਲਦੇ ਹਨ। ਉਪ ਚੇਅਰਮੈਨ ਧੂਮਨ ਸਿੰਘ ਕਿਰਮਚ ਬੁੱਧਵਾਰ ਨੂੰ ਸਥਾਨਕ ਜਾਟ ਧਰਮਸ਼ਾਲਾ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਗਈ ਹੈ ਕਿ ਅਫ਼ਗਾਨਿਸਤਾਨ ਵਿੱਚ ਮੌਜੂਦ ਭਗਵਾਨ ਚੱਕਰ ਸਵਾਮੀ ਦੀ ਇਤਿਹਾਸਕ ਮੂਰਤੀ ਦੀ ਪਛਾਣ, ਸੰਭਾਲ ਅਤੇ ਭਾਰਤ ਵਾਪਸੀ ਲਈ ਕੂਟਨੀਤਕ ਪੱਧਰ ’ਤੇ ਲੋੜੀਂਦੇ ਕਦਮ ਚੁੱਕੇ ਜਾਣ। ਉਨ੍ਹਾਂ ਇਸ ਸਬੰਧੀ ਵਿਦੇਸ਼ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਭਗਵਾਨ ਚੱਕਰ ਸਵਾਮੀ ਦੀ ਮੂਰਤੀ ਨੂੰ ਭਾਰਤ ਵਾਪਸ ਲਿਆਉਣ ਲਈ ਅਫ਼ਗਾਨਿਸਤਾਨ ਸਰਕਾਰ ਨਾਲ ਕੂਟਨੀਤਕ ਗੱਲਬਾਤ ਸ਼ੁਰੂ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਭਗਵਾਨ ਚੱਕਰ ਸਵਾਮੀ (ਚੱਕਰਸਵਾਮਿਨ) ਦੀ ਇਤਿਹਾਸਕ ਮੂਰਤੀ ਮੂਲ ਰੂਪ ਵਿੱਚ ਮੌਜੂਦਾ ਕੁਰੂਕਸ਼ੇਤਰ ਅਤੇ ਉਸ ਸਮੇਂ ਦੇ ਥਾਨੇਸਰ ਦੀ ਪਵਿੱਤਰ ਧਰਤੀ ਨਾਲ ਸਬੰਧਤ ਸੀ। ਇਤਿਹਾਸਕ ਵੇਰਵਿਆਂ ਅਨੁਸਾਰ 11ਵੀਂ ਸਦੀ ਵਿੱਚ ਮਹਿਮੂਦ ਗਜ਼ਨਵੀ ਦੇ ਥਾਨੇਸਰ ’ਤੇ ਹਮਲੇ ਦੌਰਾਨ ਭਗਵਾਨ ਚੱਕਰ ਸਵਾਮੀ ਦੇ ਮੰਦਰ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਅਤੇ ਮੰਦਰ ਦੀ ਮੁੱਖ ਕਾਂਸੀ ਦੀ ਮੂਰਤੀ ਨੂੰ ਗਜ਼ਨੀ ਲਿਜਾਇਆ ਗਿਆ ਸੀ। ਉਨ੍ਹਾਂ ਪ੍ਰਸਿੱਧ ਇਤਿਹਾਸਕਾਰ ਅਲਬਰੂਨੀ ਦੀਆਂ ਲਿਖਤਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਉਸ ਦੀ ਪੁਸਤਕ ‘ਅਲਬਰੂਨੀਜ਼ ਇੰਡੀਆ’ ਵਿੱਚ ਚੱਕਰਸਵਾਮਿਨ ਦੀ ਕਾਂਸੀ ਦੀ ਮੂਰਤੀ ਦਾ ਜ਼ਿਕਰ ਮਿਲਦਾ ਹੈ। ਅਲਬਰੂਨੀ ਦੇ ਵੇਰਵੇ ਅਨੁਸਾਰ ਇਹ ਮੂਰਤੀ ਲਗਭਗ ਮਨੁੱਖੀ ਕੱਦ ਦੇ ਬਰਾਬਰ ਸੀ ਅਤੇ ਇਸ ਨੂੰ ਗਜ਼ਨੀ ਦੇ ਘੋੜਦੌੜ ਮੈਦਾਨ ਵਿੱਚ ਰੱਖਿਆ ਗਿਆ ਸੀ।
ਇਤਿਹਾਸਕ ਦਸਤਾਵੇਜ਼ਾਂ ਵਿੱਚ ਇਹ ਵੀ ਜ਼ਿਕਰ ਮਿਲਦਾ ਹੈ ਕਿ ਉਸ ਸਮੇਂ ਥਾਨੇਸਰ ਦਾ ਚੱਕਰ ਸਵਾਮੀ ਮੰਦਰ ਕੁਰੂਕਸ਼ੇਤਰ ਦੇ ਸਭ ਤੋਂ ਪ੍ਰਸਿੱਧ ਧਾਰਮਿਕ ਸਥਾਨਾਂ ਵਿੱਚੋਂ ਇੱਕ ਸੀ। ਭਗਵਾਨ ਚੱਕਰ ਸਵਾਮੀ ਦੀ ਮੂਰਤੀ ਸਿਰਫ਼ ਇੱਕ ਪ੍ਰਾਚੀਨ ਕਲਾਕ੍ਰਿਤੀ ਨਹੀਂ, ਸਗੋਂ ਕੁਰੂਕਸ਼ੇਤਰ ਦੀ ਸਭਿਅਤਾਗਤ, ਅਧਿਆਤਮਿਕ ਅਤੇ ਇਤਿਹਾਸਕ ਪਛਾਣ ਦਾ ਮਹੱਤਵਪੂਰਨ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ਮਹਾਭਾਰਤ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਵੱਲੋਂ ਦਿੱਤੇ ਗਏ ਸ੍ਰੀਮਦ ਭਗਵਦ ਗੀਤਾ ਦੇ ਦਿਵਯ ਸੰਦੇਸ਼ ਨਾਲ ਜੁੜੀ ਹੋਈ ਹੈ। ਅਜਿਹੇ ਵਿੱਚ ਇਸ ਇਤਿਹਾਸਕ ਧਰੋਹਰ ਦੀ ਵਾਪਸੀ ਭਾਰਤ ਦੀ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗੀ।
ਧੂਮਨ ਸਿੰਘ ਕਿਰਮਚ ਨੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਕਿ ਅਫ਼ਗਾਨਿਸਤਾਨ ਸਰਕਾਰ ਨਾਲ ਕੂਟਨੀਤਕ ਗੱਲਬਾਤ ਸ਼ੁਰੂ ਕਰਕੇ ਮੂਰਤੀ ਦੀ ਮੌਜੂਦਾ ਸਥਿਤੀ ਅਤੇ ਸਥਾਨ ਦਾ ਪਤਾ ਲਗਾਇਆ ਜਾਵੇ। ਇਸ ਦੇ ਨਾਲ ਹੀ ਉੱਥੇ ਦੇ ਇਤਿਹਾਸਕ ਅਜਾਇਬ ਘਰਾਂ, ਪੁਰਾਤੱਤਵ ਸਥਾਨਾਂ ਅਤੇ ਹੋਰ ਸੰਭਾਵਿਤ ਥਾਵਾਂ ਤੱਕ ਜਾਣਕਾਰੀ ਅਤੇ ਪਹੁੰਚ ਯਕੀਨੀ ਬਣਾਈ ਜਾਵੇ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ), ਇਤਿਹਾਸਕਾਰਾਂ ਅਤੇ ਅੰਤਰਰਾਸ਼ਟਰੀ ਵਿਰਾਸਤ ਮਾਹਿਰਾਂ ਦੀ ਮਦਦ ਨਾਲ ਮੂਰਤੀ ਦੀ ਪ੍ਰਮਾਣਿਕ ਪਛਾਣ ਕੀਤੀ ਜਾਵੇ। ਜੇਕਰ ਕਿਸੇ ਕਾਰਨ ਮੂਰਤੀ ਨੂੰ ਤੁਰੰਤ ਭਾਰਤ ਵਾਪਸ ਲਿਆਉਣਾ ਸੰਭਵ ਨਾ ਹੋਵੇ ਤਾਂ ਅਫ਼ਗਾਨਿਸਤਾਨ ਵਿੱਚ ਉਸ ਦੀ ਸੁਰੱਖਿਆ, ਸਹੀ ਦਸਤਾਵੇਜ਼ੀਕਰਨ ਅਤੇ ਥਾਨੇਸਰ, ਹਰਿਆਣਾ ਨਾਲ ਉਸ ਦੇ ਇਤਿਹਾਸਕ ਸਬੰਧਾਂ ਨੂੰ ਜਨਤਕ ਤੌਰ ’ਤੇ ਮਾਨਤਾ ਦਿਵਾਉਣ ਲਈ ਜ਼ਰੂਰੀ ਯਤਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਭਗਵਾਨ ਚੱਕਰ ਸਵਾਮੀ ਦੀ ਮੂਰਤੀ ਨੂੰ ਭਾਰਤ ਵਾਪਸ ਲਿਆਉਣਾ ਦੇਸ਼ ਦੀ ਸੱਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਦੀ ਸੰਭਾਲ ਦੇ ਨਾਲ-ਨਾਲ ਕੁਰੂਕਸ਼ੇਤਰ ਦੀ ਪ੍ਰਾਚੀਨ ਸਭਿਅਤਾ ਅਤੇ ਧਾਰਮਿਕ ਪਛਾਣ ਨੂੰ ਮੁੜ ਸਥਾਪਿਤ ਕਰਨ ਵੱਲ ਬੇਹੱਦ ਮਹੱਤਵਪੂਰਨ ਕਦਮ ਹੋਵੇਗਾ।
