ਜਿਬੂਤੀ, 12 ਅਕਤੂਬਰ, 2026 (ਛਤਰਪਾਲ ਸਿੰਘ ) : ਜਿਬੂਤੀ ਦੇ ਪੂਰਬੀ ਤੱਟ ਨੇੜੇ ਅਦਨ ਦੀ ਖਾੜੀ ਵਿੱਚ ਪ੍ਰਵਾਸੀਆਂ ਨਾਲ ਭਰੀ ਇੱਕ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 139 ਲੋਕਾਂ ਦੀ ਮੌਤ ਹੋ ਗਈ, ਜਦਕਿ 84 ਹੋਰ ਲਾਪਤਾ ਹਨ। ਮਰਨ ਵਾਲਿਆਂ ਵਿੱਚ 15 ਬੱਚੇ ਵੀ ਸ਼ਾਮਲ ਹਨ। ਸੰਯੁਕਤ ਰਾਸ਼ਟਰ ਦੀ ਅੰਤਰਰਾਸ਼ਟਰੀ ਪ੍ਰਵਾਸ ਸੰਗਠਨ (IOM) ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸੰਗਠਨ ਮੁਤਾਬਕ, ਕਿਸ਼ਤੀ ਵਿੱਚ 305 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਇਥੋਪੀਆ ਦੇ ਨਾਗਰਿਕ ਸਨ। ਇਹ ਹਾਦਸਾ 8 ਅਤੇ 9 ਅਕਤੂਬਰ ਦੀ ਦਰਮਿਆਨੀ ਰਾਤ ਜਿਬੂਤੀ ਦੇ ਪੂਰਬੀ ਤੱਟ ’ਤੇ ਗੁਹੇਰੇ ਨੇੜੇ ਵਾਪਰਿਆ। ਕਿਸ਼ਤੀ ਵਿੱਚ ਸਵਾਰ ਲੋਕ ਯਮਨ ਵੱਲ ਜਾ ਰਹੇ ਸਨ। ਘੱਟੋ-ਘੱਟ 82 ਲੋਕਾਂ ਦੀ ਜਾਨ ਬਚ ਗਈ, ਜੋ ਸਾਰੇ ਇਥੋਪੀਆ ਦੇ ਨਾਗਰਿਕ ਦੱਸੇ ਗਏ ਹਨ।
ਕਿਸ਼ਤੀ ਵਿੱਚ ਸਵਾਰ ਹੁੰਦਿਆਂ ਹੀ ਪਿੱਛੇ ਵੱਲ ਡੁੱਬਣ ਲੱਗੀ
ਜਿਬੂਤੀ ਵਿੱਚ IOM ਦੇ ਮਿਸ਼ਨ ਮੁਖੀ ਅਲੈਗਜ਼ੈਂਡਰ ਕੋਇਸੈਕ ਨੇ ਦੱਸਿਆ ਕਿ ਬਚੇ ਹੋਏ ਲੋਕਾਂ ਅਨੁਸਾਰ, ਕਿਸ਼ਤੀ ਵਿੱਚ ਸਵਾਰ ਹੁੰਦਿਆਂ ਹੀ ਉਹ ਪਿੱਛੇ ਵੱਲ ਡੁੱਬਣ ਲੱਗ ਪਈ ਸੀ। ਉਨ੍ਹਾਂ ਨੇ ਇਸ ਘਟਨਾ ਨੂੰ ਜਾਨੀ ਨੁਕਸਾਨ ਦੀ ਇੱਕ ਬੇਹੱਦ ਦੁਖਦਾਈ ਘਟਨਾ ਕਰਾਰ ਦਿੱਤਾ। ਇਸ ਹਾਦਸੇ ਨੇ ਅਫ਼ਰੀਕਾ ਦੇ ਹੌਰਨ ਖੇਤਰ ਤੋਂ ਯਮਨ ਵੱਲ ਜਾਣ ਵਾਲੇ ਖ਼ਤਰਨਾਕ ਸਮੁੰਦਰੀ ਪ੍ਰਵਾਸੀ ਰਸਤੇ ’ਤੇ ਯਾਤਰਾ ਕਰਨ ਵਾਲਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਮੁੜ ਉਭਾਰ ਦਿੱਤੀਆਂ ਹਨ। ਲਾਪਤਾ ਲੋਕਾਂ ਦੀ ਭਾਲ ਅਤੇ ਹਾਦਸੇ ਨਾਲ ਜੁੜੇ ਹੋਰ ਵੇਰਵਿਆਂ ਬਾਰੇ ਜਾਣਕਾਰੀ ਦੀ ਉਡੀਕ ਹੈ।







